ਉਹ ਛੇ ਮਹੀਨੇ ਤੱਕ ਇੱਕ ਕੋੜ੍ਹੀ ਦੀ ਤੀਮਾਰਦਾਰੀ ਕਰ ਸਕਦਾ ਸੀ ਅਤੇ ਰੂਪਾ ਕੋੜ੍ਹੀ ਤਾਂ ਨਹੀਂ ਸੀ... ਕੋੜ੍ਹੀ ਤਾਂ ਨਹੀਂ ਸੀ, ਇਹ ਸੋਚਦੇ ਹੋਏ ਨੱਥੂ ਦਾ ਦਿਮਾਗ਼ ਇੱਕ ਡੂੰਘੀ ਗੱਲ ਸੋਚਣ ਲੱਗਾ, ਰੂਪਾ ਕੋੜ੍ਹੀ ਨਹੀਂ ਸੀ, ਇਸ ਲਈ ਉਹ ਹਮਦਰਦੀ ਦੀ ਜ਼ਿਆਦਾ ਹੱਕਦਾਰ ਵੀ ਨਹੀਂ ਸੀ। ਉਸਨੂੰ ਕੀ ਰੋਗ ਸੀ? ਕੁਝ ਵੀ ਨਹੀਂ ਜਿਵੇਂ ਇਹ ਲੋਕ ਕਹਿ ਰਹੇ ਸਨ, ਉਹ ਥੋੜ੍ਹੇ ਹੀ ਦਿਨਾਂ ਵਿੱਚ ਬੱਚੇ ਦੀ ਮਾਂ ਬਣਨ ਵਾਲ਼ੀ ਸੀ, ਤੇ ਇਹ ਵੀ ਕੋਈ ਰੋਗ ਹੈ। ਅਤੇ ਕੀ ਮਾਂ ਬਣਨਾ ਕੋਈ ਪਾਪ ਹੈ?
ਹਰ ਕੁੜੀ ਔਰਤ ਬਣਨਾ ਚਾਹੁੰਦੀ ਹੈ ਅਤੇ ਹਰ ਔਰਤ ਮਾਂ। ਉਸਦੀ ਆਪਣੀ ਇਸਤਰੀ ਮਾਂ ਬਣਨ ਲਈ ਤੜਫ਼ ਰਹੀ ਸੀ ਅਤੇ ਉਹ ਖ਼ੁਦ ਇਹ ਚਾਹੁੰਦਾ ਸੀ ਕਿ ਉਹ ਜਲਦੀ ਮਾਂ ਬਣ ਜਾਵੇ। ਇਸ ਲਿਹਾਜ਼ ਤੋਂ ਵੀ ਰੂਪਾ ਦਾ ਮਾਂ ਬਣਨਾ ਕੋਈ ਅਜਿਹਾ ਜੁਰਮ ਨਹੀਂ ਸੀ ਜਿਸ 'ਤੇ ਉਸਨੂੰ ਕੋਈ ਦੰਡ ਦਿੱਤਾ ਜਾਵੇ ਜਾਂ ਫਿਰ ਉਸਨੂੰ ਰਹਿਮ ਦੀ ਹੱਕਦਾਰ ਕਰਾਰ ਦਿੱਤਾ ਜਾਵੇ।
ਉਸ ਇੱਕ ਦੀ ਬਜਾਏ ਦੋ ਬੱਚੇ ਜਣੇ। ਇਸ ਨਾਲ਼ ਕਿਸੇ ਦਾ ਕੀ ਵਿਗੜਦਾ ਸੀ। ਉਹ ਔਰਤ ਹੀ ਤਾਂ ਸੀ। ਮੰਦਰ ਵਿੱਚ ਗੱਡੀ ਹੋਈ ਦੇਵੀ ਤਾਂ ਨਹੀਂ ਸੀ ਅਤੇ ਫਿਰ ਇਹ ਲੋਕ ਖਾਹ-ਮਖਾਹ ਕਿਉਂ ਆਪਣੀ ਜਾਨ ਹੂਲ ਰਹੇ ਸਨ। ਮਾਧਵ ਕਾਕੇ ਦੇ ਮੁੰਡੇ ਨਾਲ਼ ਉਸਦਾ ਵਿਆਹ ਹੁੰਦਾ ਤਾਂ ਵੀ ਕਦੇ ਨਾ ਕਦੇ ਬੱਚਾ ਜ਼ਰੂਰ ਪੈਦਾ ਹੁੰਦਾ। ਹੁਣ ਕਿਹੜੀ ਆਫ਼ਤ ਆ ਗਈ ਸੀ। ਇਹ ਬੱਚਾ ਜੋ ਹੁਣ ਉਸਦੇ ਢਿੱਡ ਵਿੱਚ ਸੀ, ਕਿਤੋਂ ਉੱਡ ਕੇ ਤਾਂ ਨਹੀਂ ਆ ਗਿਆ। ਸ਼ਾਦੀ-ਵਿਆਹ ਜ਼ਰੂਰ ਹੋਇਆ ਹੋਵੇਗਾ।
