ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/112

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਿੱਚ ਗਾਲ਼ਾਂ ਦਿੱਤੀਆਂ, “ਇਵੇਂ ਆਕੜ ਕੇ ਚੱਲ ਰਹੇ ਨੇ ਜਿਵੇਂ ਇਨ੍ਹਾਂ ਦੇ ਬਾਪ ਦਾ ਰਾਜ ਹੈ!”

ਜੇਕਰ ਉਸਦਾ ਰਾਜ ਹੁੰਦਾ ਤਾਂ ਉਹ ਸੇਠ ਨੂੰ ਮਜ਼ਾ ਚਖਾ ਦਿੰਦਾ ਜੋ ਉਸਨੂੰ ਉੱਪਰੋਥਲੀ ਦੋ ਗਾਲ਼ਾਂ ਸੁਣਾ ਕੇ ਆਪਣੇ ਘਰ ਵਿੱਚ ਇਵੇਂ ਆਰਾਮ ਨਾਲ਼ ਬੈਠਾ ਸੀ ਜਿਵੇਂ ਉਸਨੇ ਆਪਣੀ ਗੱਦੇਦਾਰ ਕੁਰਸੀ ਵਿੱਚੋਂ ਉਹ ਖਟਮਲ ਕੱਢ ਕੇ ਬਾਹਰ ਸੁੱਟ ਦਿੱਤੇ ਹੋਣ। ਸੱਚਮੁੱਚ ਜੇਕਰ ਉਸਦਾ ਆਪਣਾ ਰਾਜ ਹੁੰਦਾ ਤਾਂ ਚੌਕ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਸੇਠ ਨੂੰ ਵਿੱਚ ਵਿੱਚ ਖੜ੍ਹਾ ਕਰ ਦਿੰਦਾ ਅਤੇ ਉਸਦੀ ਗੰਜੀ ਖੋਪੜੀ ਉੱਤੇ ਏਨੇ ਜ਼ੋਰ ਨਾਲ਼ ਧੱਫ਼ਾ ਮਾਰਦਾ ਕਿ ਤੜਫ਼ ਉੱਠਦਾ, ਫਿਰ ਉਹ ਸਭ ਲੋਕਾਂ ਨੂੰ ਕਹਿੰਦਾ ਕਿ ਹੱਸਣ, ਰੱਜ ਕੇ ਹੱਸਣ ਅਤੇ ਖ਼ੁਦ ਇੰਨਾ ਹੱਸਦਾ ਕਿ ਹੱਸਦੇ ਹੱਸਦੇ ਉਸਦਾ ਢਿੱਡ ਦੁਖਣ ਲੱਗਦਾ, ਪਰ ਉਸ ਵਕਤ ਉਸਨੂੰ ਬਿਲਕੁਲ ਹਾਸੀ ਨਹੀਂ ਆਉਂਦੀ ਸੀ... ਕਿਉਂ...? ਉਹ ਆਪਣੇ ਰਾਜ ਦੇ ਬਿਨਾਂ ਵੀ ਤਾਂ ਸੇਠ ਦੇ ਗੰਜੇ ਸਿਰ ਉੱਪਰ ਧੱਫਾ ਮਾਰ ਸਕਦਾ ਸੀ, ਉਸਨੂੰ ਕਿਸ ਗੱਲ ਦੀ ਰੁਕਾਵਟ ਸੀ? ਰੁਕਾਵਟ ਸੀ... ਰੁਕਾਵਟ ਸੀ ਤਾਂ ਉਹ ਗਾਲ਼ਾਂ ਸੁਣ ਕੇ ਚੁੱਪ ਰਿਹਾ।

ਉਸਦੇ ਕਦਮ ਰੁਕ ਗਏ। ਉਸਦਾ ਦਿਮਾਗ਼ ਵੀ ਇੱਕ ਦੋ ਪਲ ਲਈ ਸੁਸਤਾਇਆ ਅਤੇ ਉਸਨੇ ਸੋਚਿਆ ਕਿ ਚਲੋ ਹੁਣੇ ਇਸ ਝੰਜਟ ਦਾ ਫ਼ੈਸਲਾ ਹੀ ਕਰ ਦੇਵਾਂ... ਭੱਜਿਆ ਭੱਜਿਆ ਜਾਵਾਂ ਅਤੇ ਇੱਕ ਹੀ ਝਟਕੇ ਵਿੱਚ ਸੇਠ ਦੀ ਗਰਦਨ ਮਰੋੜ ਕੇ ਉਸ ਤਿਜੋਰੀ ਉੱਤੇ ਰੱਖ ਦੇਵਾਂ ਜਿਸਦਾ ਢੱਕਣ ਮਗਰਮੱਛ ਦੇ ਮੂੰਹ ਦੀ ਤਰ੍ਹਾਂ ਖੁਲ੍ਹਦਾ ਹੈ... ਪਰ ਉਹ ਖੰਭੇ ਦੀ ਤਰ੍ਹਾਂ ਜ਼ਮੀਨ ਵਿੱਚ ਕਿਉਂ ਗੱਡਿਆ ਗਿਆ ਸੀ? ਸੇਠ ਦੇ ਘਰ ਵੱਲ ਪਲਟਿਆ ਕਿਉਂ ਨਹੀਂ ਸੀ? ... ਕੀ ਉਸ ਵਿੱਚ ਜੁਰਅਤ ਨਹੀਂ ਸੀ?

