ਉਸਨੇ ਬੜੀ ਬੇਚੈਨੀ ਨਾਲ਼ ਕਿਹਾ, “ਮੈਂ ਸਿਰਫ਼ ਪੁੱਛਦਾ ਹਾਂ ਕਿ ਉਹ ਹੈ ਕੌਣ?"
“ਕੌਣ”
“ਉਹ... ਉਹ...” ਰੂਪਾ ਇਸ ਤੋਂ ਅੱਗੇ ਕੁਝ ਨਹੀਂ ਕਹਿ ਸਕੀ।
ਰੂਪਾ ਦੇ ਸੀਨੇ 'ਚੋਂ ਇੱਕ ਆਪ-ਮੁਹਾਰੀ ਆਹ ਨਿਕਲ ਗਈ, "ਉਹ ਪਹਿਲਾਂ ਜਿੰਨਾ ਨਜ਼ਦੀਕ ਸੀ ਹੁਣ ਓਨਾ ਹੀ ਦੂਰ ਹੈ!”
“ਮੈਂ ਉਸਦਾ ਨਾਮ ਪੁੱਛਦਾ ਹਾਂ ਅਤੇ ਜਾਣਦੀ ਹੈਂ ਮੈਂ ਤੈਥੋਂ ਉਸਦਾ ਨਾਮ ਕਿਉਂ ਪੁੱਛਦਾ ਹਾਂ? ਇਸ ਲਈ ਕਿ ਉਹ ਤੇਰਾ ਪਤੀ ਹੈ ਅਤੇ ਤੂੰ ਉਸਦੀ ਪਤਨੀ ਹੈਂ। ਤੂੰ ਉਸਦੀ ਹੈਂ ਅਤੇ ਉਹ ਤੇਰਾ... ਇਹ... ਇਹ..."
ਨੱਥੂ ਇਸਦੇ ਅੱਗੇ ਕੁਝ ਕਹਿਣ ਹੀ ਵਾਲ਼ਾ ਸੀ ਕਿ ਰੂਪਾ ਨੇ ਪਾਗਲਾਂ ਵਾਂਗ ਉਸਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਫਟੇ ਹੋਏ ਲਹਿਜੇ ਵਿੱਚ ਕਿਹਾ, “ਹੌਲੀ ਬੋਲੋ ਨੱਥੂ। ਹੌਲ਼ੀ ਬੋਲੋ, ਕਿਤੇ ਉਹ... ਜੋ ਮੇਰੇ ਹਿਰਦੇ ਵਿੱਚ ਨਵਾਂ ਜੀਵ ਹੈ, ਨਾ ਸੁਣ ਲਵੇ ਕਿ ਉਸਦੀ ਮਾਂ ਪਾਪਣ ਹੈ... ਨੱਥੂ ਇਸ ਡਰ ਦੇ ਮਾਰੇ ਤਾਂ ਮੈਂ ਜ਼ਿਆਦਾ ਸੋਚਦੀ ਨਹੀਂ, ਜ਼ਿਆਦਾ ਗ਼ਮ ਨਹੀਂ ਕਰਦੀ ਕਿ ਇਸਨੂੰ ਕੁਝ ਪਤਾ ਨਾ ਹੋਵੇ... ਪਰ ਬੈਠੇ ਬੈਠੇ ਕਦੇ ਮੇਰੇ ਮਨ ਵਿੱਚ ਆਉਂਦਾ ਹੈ ਕਿ ਡੁੱਬ ਮਰਾਂ, ਆਪਣਾ ਗਲਾ ਘੁੱਟ ਲਵਾਂ, ਜਾਂ ਫਿਰ ਜ਼ਹਿਰ ਖਾ ਕੇ ਮਰ ਜਾਵਾਂ...”
