ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਮਸਲੇ ਬਾਰੇ ਸੋਚ ਰਿਹਾ ਸੀ। ਲਾਲਟੈਨ ਦੇ ਖੰਭੇ ਦੇ ਕੋਲ ਪਹੁੰਚ ਕੇ ਉਸਨੇ ਆਪਣਾ ਹੱਥ ਸਿਰ ਨਾਲ਼ੋਂ ਅਲਹਿਦਾ ਕੀਤਾ ਜਿਸ ਦੀਆਂ ਉਂਗਲਾਂ ਨਾਲ਼ ਉਹ ਵਾਲਾਂ ਦਾ ਇੱਕ ਮੈਲ਼ ਭਰਿਆ ਗੁੱਛਾ ਮਰੋੜ ਰਿਹਾ ਸੀ। ਉਹ ਆਪਣੇ ਝੋਂਪੜੇ ਦੇ ਤਾਜ਼ੇ ਲਿੱਪੇ ਹੋਏ ਚਬੂਤਰੇ ਵੱਲ ਵਧਣ ਹੀ ਵਾਲ਼ਾ ਸੀ ਕਿ ਸਾਹਮਣੇ ਵੱਲੋਂ ਉਸਨੂੰ ਕਿਸੇ ਨੇ ਆਵਾਜ਼ ਦਿੱਤੀ।

ਨੱਥੂ ਪਲਟਿਆ ਅਤੇ ਆਪਣੇ ਸਾਹਮਣੇ ਵਾਲ਼ੇ ਝੋਂਪੜੇ ਵੱਲ ਵਧਿਆ ਜਿੱਥੇ ਮਾਧਵ ਉਸਨੂੰ ਹੱਥ ਦੇ ਇਸ਼ਾਰੇ ਨਾਲ਼ ਸੱਦ ਰਿਹਾ ਸੀ।

ਝੋਂਪੜੇ ਦੇ ਛੱਜੇ ਦੇ ਹੇਠਾਂ ਚਬੂਤਰੇ 'ਤੇ ਮਾਧਵ, ਉਸਦਾ ਲੰਗੜਾ ਭਰਾ ਅਤੇ ਚੌਧਰੀ ਬੈਠੇ ਸਨ। ਉਨ੍ਹਾਂ ਦੇ ਬੈਠਣ ਦੇ ਅੰਦਾਜ਼ ਤੋਂ ਅਜਿਹਾ ਲੱਗਦਾ ਸੀ ਕਿ ਉਹ ਕੋਈ ਨਿਹਾਇਤ ਹੀ ਅਹਿਮ ਗੱਲ ਸੋਚ ਰਹੇ ਹਨ। ਸਭ ਦੇ ਚਿਹਰੇ ਕੱਚੀਆਂ ਇੱਟਾਂ ਦੇ ਵਾਂਗ ਪਿੱਲੇ ਸਨ। ਮਾਧਵ ਤਾਂ ਬਹੁਤ ਦਿਨਾਂ ਦਾ ਬੀਮਾਰ ਵਿਖਾਈ ਦਿੰਦਾ ਸੀ। ਇੱਕ ਕੋਨੇ ਵਿੱਚ ਤਾਕਚੇ ਦੇ ਹੇਠਾਂ ਰੂਪਾ ਦੀ ਮਾਂ ਬੈਠੀ ਹੋਈ ਸੀ। ਗ਼ਲੀਜ਼ ਕੱਪੜਿਆਂ ਵਿੱਚ ਉਹ ਮੈਲੇ ਕੱਪੜਿਆਂ ਦੀ ਇੱਕ ਗਠੜੀ ਵਿਖਾਈ ਦੇ ਰਹੀ ਸੀ।

ਨੱਥੂ ਨੇ ਦੂਰੋਂ ਹੀ ਮਾਮਲੇ ਦੀ ਨਜ਼ਾਕਤ ਮਹਿਸੂਸ ਕੀਤੀ ਅਤੇ ਕਦਮ ਤੇਜ਼ ਕਰਕੇ ਉਨ੍ਹਾਂ ਦੇ ਕੋਲ ਪਹੁੰਚ ਗਿਆ।

