ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਇਆਂ । ਤੇ ਇਹ ਨਿਹਚਾ ਕਿ ਇਸ ਅੜਬੈਂਗ ਕਾਰਨ ਕਰਕੇ ਓਹ ਵਿਆਹ ਕਰਨ ਦੇ ਸਵਾਲ ਦਾ ਛੇਤੀ ਫੈਸਲਾ ਨਹੀਂ ਸੀ ਕਰ ਸੱਕਦਾ, ਉਹ ਕੁਛ ਸੁਖੀ ਹੀ ਕਰਦਾ ਸੀ ।

"ਚਲੋ ਜੀ ! ਇਹ ਗੱਲਾਂ ਫਿਰ ਸੋਚਾਂਗੇ", ਉਸ ਆਪਣੇ ਆਪ ਨੂੰ ਕਹਿਆ ਤੇ ਇੰਨੇ ਵਿੱਚ ਬੱਘੀ ਕਚਹਿਰੀ ਦੇ ਬੂਹੇ ਅੱਗੇ ਜਾ ਪਹੁੰਚੀ, ਤੇ ਵਾਰ ਕੀਤੇ ਨਰਮ ਫਰਸ਼ ਉੱਤੇ ਤਿਲਕਦੀ ਬਿਨਾਂ ਪਹੀਆਂ ਦੇ ਕਰੀਚਣ ਦੀ ਆਵਾਜ਼ ਕੀਤੇ ਦੇ ਜਾ ਖੜੀ ਹੋਈ ।

"ਹੁਣ ਚਲੋ ਆਪਣੀ ਅੰਦਰਲੀ ਜ਼ਮੀਰ ਦੀ ਆਵਾਜ ਅਨੁਸਾਰ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣਾ ਸ਼ਹਿਰੀ ਫਰਜ਼ ਤਾਂ ਪੂਰਾ ਕਰਾਂ, ਜਿਹੜਾ ਮੈਂ ਸਦਾ ਸ਼ੌਕ ਨਾਲ ਪੂਰਾ ਕਰਦਾ ਹੁੰਦਾ ਹਾਂ । ਤੇ ਠੀਕ ਧਰਮ ਸਮਝ ਕੇ ਜੋ ਠੀਕ ਕੀਤਾ ਜਾਂਦਾ ਹੈ ਉਹ ਠੀਕ ਹੁੰਦਾ ਹੈ । ਤੇ ਨਾਲੇ ਇਹੋ ਜਿਹੇ ਮੁਕੱਦਮੇਂ ਸਦਾ ਦਿਲਚਸਪ ਹੁੰਦੇ ਹਨ", ਇਉਂ ਸੋਚਦਾ ਦਰਵਾਜ਼ੇ ਵਿਚ ਖੜੇ ਅਰਦਲੀ ਦੇ ਮੋਢੇ ਨਾਲ ਖਹਿੰਦਾ ਅਦਾਲਤ ਦੇ ਅੰਦਰ ਚਲਾ ਗਇਆ ।੫੦