ਜੰਗਲ ਦੇ ਵਿੱਚ ਮੰਗਲ
ਜੰਗਲ ਦੇ ਵਿੱਚ ਮੀਟਿੰਗ ਹੋਈ, ਸ਼ੇਰ ਲਏ ਸਭ ਜਾਨਵਰ ਸੱਦ।
ਵਿਹਲੇ ਰਹਿ ਕੇ ਭੁੱਖੇ ਮਰਗੇ, ਕੰਮ ਕਰਕੇ ਹੁਣ ਖਾਈਏ ਰੱਜ।
ਲੈ ਬਈ ਅੱਜ ਤੋਂ ਸਾਰੇ ਮਿੱਤਰੋ, ਆਪੋ ਆਪਣੇ ਤੋਰ ਲੋ ਕੰਮ।
ਨਾਮ ਲਿਖਾ ਦਿਉ ਮੇਰੇ ਕੋਲੇ, ਗੌਰ ਰੱਖੂੰ ਥੋਡੀ ਹਰਦਮ।
ਨਿਓਲ ਕਹੇ ਮੈਂ ਨਾਈ ਬਣੂੰਗਾ, ਚੂਹਾ ਆਖੇ ਚਿੱਤਰਕਾਰ।
ਮੋਚੀ ਮਿਰਗ, ਜਿਰਾਫ ਜੁਲਾਹਾ, ਘੋੜਾ ਬਣ ਬੈਠਾ ਘੁਮਿਆਰ।
ਹਿਰਨ ਕਹੇ ਹਲਵਾਈ ਬਣਨਾ, ਕੁੱਤਾ ਆਖੇ ਮੈਂ ਕਿਰਸਾਣ।
ਲੰਬੜ ਲੋਹਾ-ਕੁੱਟ ਬਣ ਗਿਆ, ਤੇਂਦੂਆ ਬਣ ਗਿਆ ਸੀ ਤਰਖਾਣ।
ਜ਼ੈਬਰਾ ਜੌਹਰੀ, ਕੁਲੀ ਕੰਗਾਰੂ, ਸੂਰ ਬਣ ਗਿਆ ਸ਼ਾਹੂਕਾਰ।
ਲੱਕੜ-ਬੱਘਾ ਲੱਕੜਹਾਰਾ, ਚੀਤਾ ਬਣ ਗਿਆ ਚੌਂਕੀਦਾਰ।
ਲੰਗੂਰ ਲਲਾਰੀ, ਪੰਡਾ ਪੰਡਿਤ, ਖੱਚਰ ਨੇ ਜਾ ਲਾਈ ਖਰਾਦ।
ਮ੍ਹੈਸਾ ਮਾਲੀ, ਬੈਲ ਗਵਾਲਾ, ਗੈਂਡਾ ਸੀ ਬਣ ਬੈਠਾ ਸਾਧ।
ਰੇਂਡੀਅਰ ਸੀ ਰਾਜ ਮਿਸਤਰੀ, ਬਣਗੀ ਵੇਲ੍ਹ ਮਹਾਨ ਵਕੀਲ।
ਰੋਝ ਰਸੋਈਆ, ਭਾਲੂ ਦਰਜੀ, ਨੇਤਾ ਬਣਗੀ ਮੱਛੀ ਨੀਲ।
ਸੁੰਨਮਸਾਨ ਦਾ ਸ਼ਹਿਰ ਬਣਾ 'ਤਾ, ਕਣ ਕਣ ਕਿਰਪਾ ਕਰ ਕਰਤਾਰ।
ਜੰਗਲ ਦੇ ਵਿੱਚ ਮੰਗਲ ਲੱਗਿਆ, ਪੱਤਝੜ ਦੇ ਵਿੱਚ ਆਈ ਬਹਾਰ।