ਨੱਥੂ ਨੇ ਉੱਠ ਕੇ ਟਹਿਲਣਾ ਸ਼ੁਰੂ ਕਰ ਦਿੱਤਾ, ਉਹ ਸੋਚ ਰਿਹਾ ਸੀ। ਇੱਕ ਦੋ ਸੈਕੇਂਡ ਗ਼ੌਰ ਕਰਨ ਦੇ ਬਾਅਦ ਉਸਨੇ ਕਿਹਾ, “ਕਦੇ ਨਹੀਂ, ਮੈਂ ਤੈਨੂੰ ਕਦੇ ਮਰਨ ਨਹੀਂ ਦੇਵਾਂਗਾ, ਤੂੰ ਕਿਉਂ ਮਰੇਂ। ਇਵੇਂ ਤਾਂ ਮੌਤ ਤੋਂ ਛੁਟਕਾਰਾ ਨਹੀਂ, ਸਾਰਿਆਂ ਨੇ ਇੱਕ ਦਿਨ ਮਰਨਾ ਹੈ ਪਰ ਇਸ ਲਈ ਤਾਂ ਜੀਣਾ ਵੀ ਜ਼ਰੂਰੀ ਹੈ...
ਮੈਂ ਕੁਝ ਪੜ੍ਹਿਆ ਨਹੀਂ, ਮੈਂ ਕੋਈ ਪੰਡਤ ਨਹੀਂ, ਪਰ ਜੋ ਕੁਝ ਮੈਂ ਕਿਹਾ ਹੈ ਠੀਕ ਹੈ, ਤੂੰ ਮੈਨੂੰ ਉਸਦਾ ਨਾਮ ਦੱਸ ਦੇ। ਮੈਂ ਤੈਨੂੰ ਉਸਦੇ ਕੋਲ਼ ਲੈ ਚੱਲਾਂਗਾ ਅਤੇ ਉਸਨੂੰ ਮਜਬੂਰ ਕਰਾਂਗਾ ਕਿ ਉਹ ਤੇਰੇ ਨਾਲ਼ ਵਿਆਹ ਕਰ ਲਵੇ ਅਤੇ ਤੈਨੂੰ ਆਪਣੇ ਕੋਲ਼ ਰੱਖੇ... ਉਹੀ ਤੇਰਾ ਪਤੀ ਹੈ!”
ਨੱਥੂ ਫਿਰ ਰੂਪਾ ਦੇ ਕੋਲ਼ ਬੈਠ ਗਿਆ ਅਤੇ ਕਹਿਣ ਲੱਗਾ, “ਲੈ ਮੇਰੇ ਕੰਨ ਵਿੱਚ ਕਹਿ ਦੇ... ਉਹ ਕੌਣ ਹੈ? ਰੂਪਾ ਕੀ ਤੈਨੂੰ ਮੇਰੇ ’ਤੇ ਭਰੋਸਾ ਨਹੀਂ, ਕੀ ਤੈਨੂੰ ਯਕੀਨ ਨਹੀਂ ਆਉਂਦਾ ਕਿ ਮੈਂ ਤੇਰੇ ਲਈ ਕੁਝ ਕਰ ਸਕੂੰਗਾ।”
ਰੂਪਾ ਨੇ ਜਵਾਬ ਦਿੱਤਾ, “ਤੁਸੀਂ ਮੇਰੇ ਲਈ ਸਭ ਕੁਝ ਕਰ ਸਕਦੇ ਹੋ ਨੱਥੂ, ਪਰ ਜਿਸ ਆਦਮੀ ਦੇ ਕੋਲ਼ ਤੁਸੀਂ ਮੈਨੂੰ ਲੈ ਜਾਣਾ ਚਾਹੁੰਦੇ ਹੋ, ਕੀ ਉਹ ਵੀ ਕੁਝ ਕਰੇਗਾ? ਉਹ ਮੈਨੂੰ ਭੁੱਲ ਵੀ ਚੁੱਕਿਆ ਹੋਵੇਗਾ।"
ਨੱਥੂ ਨੇ ਕਿਹਾ, “ਤੈਨੂੰ ਵੇਖਦੇ ਹੀ ਉਸਨੂੰ ਸਭ ਕੁਝ ਯਾਦ ਆ ਜਾਵੇਗਾ... ਬਾਕੀ ਚੀਜ਼ਾਂ ਦੀ ਯਾਦ ਉਸਨੂੰ ਮੈਂ ਦਵਾ ਦੇਵਾਂਗਾ... ਤੂੰ ਮੈਨੂੰ ਉਸਦਾ ਨਾਮ ਤਾਂ ਦੱਸ। ਇਹ ਠੀਕ ਹੈ ਕਿ ਇਸਤਰੀ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਪਰ ਅਜਿਹੇ ਮੌਕੇ 'ਤੇ ਤੈਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ।"
137 / ਮੰਟੇ ਦੇ ਅਫ਼ਸਾਨੇ