ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/545

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਥੀ ਨੂੰ ਵਿਦਾ——ਹੋਣ ਦਾ ਸਲਾਮ ਕਰ ਦਿੱਤਾ ।

"ਪਰ ਕੀ ਆਪ ਅੰਦਰ ਨਹੀਂ ਚੱਲੋਗੇ ਤੇ ਮੇਰੀ ਵਹੁਟੀ ਨੂੰ ਮਿਲਕੇ ਨਹੀਂ ਜਾਓਗੇ ?"

"ਮਿਹਰਬਾਨੀ ਕਰਕੇ ਮੈਨੂੰ ਮਾਫ ਕਰਨਾ, ਮੇਰੇ ਪਾਸ ਇਸ ਵੇਲੇ ਸਮਾਂ ਨਹੀਂ।"

"ਆਹ ਮੈਂ ! ਓਹ ਮੈਨੂੰ ਤਾਂ ਕਦੀ ਮਾਫ਼ ਨਹੀਂ ਕਰੇਗੀ——"ਮੈਸਲੈਨੀਕੋਵ ਨੇ ਕਹਿਆ ਤੇ ਆਪਣੇ ਪੁਰਾਣੇ ਸਾਥੀ ਨਾਲ ਬਾਹਰ ਦੀਆਂ ਪੌੜੀਆਂ ਦੇ ਪਹਿਲੇ ਉਤਾਰ ਤਕ ਆਇਆ, ਇੰਨੀ ਆਦਰ ਜਿੰਨੀ ਕਿ ਉਹ ਸਭ ਥੀਂ ਵੱਡੇ ਅਫਸਰਾਂ ਨੂੰ ਛੱਡ ਓਸ ਥੀਂ ਪਰਲੇ ਦਰਜੇ ਦੇ ਅਫਸਰਾਂ ਦੀ ਕਰਦਾ ਹੁੰਦਾ ਸੀ, ਜਿਨਾਂ ਦੇ ਰੁਤਬੇ ਨਾਲ ਅੱਜ ਓਸ ਨਿਖਲੀਊਧਵ ਨੂੰ ਵੀ ਮਿਲਾਇਆ ਸੀ, "ਹੁਣੇ ਝੱਟ ਦੇ ਝਟ ਲਈ ਅੰਦਰ ਹੋ ਆਓ" ।

ਨਿਖਲੀਊਧਵ ਨਾ ਮੰਨਿਆ। · ਹਜੂਰੀਏ ਤੇ ਦਰਵਾਨ ਅੱਗੇ ਪਿੱਛੇ ਓਹਨੂੰ ਟੋਪੀ ਤੇ ਸੋਟੀ ਫੜਾਣ ਨੂੰ ਦੌੜੇ, ਤੇ ਓਨਾਂ ਨੇ ਓਸ ਲਈ ਬੂਹਾ ਵੀ ਖੋਲਿਆ ਜੀਹਦੇ ਬਾਹਰ ਇਕ ਪੁਲਸੀਆ ਪਹਰੇ ਉਪਰ ਸੀ । ਨਿਖਲੀਊਧਵ ਨੇ ਮੁੜ ਕਹਿਆ, "ਸਚੀਂ ਮੈਂ ਠਹਰ ਨਹੀਂ ਸਕਦਾ ।

"ਚੰਗਾ ! ਫਿਰ ਵੀਰਵਾਰ ਮਿਹਰਬਾਨੀ ਕਰਨਾ, ਓਸ ਦਿਨ ਮੇਰੀ ਸਵਾਣੀ ਦਾ ਐਟ ਹੋਮ ਹੈ । ਮੈਂ ਉਹਨਾਂ ਨੂੰ ਕਹਾਂਗਾ ਕਿ ਆਪ ਆ ਰਹੇ ਹੋ," ਮੈਸਲੈਨੀਕੋਵ ਨੇ ਪੌੜੀਆਂ ਉੱਪਰ ਵਾਪਸ ਚੜਦੇ ਜਾਂਦੇ ਕਹਿਆ।

੫੧੧