ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਜਾਂ ਤੁਹਾਡੀ ਸਮਝ ਨੂੰ..."

ਸਤੀਸ਼ ਇਹ ਤਕਰੀਰ ਬਰਦਾਸ਼ਤ ਨਹੀਂ ਕਰ ਸਕਿਆ। ਉੱਲੂ ਦੇ ਪੱਠੇ! ਤੂੰ ਜਾਂਦਾ ਹੈਂ ਕਿ ਨਹੀਂ ਇੱਥੋਂ, ਖੜ੍ਹਾ ਆਪਣੀ ਮੰਤਕ ਛਾਂਟ ਰਿਹਾ ਹੈ, ਜਾ ਜੋ ਕਰਨਾ ਹੈ ਕਰ ਲੈ... ਦੇਖੂੰਗਾ ਤੂੰ ਮੇਰਾ ਕੀ ਵਿਗਾੜ ਲਏਂਗਾ?”

ਨੱਥੂ ਨੇ ਹੌਲ਼ੀ ਜਿਹੇ ਕਿਹਾ, “ਮੈਂ ਤਾਂ ਸੰਵਾਰਨ ਆਇਆ ਸੀ ਛੋਟੇ ਲਾਲਾ ਜੀ... ਤੁਸੀਂ ਨਾਹਕ ਕਿਉਂ ਵਿਗੜ ਰਹੇ ਹੋ, ਤੁਸੀਂ ਕਿਉਂ ਨਹੀਂ ਇਸਦੀ ਬਾਂਹ ਫੜ ਲੈਂਦੇ, ਇਹ ਤੁਹਾਡੀ ਪਤਨੀ ਹੈ।"

“ਪਤਨੀ ਦੇ ਬੱਚੇ ਹੁਣ ਤੂੰ ਆਪਣੀ ਬਕਵਾਸ ਬੰਦ ਕਰੇਗਾ ਜਾਂ ਨਹੀਂ... ਬੱਚਾ ਬੱਚਾ ਕੀ ਬਕ ਰਿਹਾ ਹੈ... ਜਾ ਲੈ ਜਾ ਆਪਣੀ ਇਸ ਕੁਝ ਲੱਗਦੀ ਨੂੰ, ਵਰਨਾ ਯਾਦ ਰੱਖ, ਖੱਲ ਉਧੇੜ ਦੇਵਾਂਗਾ।"

ਨੱਥੂ ਦੇ ਸਭ ਪੱਠੇ ਆਕੜ ਗਏ, "ਭਗਵਾਨ ਦੀ ਕਸਮ, ਮੇਰੇ ਵਿੱਚ ਇੰਨੀ ਸ਼ਕਤੀ ਹੈ ਕਿ ਇਵੇਂ ਹੱਥਾਂ ਵਿੱਚ ਘੁੱਟ ਕੇ ਤੇਰਾ ਸਾਰਾ ਲਹੂ ਨਚੋੜ ਦੇਵਾਂ... ਮੇਰੀ ਖੱਲ ਤੇਰੇ ਇਨ੍ਹਾਂ ਨਾਜ਼ੁਕ ਹੱਥਾਂ ਨਾਲ਼ ਨਹੀਂ ਉਧੜੇਗੀ। ਮੈਂ ਤੇਰੀ ਬੋਟੀ-ਬੋਟੀ ਨੋਚ ਸਕਦਾ ਹਾਂ, ਪਰ ਮੈਂ ਕੁਝ ਨਹੀਂ ਕਰ ਸਕਦਾ। ਮੈਂ ਤੈਨੂੰ ਹੱਥ ਤੱਕ ਨਹੀਂ ਲਾਉਣਾ ਚਾਹੁੰਦਾ... ਤੂੰ ਰੂਪਾ ਦੇ ਬੱਚੇ ਦਾ ਬਾਪ ਹੈਂ, ਤੂੰ ਰੂਪਾ ਦਾ ਪਤੀ ਹੈਂ। ਜੇਕਰ ਮੈਂ ਤੇਰੇ ’ਤੇ ਹੱਥ ਚੁੱਕਿਆ ਤਾਂ ਮੈਨੂੰ ਡਰ ਹੈ ਕਿ ਰੂਪਾ ਦੇ ਦਿਲ ਨੂੰ ਧੱਕਾ ਲੱਗੇਗਾ। ਤੂੰ ਔਰਤਾਂ ਨਾਲ਼ ਮਿਲਦਾ-ਗਿਲਦਾ ਹੈਂ ਤੇ ਤੂੰ ਔਰਤ ਦਾ ਦਿਲ ਨਹੀਂ ਜਾਣਦਾ।”

