ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/138

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਰੂਪਾ ਖ਼ਾਮੋਸ਼ ਰਹੀ, ਇਸ 'ਤੇ ਨੱਥੂ ਹੋਰ ਜ਼ਿਆਦਾ ਬੇਚੈਨ ਹੋ ਗਿਆ, “ਮੈਂ ਤੈਨੂੰ ਇੱਕ ਸਿੱਧੀ ਸਾਦੀ ਗੱਲ ਸਮਝਾਉਂਦਾ ਹਾਂ ਅਤੇ ਤੂੰ ਸਮਝਦੀ ਹੀ ਨਹੀਂ, ਸ਼ੁਦੈਣ, ਜੋ ਤੇਰੇ ਬੱਚੇ ਦਾ ਬਾਪ ਹੈ ਉਹੀ ਤੇਰਾ ਪਤੀ ਹੈ, ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ? ਤੂੰ ਤਾਂ ਬਸ ਅੱਥਰੂ ਕੇਰੀ ਜਾਂਦੀ ਹੈਂ, ਕੁਝ ਸੁਣਦੀ ਹੀ ਨਹੀਂ ਹੈਂ, ਮੈਂ ਪੁੱਛਦਾ ਹਾਂ, ਉਸਦਾ ਨਾਮ ਦੱਸਣ ਵਿੱਚ ਹਰਜ ਹੀ ਕੀ ਹੈ... ਲੈ, ਤੂੰ ਹੋਰ ਰੋਣਾ ਸ਼ੁਰੂ ਕਰ ਦਿੱਤਾ। ਚੰਗਾ ਬਈ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ। ਤੂੰ ਇਹ ਦੱਸ ਦੇ ਕਿ ਉਹ ਹੈ ਕੌਣ... ਤੂੰ ਸਮਝ ਲੈ। ਮੈਂ ਉਸਦਾ ਕੰਨ ਫੜ ਕੇ ਸਿੱਧੇ ਰਸਤੇ 'ਤੇ ਲੈ ਆਵਾਂਗਾ।"

ਰੂਪਾ ਨੇ ਸਿਸਕੀਆਂ ਵਿੱਚ ਕਿਹਾ, “ਤੁਸੀਂ ਵਾਰ ਵਾਰ ਪਤੀ ਨਾ ਕਹੋ ਨੱਥੂ, ਮੇਰੀ ਜਵਾਨੀ ਮੇਰੀ ਆਸ, ਮੇਰੀ ਦੁਨੀਆ, ਕਦੋਂ ਦੀ ਵਿਧਵਾ ਹੋ ਚੁੱਕੀ ਹੈ। ਤੁਸੀਂ ਮੇਰੀ ਮਾਂਗ ਵਿੱਚ ਸੰਧੂਰ ਭਰਨਾ ਚਾਹੁੰਦੇ ਹੋ ਅਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਵਾਲ਼ ਹੀ ਨੋਚ ਦਵਾਂ... ਨੱਥੂ ਹੁਣ ਕੁਝ ਨਹੀਂ ਹੋ ਸਕਦਾ। ਮੇਰੀ ਝੋਲੀ ਦੇ ਬੇਰ ਜ਼ਮੀਨ 'ਤੇ ਡਿੱਗ ਕੇ... ਸਭ ਦੇ ਸਭ ਖੱਡ ਵਿੱਚ ਜਾ ਪਏ ਹਨ। ਹੁਣ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੀ ਫ਼ਾਇਦਾ? ਉਸਦਾ ਨਾਮ ਪੁੱਛ ਕੇ ਤੁਸੀਂ ਕੀ ਕਰੋਗੇ, ਲੋਕ ਤਾਂ ਮੇਰਾ ਨਾਮ ਭੁੱਲ ਜਾਣਾ ਚਾਹੁੰਦੇ ਹਨ।”

ਨੱਥੂ ਤੰਗ ਆ ਗਿਆ ਅਤੇ ਤੇਜ਼ ਲਹਿਜੇ ਵਿੱਚ ਕਹਿਣ ਲੱਗਾ, “ਤੂੰ... ਤੂੰ ਬੇਵਕੂਫ ਹੈਂ, ਮੈਂ ਤੈਥੋਂ ਕੁਝ ਨਹੀਂ ਪੁੱਛਾਂਗਾ।"

ਉਹ ਉਠ ਕੇ ਜਾਣ ਲੱਗਿਆ ਤਾਂ ਰੂਪਾ ਨੇ ਹੱਥ ਦੇ ਇਸ਼ਾਰੇ ਨਾਲ਼ ਉਸਨੂੰ ਰੋਕਿਆ। ਅਜਿਹਾ ਕਰਦੇ ਹੋਏ ਉਸਦਾ ਰੰਗ ਜ਼ਰਦ ਪੈ ਗਿਆ।

ਨੱਥੂ ਨੇ ਉਸਦੀਆਂ ਗਿੱਲੀਆਂ ਅੱਖਾਂ ਵੱਲ ਵੇਖਿਆ, “ਬੋਲ?”