ਮਾਧਵ ਨੇ ਇਸ਼ਾਰੇ ਨਾਲ਼ ਉਸਨੂੰ ਆਪਣੇ ਕੋਲ਼ ਬੈਠਣ ਨੂੰ ਕਿਹਾ। ਨੱਥੂ ਬੈਠ ਗਿਆ ਅਤੇ ਉਸਦਾ ਇੱਕ ਹੱਥ ਆਪਮੁਹਾਰੇ ਆਪਣੇ ਵਾਲ਼ਾਂ ਦੇ ਉਸ ਗੁੱਛੇ ਵੱਲ ਵਧ ਗਿਆ ਜਿਸਦੀਆਂ ਜੜ੍ਹਾਂ ਕਾਫ਼ੀ ਹਿੱਲ ਚੁੱਕੀਆਂ ਸਨ। ਹੁਣ ਉਹ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਨ ਲਈ ਬਿਲਕੁਲ ਤਿਆਰ ਸੀ।

ਮਾਧਵ ਉਹਨੂੰ ਆਪਣੇ ਕੋਲ਼ ਬਿਠਾ ਕੇ ਖਾਮੋਸ਼ ਹੋ ਗਿਆ ਪਰ ਉਸਦੇ ਕੰਬਦੇ ਹੋਏ ਹੋਠ ਸਾਫ਼ ਜ਼ਾਹਰ ਕਰ ਰਹੇ ਸਨ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ, ਪਰ ਫ਼ੌਰਨ ਨਹੀਂ ਕਹਿ ਸਕਦਾ। ਮਾਧਵ ਦਾ ਲੰਗੜਾ ਭਰਾ ਵੀ ਖਾਮੋਸ਼ ਸੀ ਅਤੇ ਵਾਰ-ਵਾਰ ਆਪਣੀ ਵੱਢੀ ਹੋਈ ਲੱਤ ਦੇ ਆਖਰੀ ਟੁੰਡ-ਮੁੰਡ ਹਿੱਸੇ 'ਤੇ ਜੋ ਗੋਸ਼ਤ ਦਾ ਇੱਕ ਬਦਸ਼ਕਲ ਲੋਥੜਾ ਜਿਹਾ ਬਣਾ ਹੋਇਆ ਸੀ, ਹੱਥ ਫੇਰ ਰਿਹਾ ਸੀ।

ਰੂਪਾ ਦੀ ਮਾਂ ਆਲ਼ੇ ਵਿੱਚ ਰੱਖੀ ਹੋਈ ਮੂਰਤੀ ਵਾਂਗ ਗੂੰਗੀ ਬਣੀ ਹੋਈ ਸੀ ਅਤੇ ਚੌਧਰੀ ਆਪਣੀਆਂ ਮੁੱਛਾਂ ਨਾਲ਼ ਗ਼ੁੱਸੇ ਭਰਿਆ ਹੰਕਾਰ ਦਰਸਾਉਣਾ ਭੁੱਲ ਕੇ ਜ਼ਮੀਨ 'ਤੇ ਲਕੀਰਾਂ ਬਣਾ ਰਿਹਾ ਸੀ।

ਨੱਥੂ ਨੇ ਖੁਦ ਹੀ ਗੱਲ ਸ਼ੁਰੂ ਕੀਤੀ, “ਤਾਂ...”

ਮਾਧਵ ਸ਼ੁਰੂ ਹੋ ਗਿਆ, “ਨੱਥੂ ਗੱਲ ਇਹ ਹੈ ਕਿ... ਗੱਲ ਇਹ ਹੈ ਕਿ... ਹੁਣ ਮੈਂ ਤੈਨੂੰ ਕੀ ਦੱਸਾਂ ਕਿ ਗੱਲ ਕੀ ਹੈ। ਮੈਂ ਕੁਝ ਕਹਿਣ ਦੇ ਕਾਬਿਲ ਨਹੀਂ ਰਿਹਾ... ਚੌਧਰੀ! ਤੁਸੀਂ ਹੀ ਜੀ ਕੈੜਾ ਕਰਕੇ ਸਾਰਾ ਕਿੱਸਾ ਸੁਣਾ ਦਿਓ।”

ਨੱਥੂ ਨੇ ਗਰਦਨ ਚੁੱਕ ਕੇ ਚੌਧਰੀ ਵੱਲ ਵੇਖਿਆ ਪਰ ਉਹ ਜ਼ਮੀਨ 'ਤੇ ਲਕੀਰਾਂ ਬਣਾਉਂਦਾ ਰਿਹਾ ਅਤੇ ਕੁਝ ਨਾ ਬੋਲਿਆ।

131 / ਮੰਟੇ ਦੇ ਅਫ਼ਸਾਨੇ