ਸਲਾਮ ਕਰਨ ਲਈ ਆਪਣਾ ਹੱਥ ਮੱਥੇ ਵੱਲ ਵਧਾਇਆ। ਪਰ ਫ਼ੌਰਨ ਇਸ ਅਹਿਮਕਾਨਾ ਹਰਕਤ ਤੋਂ ਸੁਚੇਤ ਹੋ ਕੇ ਹੱਥ ਨੂੰ ਉਂਝ ਹੀ ਹਵਾ ਵਿੱਚ ਹਿਲਾ ਦਿੱਤਾ ਅਤੇ ਸੀਟੀ ਵਜਾਉਂਦੇ ਹੋਏ ਕਦਮ ਤੇਜ਼ ਕਰ ਦਿੱਤੇ।
ਮਈ ਦਾ ਗਰਮ ਦਿਨ ਸ਼ਾਮ ਦੀ ਠੰਢਕ ਵਿੱਚ ਆਹਿਸਤਾ ਆਹਿਸਤਾ ਘੁਲ਼ ਰਿਹਾ ਸੀ। ਸਾਹਮਣੇ ਪਹਾੜੀਆਂ ਉੱਤੇ ਹਲਕਾ ਜਿਹਾ ਧੂੰਆਂ ਛਾ ਗਿਆ ਸੀ, ਜਿਵੇਂ ਖੁਸ਼ੀ ਦੇ ਅੱਥਰੂ ਅੱਖਾਂ ਦੇ ਅੱਗੇ ਇੱਕ ਚਾਦਰ ਜਿਹੀ ਤਾਣ ਦਿੰਦੇ ਹਨ। ਇਸ ਧੁੰਦਲਕੇ ਵਿੱਚ ਚੀੜ ਦੇ ਦਰਖਤ ਅਵਚੇਤਨ ਵਿੱਚ ਛੁਪੇ ਹੋਏ ਖ਼ਿਆਲ ਲੱਗੇ, ਇਹ ਇੱਕ ਹੀ ਕਤਾਰ ਵਿੱਚ ਫੈਲਦੇ ਚਲੇ ਗਏ ਸਨ।
ਮੇਰੇ ਕੋਲ਼ ਹੀ ਇੱਕ ਮੋਟਾ ਜਿਹਾ ਕਾਂ ਆਪਣੇ ਸਿਆਹ ਅਤੇ ਚਮਕੀਲੇ ਖੰਭ ਫੈਲਾਈ ਸੁਸਤਾ ਰਿਹਾ ਸੀ। ਹਵਾ ਦਾ ਹਰ ਬੁੱਲਾ ਮੇਰੇ ਜਿਸਮ ਦੇ ਉਨ੍ਹਾਂ ਹਿੱਸਿਆਂ ਦੇ ਨਾਲ਼ ਛੂਹ ਕੇ ਜੋ ਕੱਪੜਿਆਂ ਤੋਂ ਆਜ਼ਾਦ ਸਨ, ਇੱਕ ਅਜਿਹੀ ਮੁਹੱਬਤ ਦਾ ਸੁਨੇਹਾ ਦੇ ਰਿਹਾ ਸੀ ਜਿਸ ਤੋਂ ਮੇਰਾ ਦਿਲ ਇਸਤੋਂ ਪਹਿਲਾਂ ਬਿਲਕੁਲ ਅਣਜਾਣ ਸੀ। ਮੈਂ ਅਸਮਾਨ ਵੱਲ ਨਜ਼ਰਾਂ ਉਠਾਈਆਂ, ਅਤੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ ਮੇਰੇ ਵੱਲ ਹੈਰਤ ਨਾਲ਼ ਵੇਖ ਕੇ ਇਹ ਕਹਿਣਾ ਚਾਹੁੰਦਾ ਹੈ, “ਸੋਚਦੇ ਕੀ ਹੋ... ਜਾਓ ਮੁਹੱਬਤ ਕਰੋ!”