ਸਤੀਸ਼ ਆਪੇ ਤੋਂ ਬਾਹਰ ਹੋ ਗਿਆ ਅਤੇ ਚੀਖਣ ਲੱਗਾ, “ਤੇਰੀ ਅਤੇ ਤੇਰੀ ਰੂਪਾ ਕੀ ਐਸੀ ਤੈਸੀ... ਨਿਕਲ ਇੱਥੋਂ ਬਾਹਰ।” ਨੱਥੂ ਵਧ ਕੇ ਰੂਪਾ ਦੇ ਅੱਗੇ ਖੜਾ ਹੋ ਗਿਆ ਅਤੇ ਸਤੀਸ਼ ਦੇ ਕੋਲ਼... ਬਿਲਕੁਲ ਕੋਲ਼ ਜਾ ਕੇ ਕਹਿਣ ਲੱਗਾ, “ਛੋਟੇ ਲਾਲਾ ਜੀ, ਮੈਨੂੰ ਮੁਆਫ਼ ਕਰ ਦਿਓ। ਮੈਂ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਹਨ ਜੋ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ, ਮੈਨੂੰ ਮੁਆਫ਼ ਕਰ ਦਿਓ, ਪਰ ਰੂਪਾ ਦਾ ਹੱਥ ਫੜ ਲਓ। ਤੁਸੀਂ ਇਸਦੇ ਪਤੀ ਹੋ, ਇਸਦੇ ਭਾਗ ਵਿੱਚ ਤੁਹਾਡੇ ਬਿਨਾਂ ਹੋਰ ਕੋਈ ਮਰਦ ਨਹੀਂ ਲਿਖਿਆ। ਇਹ ਤੁਹਾਡੀ ਹੈ... ਹੁਣ ਤੁਸੀਂ ਇਸਨੂੰ ਆਪਣਾ ਬਣਾ ਲਓ ... ਇਹ ਵੇਖੋ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਹਾਂ।”

“ਕਿਹੋ ਜਿਹੇ ਵਾਹਿਆਤ ਆਦਮੀ ਨਾਲ਼ ਵਾਹ ਪਿਆ ਹੈ।” ਸਤੀਸ਼ ਨੇ ਕਮਰੇ ਦੇ ਅੰਦਰ ਜਾਂਦੇ ਹੋਏ ਕਿਹਾ, “ਕਹਿੰਦਾ ਹਾਂ ਮੈਂ ਰੂਪਾ-ਵੂਪਾ ਨੂੰ ਨਹੀਂ ਜਾਣਦਾ। ਪਰ ਇਹ ਖਾਹ ਮਖਾਹ ਉਸਨੂੰ ਮੇਰੇ ਪੱਲੇ ਬੰਨ੍ਹ ਰਿਹਾ ਹੈ... ਜਾਓ, ਜਾਓ ਹੋਸ਼ ਦੀ ਦਵਾ ਕਰੋ।”

ਕਮਰੇ ਦਾ ਸਿਰਫ਼ ਇੱਕ ਦਰਵਾਜ਼ਾ ਖੁੱਲ੍ਹਾ ਸੀ, ਜਿਸ ਵਿੱਚੋਂ ਸਤੀਸ਼ ਅੰਦਰ ਦਾਖਲ ਹੋਇਆ ਸੀ। ਅੰਦਰ ਦਾਖਲ ਹੋ ਕੇ ਉਸਨੇ ਇਹ ਦਰਵਾਜ਼ਾ ਬੰਦ ਕਰ ਦਿੱਤਾ। ਨੱਥੂ ਨੇ ਦਰਵਾਜ਼ੇ ਦੀ ਲੱਕੜੀ ਵੱਲ ਵੇਖਿਆ ਤਾਂ ਉਸਨੂੰ ਸਤੀਸ਼ ਦੇ ਚਿਹਰੇ ਅਤੇ ਉਸ ਵਿੱਚ ਕੋਈ ਫ਼ਰਕ ਨਜ਼ਰ ਨਾ ਆਇਆ।

144 / ਮੰਟੇ ਦੇ ਅਫ਼ਸਾਨੇ