ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/560

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧੇਰਾ ਚਿਰ ਤਕ ਉਹਦਾ ਅੱਤਿਆਚਾਰ ਬਰਦਾਸ਼ਤ ਨਹੀਂ ਸਾਂ ਕਰ ਸਕਦਾ ਪਰ ਇਹ ਅੱਗ ਲਾਣ ਦਾ ਅਪਰਾਧ ਮੈਂ ਕਦੀ ਨਹੀਂ ਕੀਤਾ। ਉਸ ਆਪ ਅੱਗ ਲਾ ਕੇ ਨਾਂ ਸਾਡੇ ਲਾ ਦਿੱਤੀ ਹੈ । ਜਦ ਠੀਕ ਅੱਗ ਲੱਗੀ ਸੀ ਮੈਂ ਉਥੇ ਸਾਂ ਹੀ ਨਹੀਂ, ਪਰ ਉਸ ਜਾਣ ਬੁੱਝ ਕੇ ਉਹ ਵਕਤ ਚੁਣਿਆ ਜਦ ਕਿ ਮੈਂ ਤੇ ਮੇਰੀ ਮਾਂ ਉਥੋਂ ਹੀ ਸਾਂ ।"

"ਹਾਏ ! ਕੀ ਇਹ ਕੁਛ ਸਚ ਹੋ ਸਕਦਾ ਹੈ ?"

"ਰੱਬ ਮੇਰਾ ਗਵਾਹ ਹੈ———ਇਹ ਨਿਰੋਲ ਸਚ ਹੈ । ਏ ਜੁਨਾਬ ! ਜ਼ਰਾ ਮਿਹਰਬਾਨੀ ਕਰੋ........" ਤੇ ਨਿਖਲੀਊਧਵ ਨੇ ਬੜੀ ਮੁਸ਼ਕਲ ਨਾਲ ਉਹਨੂੰ ਉਸ ਅੱਗੇ ਜ਼ਮੀਨ ਉੱਪਰ ਮੱਥਾ ਟੇਕਣ ਥੀਂ ਰੋਕਿਆ, "ਜ਼ਰਾ ਰਹਿਮ ਕਰੋ । ਆਪ ਦੇਖੋ ਬਿਨਾ ਕਿਸੀ ਵਜਾ ਦੇ ਇਸ ਕੋਠੜੀ ਵਿਚ ਮੁਕ ਰਹਿਆ ਹਾਂ, ਮਰ ਰਹਿਆ ਹਾਂ, ਤੇ ਅਚਨਚੇਤ ਉਹਦਾ ਮੂੰਹ ਕੰਬਿਆ । ਉਹ ਆਪਣੇ ਕੋਟ ਦੀਆਂ ਬਾਹਾਂ ਉੱਪਰ ਕਰ ਕੇ, ਜ਼ਾਰੋਜ਼ਾਰ ਰੋਣ ਲਗ ਪਇਆ ਤੇ ਆਪਣੀ ਮੈਲੀ ਕਮੀਜ਼ ਦੀ ਬਾਹਾਂ ਨਾਲ ਆਪਣੇ ਅੱਥਰੂ ਪੂੰਝਣ ਲਗ ਪਇਆ ।

"ਕੀ ਆਪ ਤਿਆਰ ਹੋ ?" ਅਸਟੰਟ ਨੇ ਆਕੇ ਪੁੱਛਿਆ ।

"ਹਾਂ.............ਅੱਛਾ ਭਾਈ, ਤਕੜਾ ਹੋ ਅਸੀ ਜੋ ਹੋ ਸੱਕਿਆ ਕਰਾਂਗੇ," ਨਿਖਲੀਊਧਵ ਇਹ ਕਹਿ ਕੇ ਬਾਹਰ ਚਲਾ ਗਇਆ ।

ਮੈਨਸ਼ੋਵ ਦਰਵਾਜ਼ੇ ਨਾਲ ਢਕ ਕੇ ਖੜਾ ਹੋ ਗਇਆ ।

੫੨੬