ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖੀ ਹੋਈ ਸੀ । ਓਹ ਆਪਣੇ ਪ੍ਰਾਈਵੇਟ ਕਮਰੇ ਵਿੱਚ ਅੰਦਰ ਗਇਆ ਤੇ ਓਥੇ ਜਾਕੇ ਅਲਮਾਰੀ ਵਿੱਚੋਂ ਆਪਣੇ ਡੰਬਲ ਕੱਢ ਕੇ ਲੱਗਾ ਵਰਜ਼ਸ਼ ਕਰਨ । ਵੀਹ ਵੇਰੀ ਉਤਾਂਹ ਹੇਠਾਹਾਂ ਆਪਣੀਆਂ ਬਾਹਾਂ ਕੀਤੀਆਂ । ਫਿਰ ਡੰਬਲਾਂ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਜੁੜਵੀਂ ਤਰ੍ਹਾਂ ਸਿਰ ਦੇ ਉੱਪਰ ਦੀ ਕਰਕੇ ਆਪਣੇ ਗੋਡੇ ਤਿੰਨ ਵੇਰੀ ਰਤਾ ਕੁ ਝੁਕਾਏ । ਆਖਣ ਲੱਗਾ :———

"ਬਸ ਵਰਜ਼ਸ਼ ਤੇ ਠੰਡੇ ਪਾਣੀ ਦਾ ਅਸ਼ਨਾਨ ਇਨ੍ਹਾਂ ਦੋਹਾਂ ਜੇਹੀ ਹੋਰ ਕੋਈ ਗੱਲ ਨਹੀਂ", ਤੇ ਇਹ ਕਹਿ ਕੇ ਆਪਣੇ ਸੱਜੇ ਡੋਹਲੇ ਨੂੰ ਖੱਬੇ ਹੱਥ ਨਾਲ ਜੋਖਣ ਲਗ ਗਇਆ ਤੇ ਓਸੇ ਖੱਬੇ ਹੱਥ ਦੀ ਤੀਸਰੀ ਉਂਗਲ ਵਿੱਚ ਓਸ ਸੋਨੇ ਦੀ ਛਾਪ ਪਾਈ ਹੋਈ ਸੀ । ਹਾਲੇਂ ਓਸ ਕੋਈ ਵਰਜ਼ਸ਼ ਕਰਨੀ ਸੀ (ਓਹ ਹਮੇਸ਼ਾਂ ਲੰਮੀ ਬੈਠਕ ਤੋਂ ਪਹਿਲਾਂ ਵਰਜ਼ਸ਼ ਕਰ ਲੈਂਦਾ ਹੁੰਦਾ ਸੀ) ਕਿ ਦਰਵਾਜ਼ੇ ਉੱਪਰ ਕਿਸੀ ਹੱਥ ਦਿੱਤਾ, ਪ੍ਰਧਾਨ ਨੇ ਛੇਤੀ ਨਾਲ ਡੰਬਲਾਂ ਨੂੰ ਪਰੇ ਰੱਖਿਆ ਤੇ ਬੂਹਾ ਖੋਹਲਿਆਂ । ਕਹਿਣ ਲੱਗਾ "ਮੈਨੂੰ ਅਫਸੋਸ ਹੈ ਕਿ ਮੈਂ ਤੁਸਾਂ ਨੂੰ ਇੰਨੀ ਉਡੀਕ ਕਰਾਈ ।" ਇੱਥੇ ਅਦਾਲਤ ਦੇ ਮੈਂਬਰਾਂ ਵਿੱਚੋਂ ਇਕ ਉੱਚੇ ਮੋਢਿਆਂ ਵਾਲਾ, ਬੇਚੈਨ ਜੇਹਾ ਸੜਿਆ ਹੋਇਆ ਆਦਮੀ ਸੋਨੇ ਦੀਆਂ ਫਰੇਮ ਵਾਲੀਆਂ ਐਨਕਾਂ ਪਾਈ ਅੰਦਰ ਆਇਆ :———

"ਮੈਥੀਉ ਨੀਕੀਟਿਚ ਮੁੜ ਹਾਲੇ ਤਕ ਨਹੀਂ ਬਹੁੜਿਆ", ਓਸ ਇਕ ਸੜੇ ਸਫਰਾਵੀ ਜੇਹੇ ਲਹਜੇ ਵਿੱਚ ਕਹਿਆ ।

"ਹੈਂ ! ਹਾਲੇ ਤੱਕ ਨਹੀਂ ਆਇਆ," ਤਾਂ ਪ੍ਰਧਾਨ ਬੋਲਿਆ ਤੇ ਨਾਲੇ ਆਪਣੀ ਵਰਦੀ ਪਾਈ ਗਇਆ———"ਓਹ ਹਮੇਸ਼ਾਂ ਦੇਰੀ੫੯