ਰੂਪਾ ਬੋਲੀ, “ਨੱਥੂ ਭਾਈ, ਮੈਨੂੰ ਮਾਰੋ, ਖ਼ੂਬ ਕੁੱਟੋ। ਸ਼ਾਇਦ ਇਸ ਤਰ੍ਹਾਂ ਮੈਂ ਉਸਦਾ ਨਾਮ ਦੱਸ ਦੇਵਾਂ। ਤੁਹਾਨੂੰ ਯਾਦ ਹੋਵੇਗਾ, ਇੱਕ ਵਾਰ ਮੈਂ ਬਚਪਨ ਵਿੱਚ ਮੰਦਰ ਦੇ ਇੱਕ ਰੁੱਖ ਤੋਂ ਕੱਚੇ ਅੰਬ ਤੋੜੇ ਸਨ ਅਤੇ ਤੁਸੀਂ ਇੱਕ ਹੀ ਚਪੇੜ ਮਾਰ ਕੇ ਮੇਰੇ ਕੋਲ਼ੋਂ ਸੱਚੀ ਗੱਲ ਕਹਾਈ ਸ... ..ਆਓ ਮੈਨੂੰ ਮਾਰੋ, ਇਹ ਚੋਰ ਜਿਸ ਨੂੰ ਮੈਂ ਆਪਣੇ ਮਨ ਵਿੱਚ ਪਨਾਹ ਦੇ ਰੱਖੀ ਹੈ ਬਿਨਾਂ ਮਾਰ ਦੇ ਬਾਹਰ ਨਹੀਂ ਨਿਕਲੇਗਾ।"

ਨੱਥੂ ਖ਼ਾਮੋਸ਼ ਰਿਹਾ। ਇੱਕ ਪਲ ਲਈ ਉਸਨੇ ਕੁਝ ਸੋਚਿਆ, ਫਿਰ ਅਚਾਨਕ ਉਸਨੇ ਰੂਪਾ ਦੀ ਪੀਲੀ ਗੱਲ੍ਹ 'ਤੇ ਏਨੀ ਜ਼ੋਰ ਨਾਲ਼ ਥੱਪੜ ਮਾਰਿਆ ਕਿ ਛੱਤ ਦੇ ਕੁਝ ਸੁੱਕ ਅਤੇ ਗਰਦ ਨਾਲ਼ ਅੱਟੇ ਤਿਣਕੇ ਧਮਕ ਦੇ ਮਾਰੇ ਹੇਠਾਂ ਡਿੱਗ ਪਏ। ਨੱਥੂ ਦੀਆਂ ਸਖ਼ਤ ਉਂਗਲੀਆਂ ਨੇ ਰੂਪਾ ਦੀ ਗੱਲ੍ਹ 'ਤੇ ਕਈ ਨਹਿਰਾਂ ਖੋਦ ਦਿੱਤੀਆਂ।

ਨੱਥੂ ਨੇ ਗਰਜ ਕੇ ਪੁੱਛਿਆ, “ਦੱਸ, ਉਹ ਕੌਣ ਹੈ?”

ਝੋਂਪੜੇ ਦੇ ਬਾਹਰ ਮਾਧਵ ਦੇ ਲੰਗੜੇ ਭਰਾ ਦੀ ਅੱਧੀ ਲੱਤ ਕੰਬੀ। ਚੌਧਰੀ ਜਿਸ ਤਿਣਕੇ ਨਾਲ਼ ਜ਼ਮੀਨ 'ਤੇ ਇੱਕ ਹੋਰ ਤੋਤੇ ਦੀ ਸ਼ਕਲ ਬਣਾ ਰਿਹਾ ਸੀ, ਹੱਥ ਕੰਬਣ ਦੇ ਸਬੱਬ ਦੂਹਰਾ ਹੋ ਗਿਆ। ਮਾਧਵ ਕਾਕਾ ਨੇ ਸਾਰਸ ਵਾਂਗ ਆਪਣੀ ਗਰਦਨ ਉੱਚੀ ਕਰਕੇ ਝੋਂਪੜੇ ਦੇ ਅੰਦਰ ਵੇਖਿਆ। ਅੰਦਰੋਂ ਨੱਥੂ ਦੀ ਗ਼ੁੱਸੇ ਭਰੀ ਆਵਾਜ਼ ਆ ਰਹੀ ਸੀ। ਪਰ ਇਹ ਪਤਾ

138 / ਮੰਟੋ ਦੇ ਅਫ਼ਸਾਨੇ