ਮੈਂ ਸੜਕ ਦੇ ਕੰਢੇ ਪੱਥਰਾਂ ਦੀ ਦੀਵਾਰ ਉੱਤੇ ਬੈਠ ਗਿਆ ਅਤੇ ਉਸ... ਉਸ ਵੱਲ ਡਰਦੇ ਡਰਦੇ ਵੇਖਿਆ ਕਿ ਮਤੇ ਕੋਈ ਰਾਹੀ ਸਾਰਾ ਮਾਮਲਾ ਤਾੜ ਜਾਵੇ। ਉਹ ਉਸੇ ਤਰ੍ਹਾਂ ਸਿਰ ਝੁਕਾਈ ਆਪਣੀ ਜਗ੍ਹਾ ਉੱਤੇ ਬੈਠੀ ਸੀ। ਉਸਨੂੰ ਇਸ ਖੇਡ ਵਿੱਚ ਕੀ ਲੁਤਫ਼ ਆਉਂਦਾ ਹੈ...? ਉਹ ਅਜੇ ਤੱਕ ਥੱਕੀ ਨਹੀਂ? ਕੀ ਉਸਨੇ ਸੱਚਮੁੱਚ ਦੁਬਾਰਾ ਮੇਰੇ ਵੱਲ ਮੁੜ ਕੇ ਵੇਖਿਆ? ਕੀ ਉਹ ਜਾਣਦੀ ਹੈ ਕਿ ਮੈਂ ਉਸਦੀ ਮੁਹੱਬਤ ਵਿੱਚ ਗਿਰਫ਼ਤਾਰ ਹਾਂ...?” ਆਖਿਰੀ ਸਵਾਲ ਕਿੰਨਾ ਹਾਸੋਹੀਣਾ ਸੀ... ਮੈਂ ਝੇਂਪ ਗਿਆ। ਪਰ... ਪਰ ਇਸਦੇ ਬਾਵਜੂਦ ਉਸ ਨੂੰ ਦੇਖਣ ਤੋਂ ਖੁਦ ਨੂੰ ਬਾਜ਼ ਨਾ ਰੱਖ ਸਕਿਆ।
ਇੱਕ ਵਾਰ ਜਦੋਂ ਮੈਂ ਉਸ ਨੂੰ ਦੇਖਣ ਲਈ ਆਪਣੀ ਗਰਦਨ ਮੋੜੀ ਤਾਂ ਕੀ ਵੇਖਦਾ ਹਾਂ ਕਿ ਉਸਦਾ ਮੂੰਹ ਮੇਰੇ ਵੱਲ ਹੈ ਅਤੇ ਉਹ ਮੈਨੂੰ ਵੇਖ ਰਹੀ ਹੈ... ਮੈਂ ਨਸ਼ਿਆ ਗਿਆ। ਮੇਰੇ ਅਤੇ ਉਸਦੇ ਦਰਮਿਆਨ ਭਾਵੇਂ ਫ਼ਾਸਲਾ ਕਾਫ਼ੀ ਸੀ ਪਰ ਮੇਰੀਆਂ ਅੱਖਾਂ ਜਿਨ੍ਹਾਂ ਵਿੱਚ ਮੇਰੇ ਦਿਲ ਦੀ ਨਿਗਾਹ ਵੀ ਚਲੀ ਆਈ ਸੀ, ਮਹਿਸੂਸ ਕਰ ਰਹੀਆਂ ਸਨ ਕਿ ਉਹ ਸੁਪਨਿਆਂ ਦਾ ਘੁੰਢ ਕੱਢੀ ਮੇਰੇ ਵੱਲ ਵੇਖ ਰਹੀ ਹੈ। ਮੇਰੇ ਵੱਲ... ਮੇਰੇ ਵੱਲ!
ਮੇਰੇ ਸੀਨੇ ਵਿੱਚੋਂ ਬੇ-ਅਖ਼ਤਿਆਰ ਆਹ ਨਿਕਲ ਗਈ... ਇਹ ਅਜੀਬ ਗੱਲ ਹੈ ਕਿ ਸੁਖ ਅਤੇ ਚੈਨ ਦਾ ਹੱਥ ਵੀ ਦਰਦ ਭਰੀਆਂ ਤਾਰਾਂ ਉੱਤੇ ਹੀ ਪੈਂਦਾ ਹੈ। ਇਸ ਆਹ ਵਿੱਚ ਕਿੰਨੀ ਰਾਹਤ ਸੀ... ਕਿੰਨਾ ਚੈਨ ਸੀ। ਉਸ ਕੁੜੀ ਨੇ ਜੋ ਮੇਰੇ ਸਾਹਮਣੇ ਝੌਂਪੜੇ ਦੀ ਛੱਤ ਉੱਤੇ ਬੈਠੀ ਸੀ। ਮੇਰੇ ਸ਼ਬਾਬ ਦੇ ਹਰ ਰੰਗ ਨੂੰ ਸ਼ੋਖ ਕਰ ਦਿੱਤਾ ਸੀ। ਮੇਰੇ ਰੋਮ ਰੋਮ ਵਿੱਚੋਂ ਮੁਹੱਬਤ ਫੁੱਟ ਰਹੀ ਸੀ। ਕਾਵਿਕਤਾ ਜੋ ਮੇਰੇ ਸੀਨੇ ਦੇ ਕਿਸੇ ਅਗਿਆਤ ਕੋਨੇ ਵਿੱਚ ਸੁੱਤੀ ਪਈ ਸੀ, ਹੁਣ ਬੇਦਾਰ ਹੋ ਚੁੱਕੀ ਸੀ... ਕੀ ਅੱਲ੍ਹੜਪਣ ਅਤੇ ਕਾਵਿਕਤਾ ਜੁੜਵੀਆਂ ਭੈਣਾਂ ਨਹੀਂ?
150 / ਮੰਟੇ ਦੇ ਅਫ਼ਸਾਨੇ