ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/105

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨਾਅਰਾ

ਉਸਨੂੰ ਇੰਜ ਮਹਿਸੂਸ ਹੋਇਆ ਕਿ ਉਸ ਪਥਰੀਲੀ ਇਮਾਰਤ ਦੀਆਂ ਸੱਤਾਂ ਮੰਜ਼ਿਲਾਂ ਉਸਦੇ ਮੋਢਿਆਂ ਉੱਤੇ ਧਰ ਦਿੱਤੀਆਂ ਗਈਆਂ ਹਨ।

ਉਹ ਸੱਤਵੀਂ ਮੰਜ਼ਿਲ ਤੋਂ ਇੱਕ ਇੱਕ ਕਦਮ ਕਰਕੇ ਪੌੜੀਆਂ ਹੇਠਾਂ ਉਤਰਿਆ ਅਤੇ ਤਮਾਮ ਮੰਜ਼ਿਲਾਂ ਦਾ ਬੋਝ ਉਸਦੇ ਚੌੜੇ ਪਰ ਦੁਬਲੇ ਮੋਢਿਆਂ ਉੱਤੇ ਸਵਾਰ ਹੁੰਦਾ ਗਿਆ। ਜਦੋਂ ਉਹ ਮਕਾਨ ਦੇ ਮਾਲਿਕ ਨੂੰ ਮਿਲਣ ਲਈ ਉੱਤੇ ਚੜ੍ਹ ਰਿਹਾ ਸੀ ਤਾਂ ਉਸਨੂੰ ਮਹਿਸੂਸ ਹੋਇਆ ਸੀ ਕਿ ਉਸਦਾ ਕੁਝ ਬੋਝ ਹਲਕਾ ਹੋ ਗਿਆ ਹੈ, ਹੋਰ ਕੁਝ ਹਲਕਾ ਹੋ ਜਾਵੇਗਾ। ਇਸ ਲਈ ਕਿ ਉਸਨੇ ਆਪਣੇ ਦਿਲ ਵਿੱਚ ਸੋਚਿਆ ਸੀ।

ਮਾਲਿਕ ਮਕਾਨ ਜਿਸ ਨੂੰ ਸਭ ਸੇਠ ਦੇ ਨਾਮ ਨਾਲ਼ ਬੁਲਾਉਂਦੇ ਹਨ, ਉਸਦੀ ਬਿਪਤਾ ਜ਼ਰੂਰ ਸੁਣੇਗਾ ਅਤੇ ਕਿਰਾਇਆ ਚੁਕਾਉਣ ਲਈ ਉਸਨੂੰ ਇੱਕ ਮਹੀਨੇ ਦੀ ਹੋਰ ਮੁਹਲਤ ਬਖ਼ਸ਼ ਦੇਵੇਗਾ... ਬਖ਼ਸ਼ ਦੇਵੇਗਾ! ਇਹ ਸੋਚਦੇ ਹੋਏ ਉਸਦੇ ਗ਼ਰੂਰ ਨੂੰ ਸਦਮਾ ਪਹੁੰਚਿਆ ਸੀ ਪਰ ਫ਼ੌਰਨ ਹੀ ਉਹਨੂੰ ਅਸਲੀਅਤ ਦਾ ਵੀ ਪਤਾ ਲੱਗ ਗਿਆ ਸੀ। ਉਹ ਭੀਖ ਮੰਗਣ ਹੀ ਤਾਂ ਜਾ ਰਿਹਾ ਸੀ ਅਤੇ ਭੀਖ ਹੱਥ ਫੈਲਾ ਕੇ, ਅੱਖਾਂ ਵਿੱਚ ਅੱਥਰੂ ਭਰ ਕੇ, ਆਪਣੇ ਦੁੱਖ ਦਰਦ ਸੁਣਾ ਕੇ ਅਤੇ ਆਪਣੇ ਜ਼ਖ਼ਮ ਵਿਖਾ ਕੇ ਹੀ ਮੰਗੀ ਜਾਂਦੀ ਹੈ!

