ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ੁੱਸੇ ਹੋਈ। ਪਤਾ ਨਹੀਂ ਮੈਂ ਕਿਉਂ ਖੁਸ਼ ਹੋਇਆ ਕਿ ਇਸੇ ਦੌਰਾਨ ਉਸਨੇ ਮੇਰੇ ਵੱਲ ਵੇਖਿਆ ਅਤੇ ਮੈਂ ਉਸ ਵੱਲ। ਅਸੀਂ ਦੋਨੋਂ ਇੱਕੋ ਵੇਲ਼ੇ ਹੱਸ ਪਏ। ਫ਼ਿਜ਼ਾ ਤੇ ਤਾਰੀਆਂ ਦਾ ਛਿੜਕਾ ਜਿਹਾ ਹੋ ਗਿਆ।

ਇਹ ਸਭ ਕੁਝ ਇੱਕ ਪਲ ਦੇ ਅੰਦਰ ਅੰਦਰ ਹੋਇਆ। ਉਸਨੇ ਫਿਰ ਮੇਰੇ ਵੱਲ ਵੇਖਿਆ। ਪਰ ਇਸ ਵਾਰ ਸਵਾਲ ਕਰਨ ਵਾਲੀਆਂ ਸ਼ਰਮ ਭਰੀਆਂ ਅੱਖਾਂ ਨਾਲ਼... ਸ਼ਾਇਦ ਉਹਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਉਸਦੀ ਮੁਸਕਰਾਹਟ ਕਿਸੇ ਗ਼ੈਰ ਮਰਦ ਦੀ ਮੁਸਕਾਨ ਨਾਲ਼ ਜਾ ਟਕਰਾਈ ਹੈ। ਉਸ ਨੇ ਗੂੜ੍ਹੇ ਹਰੇ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਲੱਗਦਾ ਸੀ ਕਿ ਆਲ਼ੇ-ਦੁਆਲ਼ੇ ਦੀ ਹਰਿਆਲੀ ਨੇ ਆਪਣੀ ਹਰਿਆਈ ਉਸੇ ਤੋਂ ਉਧਾਰ ਲਈ ਹੈ। ਉਸਦੀ ਸਲਵਾਰ ਵੀ ਉਸੇ ਰੰਗ ਦੀ ਸੀ। ਜੇਕਰ ਉਸ ਨੇ ਕੁੜਤਾ ਵੀ ਉਸੇ ਰੰਗ ਦਾ ਪਹਿਨਿਆ ਹੁੰਦਾ ਤਾਂ ਦੂਰੋਂ ਵੇਖਣ ਵਾਲ਼ੇ ਇਹੀ ਸਮਝਦੇ ਕਿ ਸੜਕ ਦੇ ਦਰਮਿਆਨ ਇੱਕ ਛੋਟਾ ਜਿਹਾ ਦਰਖਤ ਉੱਗ ਰਿਹਾ ਹੈ।

ਹਵਾ ਦੇ ਮੁਲਾਇਮ ਬੁੱਲੇ ਉਸਦੇ ਹਰੇ ਦੁਪੱਟੇ ਵਿੱਚ ਬੜੀਆਂ ਪਿਆਰੀਆਂ ਲਹਿਰਾਂ ਪੈਦਾ ਕਰ ਰਹੇ ਸਨ। ਖੁਦ ਨੂੰ ਬੇਕਾਰ ਖੜ੍ਹੀ ਵੇਖ ਕੇ ਅਤੇ ਮੈਨੂੰ ਆਪਣੇ ਵੱਲ ਘੂਰਦੇ ਦੇਖ ਕੇ ਉਹ ਬੇਚੈਨ ਜਿਹੀ ਹੋ ਗਈ ਅਤੇ ਏਧਰ-ਉੱਧਰ ਇਵੇਂ ਵੇਖਿਆ ਕਿ ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਵੇ। ਫਿਰ ਆਪਣੇ ਦੁਪੱਟੇ ਨੂੰ ਸੰਵਾਰ ਕੇ ਉਸਨੇ ਉਸ ਪਾਸੇ ਦਾ ਰੁਖ ਕੀਤਾ, ਜਿੱਧਰ ਗਊਆਂ ਆਹਿਸਤਾ-ਆਹਿਸਤਾ ਜਾ ਰਹੀਆਂ ਸਨ।

