ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਧਵ ਦਾ ਲੰਗੜਾ ਭਰਾ ਆਪਣੀ ਕੱਟੀ ਹੋਈ ਲੱਤ 'ਤੇ ਹੱਥ ਫੇਰਦਾ ਰਿਹਾ।

ਨੱਥੂ ਨੇ ਰੂਪਾ ਦੀ ਮਾਂ ਨੂੰ ਕਿਹਾ, “ਹੁਣੇ ਸੁਣ ਲੈਂਦਾ ਹਾਂ... ਰੂਪਾ ਕਿੱਥੇ ਹੈ?”

ਰੂਪਾ ਦੀ ਮਾਂ ਨੇ ਆਪਣੀਆਂ ਖੁਰਦਰੀਆਂ ਉਂਗਲਾਂ ਨਾਲ਼ ਅੱਥਰੂ ਪੂੰਝੇ ਅਤੇ ਕਿਹਾ, “ਅੰਦਰ ਬੈਠੀ ਆਪਣੇ ਨਸੀਬਾਂ ਨੂੰ ਰੋ ਰਹੀ ਹੈ।”

ਇਹ ਸੁਣ ਕੇ ਨੱਥੂ ਨੇ ਆਪਣਾ ਸਿਰ ਇੱਕ ਵਾਰ ਜ਼ੋਰ ਨਾਲ਼ ਖੁਰਕਿਆ ਅਤੇ ਉੱਠ ਕੇ ਕਮਰੇ ਦੇ ਅੰਦਰ ਚਲਾ ਗਿਆ।

ਰੂਪਾ ਹਨੇਰੀ ਕੋਠੜੀ ਦੇ ਇੱਕ ਕੋਨੇ ਵਿੱਚ ਸਿਰ ਝੁਕਾਈ ਬੈਠੀ ਸੀ। ਉਸਦੇ ਵਾਲ਼ ਖਿੱਲਰੇ ਹੋਏ ਸਨ। ਮੈਲੇ ਕੁਚੈਲੇ ਕੱਪੜਿਆਂ ਵਿੱਚ ਹਨੇਰੇ ਦੇ ਅੰਦਰ ਉਹ ਗਿੱਲੀ ਮਿੱਟੀ ਦਾ ਢੇਰ ਜਿਹਾ ਵਿਖਾਈ ਦੇ ਰਹੀ ਸੀ। ਜੋ ਗੱਲਾਂ ਬਾਹਰ ਹੋ ਰਹੀਆਂ ਸਨ ਉਨ੍ਹਾਂ ਦਾ ਇੱਕ ਇੱਕ ਲਫ਼ਜ਼ ਉਸਨੇ ਸੁਣਿਆ ਸੀ। ਹਾਲਾਂਕਿ ਉਸਦੇ ਕੰਨ ਉਸਦੇ ਆਪਣੇ ਦਿਲ ਦੀਆਂ ਗੱਲਾਂ ਸੁਣਨ ਵਿੱਚ ਲੱਗੇ ਹੋਏ ਸਨ ਜੋ ਕਿਸੇ ਤਰ੍ਹਾਂ ਖਤਮ ਹੀ ਨਹੀਂ ਹੁੰਦੀਆਂ ਸਨ। ਨੱਥੂ ਅੰਦਰ ਆਉਣ ਲਈ ਉਠਿਆ ਤਾਂ ਉਹ ਦੌੜ ਕੇ ਸਾਹਮਣੇ ਡੱਠੇ ਮੰਜੇ 'ਤੇ ਜਾ ਪਈ ਅਤੇ ਗੁਦੜੀ ਵਿੱਚ ਆਪਣਾ ਸਿਰ ਮੂੰਹ ਛੁਪਾ ਲਿਆ।

ਨੱਥੂ ਨੇ ਜਦੋਂ ਵੇਖਿਆ ਕਿ ਰੂਪਾ ਛੁਪ ਗਈ ਹੈ ਤਾਂ ਉਸਨੂੰ ਬੜੀ ਹੈਰਤ ਹੋਈ। ਉਸਨੇ ਪੁੱਛਿਆ, “ਅਰੇ ਮੇਰੇ ਤੋਂ ਕਿਉਂ ਛਪਦੀ ਹੈਂ?"

