ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/568

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਨੇ ਪਰਸੋਂ ਜੋ ਕੁਝ ਵੇਖਿਆ ਸੀ ਜਦ ਕਿ ਹਾਲ ਵਿਚ ਬੈਠਾ ਇਨਸਪੈਕਟਰ ਨੂੰ ਉਡੀਕ ਰਹਿਆ ਸੀ, ਹੁਣ ਚੇਤੇ ਕੀਤਾ ਤੇ ਹੁਣ ਸਮਝ ਆਇਆ, ਕਿ ਓਹ ਸਜ਼ਾ ਦਿੱਤੀ ਜਾ ਰਹੀ ਸੀ; ਮੁੜ ਓਹ ਦੇ ਅੰਦਰ ਹੀ ਅੰਦਰ ਇੱਕ ਅਜੀਬ ਤਰਾਂ ਦੇ ਮਿਲਵੇਂ ਅਸਰ ਪਏ———ਇਕ ਤਾਂ ਇਹ ਪੁਛ ਕਿ ਇਹ ਕੀ ਹੋ ਰਹਿਆ ਹੈ, ਦਿਲ ਦਾ ਦਬਕੇ ਬਹਿ ਜਾਣਾ, ਸਿਰ-ਚਕਰਾਈ ਕਿ ਇਹ ਸਭ ਕਿਉਂ ਹੈ, ਇਖਲਾਕੀ ਘਬਰਾਹਟ ਤੇ ਦਿਲ ਕੱਚਾ ਜੇਹਾ ਹੋਣਾ——ਆਦਿ——ਇਹ ਦਰਹਕੀਕਤ ਅੰਦਰਲੇ ਮਿਲਵੇਂ ਇਹਸਾਸ ਸ਼ਰੀਰਕ ਦੁਖ ਹੋ ਗਏ, ਤੇ ਇਨ੍ਹਾਂ ਉਹਦਾ ਭੈੜਾ ਹਾਲ ਬਣਾ ਦਿਤਾ ਤੇ ਇਖਲਾਕੀ ਤਰਾਂ ਆਈ ਕਰੈਹਤ ਨੇ ਉਸ ਉੱਪਰ ਕਾਬੂ ਪਾ ਲਇਆ ।


ਇਨਸਪੈਕਟਰ ਦੇ ਅਸਟੰਟ ਦੀ ਗੱਲ ਸੁਣੇ ਬਿਨਾਂ ਯਾ ਆਲੇ ਦੁਆਲੇ ਦੇਖੇ ਦੇ, ਓਹ ਛੇਤੀ ਦੇ ਕੌਰੀਡੋਰ ਵਿਚੋਂ ਲੰਘ ਗਇਆ ਤੇ ਦਫਤਰ ਵਿਚ ਪਹੁੰਚਿਆ । ਇਨਸਪੈਕਟਰ ਦਫਤਰ ਵਿੱਚ ਸੀ, ਤੇ ਓਹ ਹੋਰ ਕੰਮੀਂ ਲੱਗ, ਦੁਖੋਵਾ ਨੂੰ ਬੁਲਾਣਾ ਵਿਸਰ ਗਇਆ ਸੀ। ਜਦ ਨਿਖਲੀਊਧਵ ਨੂੰ ਵੇਖਿਆ ਤਦ ਉਹਨੂੰ ਆਪਣੇ ਇਕਰਾਰ ਦਾ ਚੇਤਾ ਆਇਆ ।

"ਬਹਿ ਜਾਓ ਜੀ ! ਮੈਂ ਹੁਣੇ ਓਹਨੂੰ ਬੁਲਾਵਨਾਂ ਹਾਂ ।"

੫੩੪