ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/578

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਉਹਦੇ ਫੜੇ ਜਾਣ ਵਿੱਚ ਇਕ ਕਾਰਨ ਸਮਝਦੀ ਸੀ ਤੇ ਨਿਖਲੀਊਧਵ ਦੀ ਓਹ ਮਿੰਨਤ ਕਰਦੀ ਸੀ, ਕਿਉਂਕਿ ਉਹਦੇ ਤਅੱਲਕ ਵੱਡੇ ਲੋਕਾਂ ਨਾਲ ਸਨ, ਕਿ ਓਹ ਓਹਦੇ ਦੋਸਤ ਦੀ ਮਦਦ ਕਰਕੇ ਓਹਨੂੰ ਰਿਹਾ ਕਰਾ ਦੇਵੇ ।

ਇਸ ਥੀਂ ਛੁੱਟ ਦੁਖੋਵਾ ਨੇ ਓਹਨੂੰ ਕਿਹਾ ਕਿ ਓਹ ਕੋਸ਼ਸ਼ ਕਰਕੇ ਓਹਦੇ ਇਕ ਹੋਰ ਦੋਸਤ ਗੂਰਕੇਵਿਚ (ਜਿਹੜਾ ਓਸੇ ਪੈਤਰੋਪਾਵਲੋਵਸਕੀ ਦੇ ਕਿਲੇ ਵਿੱਚ ਕੈਦ ਸੀ) ਨੂੰ ਇਜਾਜ਼ਤ ਦਿਵਾ ਦੇਵੇ ਕਿ ਓਹ ਆਪਣੀ ਮਾਂ ਨੂੰ ਮਿਲ ਸਕਿਆ ਕਰੇ, ਤੇ ਕੁਛ ਸਾਇੰਸ ਦੀਆਂ ਕਿਤਾਬਾਂ ਓਹਨੂੰ ਮਿਲ ਸਕਿਆ ਕਰਨ ਜਿਹਦੀ ਓਹਨੂੰ ਆਪਣੀ ਪੜ੍ਹਾਈ ਕਰਨ ਲਈ ਲੋੜ ਸੀ।

ਨਿਖਲੀਊਧਵ ਨੇ ਇਕਰਾਰ ਕੀਤਾ ਕਿ ਓਹ ਜੋ ਕੁਛ ਉਸ ਪਾਸੋਂ ਹੋ ਸਕਿਆ ਕਰੇਗਾ, ਜਦ ਉਹ ਸੈਂਟ ਪੀਟਰਜ਼ਬਰਗ ਜਾਵੇਗਾ ਤਾਂ———ਉਹਦੀ ਆਪਣੀ ਕਹਾਣੀ ਉਸ ਤੀਵੀਂ ਨੇ ਇਓਂ ਦੱਸੀ :———

ਦਾਈਆਂ ਦੀ ਪੜ੍ਹਾਈ ਦਾ ਕੋਰਸ ਖਤਮ ਕਰਕੇ ਓਹ ਨਾਰੋਦੋਵੋਲਸਕਵੋ ਦੀ ਸੁਸੈਟੀ ਦੇ ਪੈਰੋਕਾਰਾਂ ਦੇ ਇਕ ਟੋਲੇ ਨਾਲ ਮਿਲ ਗਈ ਸੀ। ਪਹਿਲਾਂ ਤਾਂ ਸਭ ਕੰਮ ਕੂਲਾ ਕੂਲਾ ਰਵਾਂ ਰਹਿਆ । ਓਹ ਬਸ ਐਲਾਨ ਕੱਢਦੇ ਹੁੰਦੇ ਸਨ ਤੇ ਕਾਰਖਾਨਿਆਂ ਵਿੱਚ ਪ੍ਰੋਪੈਗੈਂਡਾ ਕਰਨ ਦੇ ਕੰਮ ਵਿੱਚ ਜੁੱਟੇ ਰਹਿੰਦੇ

੫੪੪