ਇਹ ਲੋਕ ਬਾਹਰ ਬੈਠੇ ਆਪ ਹੀ ਫ਼ੈਸਲਾ ਕਰ ਰਹੇ ਹਨ ਅਤੇ ਜਿਸ ਬਾਬਤ ਫ਼ੈਸਲਾ ਹੋ ਰਿਹਾ ਹੈ, ਉਸਤੋਂ ਕੁਝ ਪੁੱਛਦੇ ਹੀ ਨਹੀਂ। ਜਿਵੇਂ ਉਹ ਬੱਚਾ ਨਹੀਂ, ਬਲਕਿ ਇਹ ਖੁਦ ਜਣ ਰਹੇ ਹਨ। ਅਜੀਬ ਗੱਲ ਸੀ। ਅਤੇ ਫਿਰ ਉਨ੍ਹਾਂ ਨੂੰ ਬੱਚੇ ਦੀ ਕੀ ਫ਼ਿਕਰ ਪੈ ਗਈ ਸੀ। ਬੱਚੇ ਦੀ ਫ਼ਿਕਰ ਜਾਂ ਤਾਂ ਮਾਂ ਕਰਦੀ ਹੈ ਜਾਂ ਉਸਦਾ ਬਾਪ... ਬਾਪ? ਅਤੇ ਮਜ਼ਾ ਵੇਖੋ ਕਿ ਕੋਈ ਬੱਚੇ ਦੇ ਬਾਪ ਦੀ ਗੱਲ ਹੀ ਨਹੀਂ ਕਰਦਾ ਸੀ।
ਇਹ ਸੋਚਦੇ ਹੋਏ ਨੱਥੂ ਦੇ ਦਿਮਾਗ਼ ਵਿੱਚ ਇੱਕ ਗੱਲ ਆਈ ਅਤੇ ਉਸਨੇ ਮਾਧਵ ਕਾਕਾ ਨੂੰ ਕਿਹਾ, “ਕਾਕਾ, ਜੋ ਕੁਝ ਤੁਸੀਂ ਕਿਹਾ, ਉਸ ਤੋਂ ਮੈਨੂੰ ਬਹੁਤ ਦੁੱਖ ਹੋਇਆ, ਤੇ ਤੁਸੀਂ ਇਹ ਕਿਵੇਂ ਕਹਿ ਦਿੱਤਾ ਕਿ ਰੂਪਾ ਲਈ ਇੱਥੇ ਕੋਈ ਜਗ੍ਹਾ ਨਹੀਂ। ਅਸੀਂ ਸਭ ਆਪਣੇ-ਆਪਣੇ ਝੋਂਪੜਿਆਂ ਨੂੰ ਤਾਲੇ ਲੱਗਾ ਦਈਏ ਤਾਂ ਵੀ ਉਸਦੇ ਲਈ ਇੱਕ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ।"
ਚੌਧਰੀ ਨੇ ਜ਼ਮੀਨ 'ਤੇ ਤੋਤੇ ਦੀ ਅੱਖ ਬਣਾਉਂਦੇ ਹੋਏ ਕਿਹਾ, “ਤੌਬਾ ਦਾ!”
ਨੱਥੂ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਲਈ ਜੋ ਪਾਪੀ ਹੋਣ... ਰੂਪਾ ਨੇ ਕੋਈ ਪਾਪ ਨਹੀਂ ਕੀਤਾ, ਉਹ ਨਿਰਦੋਸ਼ ਹੈ!”
ਚੌਧਰੀ ਨੇ ਹੈਰਤ ਨਾਲ਼ ਮਾਧਵ ਕਾਕਾ ਵੱਲ ਵੇਖਿਆ ਅਤੇ ਕਿਹਾ, “ਇਸਨੇ ਪੂਰੀ ਗੱਲ ਨਹੀਂ ਸੁਣੀ।”
134 / ਮੰਟੇ ਦੇ ਅਫ਼ਸਾਨੇ