ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਗ਼ੁੱਸੇ ਵਿੱਚ ਆ ਕੇ ਉਸਨੂੰ ਗਾਲ਼ ਦਿੱਤੀ... ਗਾਲ਼। ਇਵੇਂ ਸਮਝੀਏ ਕਿ ਕੰਨਾਂ ਦੇ ਰਸਤੇ ਪਿਘਲਿਆ ਹੋਇਆ ਸੀਸਾ ਸ਼ਾਂ ਸ਼ਾਂ ਕਰਦਾ ਉਸਦੇ ਦਿਲ ਵਿੱਚ ਉੱਤਰ ਗਿਆ ਅਤੇ ਉਸਦੇ ਸੀਨੇ ਦੇ ਅੰਦਰ ਜੋ ਹੁੱਲੜ ਮੱਚ ਗਿਆ ਉਸਦਾ ਤਾਂ ਕੁਝ ਠਿਕਾਣਾ ਹੀ ਨਹੀਂ ਸੀ। ਜਿਸ ਤਰ੍ਹਾਂ ਕਿਸੇ ਗਰਮ-ਗਰਮ ਜਲਸੇ ਵਿੱਚ ਕਿਸੇ ਸ਼ਰਾਰਤ ਨਾਲ਼ ਭਾਜੜ ਮੱਚ ਜਾਇਆ ਕਰਦੀ ਹੈ, ਠੀਕ ਉਸੇ ਤਰ੍ਹਾਂ ਉਸਦੇ ਦਿਲ ਵਿੱਚ ਹਲਚਲ ਪੈਦਾ ਹੋ ਗਈ।

ਉਸਨੇ ਬਹੁਤ ਯਤਨ ਕੀਤੇ ਕਿ ਉਸਦੇ ਉਹ ਦੁੱਖ ਦਰਦ ਜੋ ਉਸਨੇ ਸੇਠ ਨੂੰ ਵਿਖਾਉਣ ਲਈ ਇੱਕਠੇ ਕੀਤੇ ਸਨ, ਚੁੱਪਚਾਪ ਰਹਿਣ, ਪਰ ਕੁਝ ਨਾ ਹੋ ਸਕਿਆ। ਗਾਲ਼ ਦਾ ਸੇਠ ਦੇ ਮੂੰਹੋਂ ਨਿਕਲਣਾ ਸੀ ਕਿ ਤਮਾਮ ਦੁੱਖ ਬੇਚੈਨ ਹੋ ਗਏ ਅਤੇ ਅੰਧਾਧੁੰਦ ਇੱਕ ਦੂਜੇ ਨਾਲ਼ ਟਕਰਾਉਣ ਲੱਗੇ। ਹੁਣ ਤਾਂ ਉਹ ਇਹ ਨਵੀਂ ਤਕਲੀਫ਼ ਬਿਲਕੁਲ ਨਾ ਸਹਿ ਸਕਿਆ ਅਤੇ ਉਸ ਦੀਆਂ ਅੱਖਾਂ ਵਿੱਚ ਜੋ ਪਹਿਲਾਂ ਹੀ ਤੋਂ ਤਪ ਰਹੀਆਂ ਸਨ, ਅੱਥਰੂ ਆ ਗਏ ਜਿਸਦੇ ਨਾਲ਼ ਉਨ੍ਹਾਂ ਦੀ ਗਰਮੀ ਹੋਰ ਵੀ ਵਧ ਗਈ ਅਤੇ ਉਨ੍ਹਾਂ ਵਿੱਚੋਂ ਧੂੰਆਂ ਨਿਕਲਣ ਲੱਗਾ।

ਉਸਦੇ ਦਿਲ ਵਿੱਚ ਆਈ ਕਿ ਇਸ ਗਾਲ਼ ਨੂੰ ਜਿਸ ਨੂੰ ਉਹ ਬੜੀ ਹੱਦ ਤੱਕ ਨਿਗਲ ਚੁੱਕਿਆ ਸੀ, ਸੇਠ ਦੇ ਝੁੱਰੜੀਆਂ ਪਏ ਚਿਹਰੇ ਉੱਤੇ ਕੈਅ ਕਰ ਦੇਵੇ, ਪਰ ਉਹ ਇਸ ਖ਼ਿਆਲ ਤੋਂ ਬਾਜ਼ ਆ ਗਿਆ ਕਿ ਉਸਦਾ ਗ਼ਰੂਰ ਤਾਂ ਫੁੱਟਪਾਥ ਉੱਤੇ ਪਿਆ ਹੈ। ਅਪੋਲੋ-ਬੰਦਰ 'ਤੇ ਲੂਣ ਲੱਗੀ ਮੂੰਗਫਲੀ ਵੇਚਣ ਵਾਲ਼ੇ ਦਾ ਗ਼ਰੂਰ... ਉਸਦੀ ਅੱਖਾਂ ਹੱਸ ਰਹੀਆਂ ਸਨ ਅਤੇ ਉਨ੍ਹਾਂ ਦੇ ਸਾਹਮਣੇ ਲੂਣ ਲੱਗੀ ਮੂੰਗਫਲੀ ਦੇ ਉਹ ਤਮਾਮ ਦਾਣੇ ਜੋ ਉਸਦੇ ਘਰ ਵਿੱਚ ਇੱਕ ਬੈਲੇ ਦੇ ਅੰਦਰ ਬਾਰਸ਼ ਦੇ ਕਾਰਨ ਗਿੱਲੇ ਹੋ ਰਹੇ ਸਨ, ਨੱਚਣ ਲੱਗੇ।