ਉਸ ਵਿੱਚ ਜੁਰਅਤ ਨਹੀਂ ਸੀ... ਕਿੰਨੇ ਦੁੱਖ ਦੀ ਗੱਲ ਹੈ ਕਿ ਉਸਦੀ ਸਾਰੀ ਤਾਕਤ ਠੰਢੀ ਪੈ ਗਈ ਸੀ... ਇਹ ਗਾਲ਼ਾਂ... ਉਹ ਇਨ੍ਹਾਂ ਗਾਲ਼ਾਂ ਨੂੰ ਕੀ ਕਹਿੰਦਾ... ਇਨ੍ਹਾਂ ਗਾਲ਼ਾਂ ਨੇ ਉਸਦੀ ਚੌੜੀ ਛਾਤੀ ਉੱਤੇ ਰੋਲਰ ਜਿਹਾ ਫੇਰ ਦਿੱਤਾ ਸੀ... ਸਿਰਫ਼ ਦੋ ਗਾਲ਼ਾਂ ਨੇ... ਹਾਲਾਂਕਿ ਪਿਛਲੇ ਹਿੰਦੂ-ਮੁਸਲਮਾਨ ਫ਼ਸਾਦ ਵਿੱਚ ਇੱਕ ਹਿੰਦੂ ਨੇ ਉਸਨੂੰ ਮੁਸਲਮਾਨ ਸਮਝ ਕੇ ਲਾਠੀਆਂ ਨਾਲ਼ ਬਹੁਤ ਕੁੱਟਿਆ ਸੀ ਅਤੇ ਅਧਮੋਇਆ ਕਰ ਦਿੱਤਾ ਸੀ ਅਤੇ ਉਸਨੂੰ ਇੰਨੀ ਕਮਜ਼ੋਰੀ ਮਹਿਸੂਸ ਨਹੀਂ ਹੋਈ ਸੀ ਜਿੰਨੀ ਕਿ ਹੁਣ ਹੋ ਰਹੀ ਸੀ... ਕੇਸ਼ਵ ਲਾਲ ਖਾਰੀ ਸੀਂਗ ਵਾਲ਼ਾ ਜੋ ਦੋਸਤਾਂ ਨੂੰ ਬੜੇ ਫ਼ਖਰ ਦੇ ਨਾਲ਼ ਕਿਹਾ ਕਰਦਾ ਸੀ ਕਿ ਉਹ ਕਦੇ ਬੀਮਾਰ ਨਹੀਂ ਪਿਆ, ਅੱਜ ਇਵੇਂ ਚੱਲ ਰਿਹਾ ਸੀ ਜਿਵੇਂ ਵਰ੍ਹਿਆਂ ਦਾ ਰੋਗੀ ਹੈ... ਅਤੇ ਇਹ ਰੋਗ ਕਿਸਨੇ ਪੈਦਾ ਕੀਤਾ ਸੀ...? ਦੋ ਗਾਲ਼ਾਂ ਨੇ!

ਗਾਲ਼ਾਂ... ਗਾਲ਼ਾਂ... ਕਿੱਥੇ ਸਨ ਉਹ ਦੋ ਗਾਲ਼ਾਂ? ਉਸ ਦੇ ਦਿਲ ਵਿੱਚ ਆਈ ਕਿ ਆਪਣੇ ਸੀਨੇ ਦੇ ਅੰਦਰ ਹੱਥ ਪਾ ਕੇ ਉਹ ਉਨ੍ਹਾਂ ਦੋ ਪੱਥਰਾਂ ਨੂੰ ਜੋ ਕਿਸੇ ਹੀਲੇ ਗਲਦੇ ਹੀ ਨਹੀਂ ਸਨ, ਬਾਹਰ ਕੱਢ ਲਵੇ ਅਤੇ ਜੋ ਕੋਈ ਵੀ ਉਸਦੇ ਸਾਹਮਣੇ ਆਏ, ਉਸਦੇ ਸਿਰ ਉੱਪਰ ਦੇ ਮਾਰੇ, ਪਰ ਇਹ ਕਿਵੇਂ ਹੋ ਸਕਦਾ ਸੀ... ਉਸਦਾ ਸੀਨਾ ਮੁਰੱਬੇ ਦਾ ਮਰਤਬਾਨ ਥੋੜ੍ਹਾ ਸੀ।

ਠੀਕ ਹੈ, ਪਰ ਫਿਰ ਕੋਈ ਹੋਰ ਤਰਕੀਬ ਵੀ ਤਾਂ ਸਮਝ ਵਿੱਚ ਆਏ ਜਿਸਦੇ ਨਾਲ਼ ਇਹ ਗਾਲ਼ਾਂ ਦੂਰ ਦਫ਼ਾ ਹੋਣ... ਕਿਉਂ ਨਹੀਂ ਕੋਈ ਸ਼ਖ਼ਸ ਅੱਗੇ ਆ ਕੇ ਉਸਨੂੰ ਦੁੱਖ ਤੋਂ ਨਜਾਤ

112 / ਮੰਟੋ ਦੇ ਅਫ਼ਸਾਨੇ