ਮੈਂ ਉਸ ਤੋਂ ਕੁਝ ਫ਼ਾਸਲੇ ਉੱਤੇ ਖੱਬੇ ਹੱਥ ਪੱਥਰਾਂ ਦੇ ਕੋਲ਼ ਖੜ੍ਹਾ ਸੀ, ਜੋ ਸੜਕ ਦੇ ਕੰਢੇ ਕੰਢੇ ਦੀਵਾਰ ਦੀ ਸ਼ਕਲ ਵਿੱਚ ਚਿਣੇ ਹੋਏ ਸਨ। ਜਦੋਂ ਉਹ ਮੇਰੇ ਨੇੜੇ ਆਈ ਤਾਂ ਗ਼ੈਰ ਇਰਾਦੀ ਤੌਰ 'ਤੇ ਉਸਨੇ ਮੇਰੇ ਵੱਲ ਨਜ਼ਰਾਂ ਉਠਾਈਆਂ ਪਰ ਫ਼ੌਰਨ ਸਿਰ ਨੂੰ ਝਟਕ ਕੇ ਝੁਕਾ ਲਈਆਂ। ਚਿੱਤੜ ਮਟਕਾਉਂਦੀ ਅਤੇ ਸੋਟੀ ਹਿਲਾਉਂਦੀ ਉਹ ਮੇਰੇ ਕੋਲ਼ੋਂ ਇਵੇਂ ਲੰਘੀ ਜਿਵੇਂ ਕਦੇ ਕਦੇ ਮੇਰਾ ਆਪਣਾ ਖਿਆਲ ਮੇਰੇ ਜ਼ਿਹਨ ਨਾਲ਼ ਆਪਣਾ ਮੋਢਾ ਰਗੜ ਕੇ ਲੰਘ ਜਾਇਆ ਕਰਦਾ ਹੈ।

ਉਸਦੇ ਸਲੀਪਰ ਜੋ ਸ਼ਾਇਦ ਉਸਦੇ ਪੈਰਾਂ ਵਿੱਚ ਖੁੱਲ੍ਹੇ ਸਨ, ਸੜਕ ਉੱਤੇ ਘਿਸਟਣ ਨਾਲ਼ ਸ਼ੋਰ ਪੈਦਾ ਕਰ ਰਹੇ ਸਨ। ਥੋੜ੍ਹੀ ਦੂਰ ਜਾ ਕੇ ਉਸਨੇ ਆਪਣੇ ਕਦਮ ਤੇਜ਼ ਕੀਤੇ ਅਤੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ। ਵੀਹ-ਪੰਝੀ ਗਜ਼ ਦੇ ਫ਼ਾਸਲੇ ਉੱਤੇ ਉਹ ਪੱਥਰਾਂ ਦੀ ਚਿਣੀ ਹੋਈ ਦੀਵਾਰ ਉੱਤੇ ਫੁਰਤੀ ਨਾਲ਼ ਚੜ੍ਹੀ ਅਤੇ ਮੈਨੂੰ ਇੱਕ ਨਜ਼ਰ ਵੇਖ ਕੇ ਦੂਜੇ ਪਾਸੇ ਕੁੱਦ ਗਈ। ਫਿਰ ਦੌੜ ਕੇ ਇੱਕ ਝੌਂਪੜੇ ਉੱਪਰ ਚੜ੍ਹ ਕੇ ਬਨੇਰੇ 'ਤੇ ਬੈਠ ਗਈ।

ਉਸਦੀਆਂ ਇਹ ਹਰਕਤਾਂ.. ਯਾਨੀ... ਯਾਨੀ... ਮੇਰੇ ਵੱਲ ਉਸਦਾ ਤਿੰਨ ਵਾਰ ਮੁੜ-ਮੁੜ ਕੇ ਵੇਖਣਾ... ਕੀ ਉਸਦੀ ਮੁਸਕਰਾਹਟ ਦੇ ਨਾਲ਼ ਮੇਰੀ ਮੁਸਕਾਨ ਦੇ ਕੁਝ ਜ਼ੱਰੇ ਤਾਂ ਨਹੀਂ ਚਿਮਟ ਕੇ ਰਹਿ ਗਏ ਸਨ?... ਇਸ ਖ਼ਿਆਲ ਨੇ ਮੇਰੀ ਨਬਜ਼ ਦੀ ਧੜਕਨ ਤੇਜ਼ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਮੈਨੂੰ ਥਕਾਵਟ ਜਿਹੀ ਮਹਿਸੂਸ ਹੋਣ ਲੱਗੀ। ਮੇਰੇ ਪਿੱਛੇ ਝਾੜੀਆਂ ਵਿੱਚ ਜੰਗਲ ਦੇ ਪੰਛੀ ਗੀਤ ਬਰਸਾ ਰਹੇ ਸਨ। ਹਵਾ ਵਿੱਚ ਘੁਲ਼ਿਆ ਹੋਇਆ ਸੰਗੀਤ ਮੈਨੂੰ

148 / ਮੰਟੇ ਦੇ ਅਫ਼ਸਾਨੇ