ਉਸਦੀਆਂ ਅੱਖਾਂ ਹੱਸੀਆਂ, ਉਸਦਾ ਦਿਲ ਵੀ ਹੱਸਿਆ, ਇਹ ਸਭ ਕੁਝ ਹੋਇਆ ਪਰ ਉਹ ਕੁੜੱਤਣ ਦੂਰ ਨਾ ਹੋਈ ਜੋ ਉਸਦੇ ਗਲੇ ਵਿੱਚ ਸੇਠ ਦੀ ਗਾਲ਼ ਨੇ ਪੈਦਾ ਕਰ ਦਿੱਤੀ ਸੀ। ਇਹ ਕੁੜੱਤਣ ਜੇਕਰ ਸਿਰਫ਼ ਜ਼ਬਾਨ ਉੱਪਰ ਹੁੰਦੀ ਤਾਂ ਉਹ ਉਸਨੂੰ ਥੁੱਕ ਦਿੰਦਾ ਪਰ ਉਹ ਤਾਂ ਬਹੁਤ ਬੁਰੀ ਤਰ੍ਹਾਂ ਉਸਦੇ ਗਲੇ ਵਿੱਚ ਅਟਕ ਗਈ ਸੀ ਅਤੇ ਕੱਢਿਆਂ ਨਹੀਂ ਨਿਕਲਦੀ ਸੀ। ਅਤੇ ਫਿਰ ਇੱਕ ਅਜੀਬ ਕਿਸਮ ਦਾ ਦੁੱਖ ਜੋ ਉਸ ਗਾਲ਼ ਨੇ ਪੈਦਾ ਕਰ ਦਿੱਤਾ ਸੀ, ਉਸਦੀ ਬੇਚੈਨੀ ਨੂੰ ਹੋਰ ਵੀ ਵਧਾ ਰਿਹਾ ਸੀ। ਉਸਨੂੰ ਇਵੇਂ ਮਹਿਸੂਸ ਹੁੰਦਾ ਸੀ ਕਿ ਉਸਦੀਆਂ ਅੱਖਾਂ ਜੋ ਸੇਠ ਦੇ ਸਾਹਮਣੇ ਰੋਣਾ ਫ਼ਜ਼ੂਲ ਸਮਝਦੀਆਂ ਸਨ, ਉਸਦੇ ਸੀਨੇ ਦੇ ਅੰਦਰ ਉੱਤਰ ਕੇ ਅੱਥਰੂ ਵਹਾ ਰਹੀਆਂ ਹਨ, ਜਿੱਥੇ ਹਰ ਚੀਜ਼ ਪਹਿਲਾਂ ਹੀ ਸੋਗ ਵਿੱਚ ਸੀ।

ਸੇਠ ਨੇ ਉਸਨੂੰ ਫਿਰ ਗਾਲ਼ ਦਿੱਤੀ। ਓਨੀ ਹੀ ਮੋਟੀ ਜਿੰਨੀ ਉਸਦੀ ਚਰਬੀ ਭਰੀ ਗਰਦਨ ਸੀ ਅਤੇ ਉਸਨੂੰ ਇਵੇਂ ਲੱਗਾ ਕਿ ਕਿਸੇ ਨੇ ਉੱਪਰੋਂ ਉਸ ਉੱਤੇ ਕੂੜਾ ਕਰਕਟ ਸੁੱਟ ਦਿੱਤਾ ਹੈ। ਸੋ ਉਸਦਾ ਇੱਕ ਹੱਥ ਆਪਣੇ ਆਪ ਚਿਹਰੇ ਦੀ ਹਿਫ਼ਾਜ਼ਤ ਲਈ ਵਧਿਆ, ਉੱਤੇ ਉਸ ਗਾਲ਼ ਦੀ ਸਾਰੀ ਗਰਦ ਉਸ ਉੱਪਰ ਪਿੰਡ ਚੁੱਕੀ ਸੀ। ਹੁਣ ਉਸਨੇ ਉੱਥੇ ਠਹਿਰਨਾ ਚੰਗਾ ਨਾ ਸਮਝਿਆ ਕਿਉਂਕਿ ਕੀ ਖਬਰ ਸੀ.. ਕੀ ਖ਼ਬਰ ਸੀ... ਉਸਨੂੰ ਕੁਝ ਖਬਰ ਨਹੀਂ ਸੀ। ਉਹ ਸਿਰਫ਼ ਇੰਨਾ ਜਾਣਦਾ ਸੀ ਕਿ ਅਜਿਹੀਆਂ ਹਾਲਤਾਂ ਵਿੱਚ ਕਿਸੇ ਗੱਲ ਦੀ ਹੋਸ਼ ਨਹੀਂ ਰਿਹਾ ਕਰਦੀ।

107 / ਮੰਟੇ ਦੇ ਅਫ਼ਸਾਨੇ