ਉਸਨੇ ਇਹੀ ਕੁਝ ਕੀਤਾ। ਜਦੋਂ ਉਹ ਇਸ ਪਥਰੀਲੀ ਇਮਾਰਤ ਦੇ ਵੱਡੇ ਦਰਵਾਜ਼ੇ ਵਿੱਚ ਦਾਖ਼ਿਲ ਹੋਣ ਲੱਗਾ ਤਾਂ ਉਸਨੇ ਆਪਣੇ ਗ਼ਰੂਰ ਨੂੰ, ਉਸ ਚੀਜ਼ ਨੂੰ ਜੋ ਭੀਖ ਮੰਗਣ ਵਿੱਚ ਆਮ ਤੌਰ 'ਤੇ ਰੁਕਾਵਟ ਪੈਦਾ ਕਰਦੀ ਹੈ, ਕੱਢ ਕੇ ਫੁਟਪਾਥ ਉੱਤੇ ਸੁੱਟ ਦਿੱਤਾ ਸੀ।

ਉਹ ਆਪਣਾ ਦੀਵਾ ਬੁਝਾ ਕੇ ਅਤੇ ਆਪਣੇ ਆਪ ਨੂੰ ਹਨੇਰੇ ਵਿੱਚ ਲਪੇਟ ਕੇ ਮਾਲਿਕ ਮਕਾਨ ਦੇ ਉਸ ਰੌਸ਼ਨ ਕਮਰੇ ਵਿੱਚ ਦਾਖ਼ਿਲ ਹੋਇਆ ਜਿੱਥੇ ਉਹ ਆਪਣੀ ਦੋ ਬਿਲਡਿੰਗਾਂ ਦਾ ਕਿਰਾਇਆ ਵਸੂਲ ਕਰਦਾ ਸੀ ਅਤੇ ਹੱਥ ਜੋੜ ਕੇ ਇੱਕ ਪਾਸੇ ਖੜ੍ਹਾ ਹੋ ਗਿਆ। ਸੇਠ ਦੇ ਟਿੱਕਾ ਲੱਗੇ ਮੱਥੇ ਉੱਤੇ ਕਈ ਵੱਟ ਪੈ ਗਏ। ਉਸਦਾ ਵਾਲ਼ਾਂ ਭਰਿਆ ਹੱਥ ਇੱਕ ਮੋਟੀ ਜਿਹੀ ਕਾਪੀ ਵੱਲ ਵਧਿਆ। ਦੋ ਵੱਡੀਆਂ ਵੱਡੀਆਂ ਅੱਖਾਂ ਨੇ ਉਸ ਕਾਪੀ ਉੱਪਰ ਕੁਝ ਅੱਖਰ ਪੜ੍ਹੇ ਅਤੇ ਇੱਕ ਭੱਦੀ ਜਿਹੀ ਆਵਾਜ਼ ਗੂੰਜੀ।

“ਕੇਸ਼ਵ ਲਾਲ, ਖੋਲ਼ੀ ਪੰਜਵੀਂ, ਦੂਸਰਾ ਮਾਲਾ... ਦੋ ਮਹੀਨਿਆਂ ਦਾ ਕਿਰਾਇਆ, ਲੈ ਆਏ ਹੋ ਕੀ?”

ਇਹ ਸੁਣ ਕੇ ਉਸਨੇ ਆਪਣਾ ਦਿਲ, ਜਿਸਦੇ ਸਾਰੇ ਪੁਰਾਣੇ ਅਤੇ ਨਵੇਂ ਜ਼ਖ਼ਮ ਉਹ ਪੌੜੀਆਂ ਚੜ੍ਹਦੇ ਹੋਏ ਕੁਰੇਦ ਕੁਰੇਦ ਕੇ ਡੂੰਘੇ ਕਰ ਚੁੱਕਿਆ ਸੀ, ਸੇਠ ਨੂੰ ਦਿਖਾਉਣਾ ਚਾਹਿਆ। ਉਸਨੂੰ ਪੂਰਾ ਪੂਰਾ ਯਕੀਨ ਸੀ ਕਿ ਉਸਨੂੰ ਵੇਖ ਕੇ ਉਸਦੇ ਦਿਲ ਵਿੱਚ ਜ਼ਰੂਰ

105 / ਮੰਟੋ ਦੇ ਅਫ਼ਸਾਨੇ