ਰੂਪਾ ਰੋਣ ਲੱਗੀ ਅਤੇ ਆਪਣੇ ਆਪ ਨੂੰ ਕੱਪੜੇ ਵਿੱਚ ਹੋਰ ਲਪੇਟ ਲਿਆ। ਉਹ ਬਿਨਾਂ ਆਵਾਜ਼ ਦੇ ਰੋ ਰਹੀ ਸੀ। ਪਰ ਨੱਥੂ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਰੂਪਾ ਦੇ ਅੱਥਰੂ ਉਸਦੇ ਤਪਦੇ ਹੋਏ ਦਿਲ 'ਤੇ ਡਿੱਗ ਰਹੇ ਹਨ। ਉਸਨੇ ਗੁਦੜੀ ਦੇ ਉਸ ਹਿੱਸੇ 'ਤੇ ਹੱਥ ਫੇਰਿਆ ਜਿਸਦੇ ਹੇਠਾਂ ਰੂਪਾ ਦਾ ਸਿਰ ਸੀ ਅਤੇ ਕਿਹਾ, “ਤੂੰ ਮੇਰੇ ਤੋਂ ਕਿਉਂ ਛਪਦੀ ਹੈਂ?”

ਰੂਪਾ ਨੇ ਸਿਸਕੀਆਂ ਵਿੱਚ ਜਵਾਬ ਦਿੱਤਾ, “ਰੂਪਾ ਨਹੀਂ ਛੁਪਦੀ ਨੱਥੂ! ਉਹ ਆਪਣੇ ਪਾਪ ਨੂੰ ਛੁਪਾ ਰਹੀ ਹੈ।"

ਨੱਥੂ ਉਸਦੇ ਕੋਲ਼ ਬੈਠ ਗਿਆ ਅਤੇ ਕਹਿਣ ਲੱਗਾ, “ਕਿਹੜਾ ਪਾਪ... ਤੂੰ ਕੋਈ ਪਾਪ ਨਹੀਂ ਕੀਤਾ ਅਤੇ ਜੇਕਰ ਕੀਤਾ ਵੀ ਹੋਵੇ ਤਾਂ ਕੀ ਉਸਨੂੰ ਲੁਕਾਉਣਾ ਚਾਹੀਦਾ ਹੈ? ਇਹ ਤਾਂ ਖ਼ੁਦ ਇੱਕ ਪਾਪ ਹੈ... ਮੈਂ ਤੈਥੋਂ ਸਿਰਫ਼ ਇੱਕ ਗੱਲ ਪੁੱਛਣ ਆਇਆ ਹਾਂ। ਮੈਨੂੰ ਇਹ ਦੱਸ ਕਿ ਕਿਸਨੇ ਤੇਰੀਆਂ ਹਮੇਸ਼ਾ ਹੱਸਦੀਆਂ ਅੱਖਾਂ ਵਿੱਚ ਇਹ ਅੱਥਰੂ ਭਰ ਦਿੱਤੇ ਹਨ। ਕਿਸਨੇ ਇਸ ਬਾਲੜੀ ਉਮਰ ਵਿੱਚ ਤੈਨੂੰ ਪਾਪ ਅਤੇ ਪੁੰਨ ਦੇ ਝਗੜੇ ਵਿੱਚ ਫਸਾ ਦਿੱਤਾ ਹੈ?”

“ਮੈਂ ਕੀ ਕਹਾਂ?” ਰੂਪਾ ਇਹ ਕਹਿ ਕੇ ਗੁਦੜੀ ਵਿੱਚ ਹੋਰ ਸਿਮਟ ਗਈ। ਨੱਥੂ ਬੋਲਦਾ ਸੀ ਅਤੇ ਰੂਪਾ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਕੋਈ ਉਸਨੂੰ ਇਕੱਠਾ ਕਰ ਰਿਹਾ ਹੈ, ਉਸਨੂੰ ਸੁੰਗੇੜ ਰਿਹਾ ਹੈ।

ਨੱਥੂ ਨੇ ਬੜੀ ਮੁਸ਼ਕਿਲ ਨਾਲ਼ ਰੂਪਾ ਦੇ ਮੂੰਹ ਤੋਂ ਕੱਪੜਾ ਹਟਾਇਆ ਅਤੇ ਉਹਨੂੰ ਚੁੱਕ ਕੇ ਬਿਠਾ ਦਿੱਤਾ। ਰੂਪਾ ਨੇ ਦੋਨਾਂ ਹੱਥਾਂ ਵਿੱਚ ਆਪਣੇ ਮੂੰਹ ਨੂੰ ਛੁਪਾ ਲਿਆ ਅਤੇ ਜ਼ੋਰ-ਜ਼ੋਰ ਨਾਲ਼ ਰੋਣਾ ਸ਼ੁਰੂ ਕਰ ਦਿੱਤਾ। ਇਸ ਨਾਲ਼ ਨੱਥੂ ਨੂੰ ਬਹੁਤ ਦੁੱਖ ਹੋਇਆ। ਇੱਕ ਤਾਂ ਪਹਿਲਾਂ

135 / ਮੰਟੇ ਦੇ ਅਫ਼ਸਾਨੇ