ਜੇਕਰ ਉਸ ਵਕਤ ਉਹ ਮੇਰੇ ਨਾਲ਼ ਗੱਲ ਕਰਦੀ ਤਾਂ ਮੈਂ ਇੱਕ ਲਫ਼ਜ਼ ਤੱਕ ਆਪਣੀ ਜ਼ਬਾਨ ਤੋਂ ਨਾ ਕੱਢਦਾ। ਖਾਮੋਸ਼ੀ ਮੇਰੀ ਤਰਜਮਾਨ ਹੁੰਦੀ... ਮੇਰੀ ਗੁੰਗੀ ਜ਼ਬਾਨ ਕਿੰਨੀਆਂ ਗੱਲਾਂ ਉਸ ਤੱਕ ਪਹੁੰਚਾ ਦਿੰਦੀ। ਮੈਂ ਉਸ ਨੂੰ ਆਪਣੀ ਖਾਮੋਸ਼ੀ ਵਿੱਚ ਲਪੇਟ ਲੈਂਦਾ... ਉਹ ਜ਼ਰੂਰ ਹੈਰਾਨ ਹੁੰਦੀ ਅਤੇ ਇਸ ਹਾਲਤ ਵਿੱਚ ਬੜੀ ਪਿਆਰੀ ਲੱਗਦੀ। ਇਸ ਖਿਆਲ ਨਾਲ਼ ਕਿ ਰਸਤੇ ਵਿੱਚ ਇਵੇਂ ਬੇਕਾਰ ਖੜ੍ਹੇ ਰਹਿਣਾ ਠੀਕ ਨਹੀਂ, ਮੈਂ ਦੀਵਾਰ ਉੱਤੋਂ ਉੱਠਿਆ... ਮੇਰੇ ਸਾਹਮਣੇ ਟਿੱਲੇ ਉੱਤੇ ਜਾਣ ਲਈ ਇੱਕ ਪਗਡੰਡੀ ਸੀ। ਪਰ ਟਿੱਲੇ ਦੇ ਕਿਸੇ ਪੱਥਰ ਉੱਤੇ ਬੈਠ ਕੇ ਮੈਂ ਉਸ ਨੂੰ ਬਖੂਬੀ ਵੇਖ ਸਕਦਾ ਸੀ। ਸੋ ਦਰਖਤਾਂ ਦੀਆਂ ਜੜਾਂ ਅਤੇ ਝਾੜੀਆਂ ਦਾ ਸਹਾਰਾ ਲੈ ਕੇ ਮੈਂ ਉੱਪਰ ਚੜ੍ਹਨਾ ਸ਼ੁਰੂ ਕੀਤਾ। ਰਸਤੇ ਵਿੱਚ ਦੋ ਤਿੰਨ ਵਾਰ ਮੇਰਾ ਪੈਰ ਫਿਸਲਿਆ ਅਤੇ ਨੋਕੀਲੇ ਪੱਥਰਾਂ ਉੱਤੇ ਡਿੱਗਦੇ ਡਿੱਗਦੇ ਬਚਿਆ।
ਟਿੱਲੇ ਉੱਪਰ ਜਿੱਥੇ ਪੱਥਰ ਨਹੀਂ ਸੀ, ਕਿਤੇ ਕਿਤੇ ਜ਼ਮੀਨ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਆਲੂ ਬੀਜੇ ਹੋਏ ਸਨ। ਇਸ ਕਿਸਮ ਦੇ ਇੱਕ ਨੰਨ੍ਹੇ ਜਿਹੇ ਖੇਤ ਨੂੰ ਤੈਅ ਕਰਕੇ ਮੈਂ ਇੱਕ ਪੱਥਰ ਉੱਤੇ ਬੈਠ ਗਿਆ ਅਤੇ ਟੋਪੀ ਲਾਹ ਕੇ ਇੱਕ ਪਾਸੇ ਰੱਖ ਦਿੱਤੀ। ਮੇਰੇ ਸੱਜੇ ਹੱਥ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਜਿਸ ਵਿੱਚ ਕਣਕ ਉੱਗੀ ਹੋਈ ਸੀ।
ਚੜ੍ਹਾਈ ਦੀ ਵਜ੍ਹਾ ਨਾਲ਼ ਮੇਰਾ ਦਮ ਫੁੱਲ ਗਿਆ ਪਰ ਸ਼ਾਮ ਦੀ ਠੰਢੀ ਹਵਾ ਨੇ ਇਹ ਬਕਾਵਟ ਫ਼ੌਰਨ ਹੀ ਦੂਰ ਕਰ ਦਿੱਤੀ। ਅਤੇ ਮੈਂ ਜਿਸ ਕੰਮ ਲਈ ਆਇਆ ਸੀ, ਉਸ ਵਿੱਚ ਮਸ਼ਗੂਲ ਹੋ ਗਿਆ।
ਹੁਣ ਉਹ ਝੌਂਪੜੇ ਦੀ ਛੱਤ ਉੱਪਰ ਖੜ੍ਹੀ ਸੀ ਅਤੇ ਖੁਦਾ ਜਾਣੇ ਉਹ ਕੈਸੀਆਂ ਕੈਸੀਆਂ ਅਨੋਖੀਆਂ ਅਵਾਜ਼ਾਂ ਕੱਢ ਰਹੀ ਸੀ। ਮੇਰਾ ਖਿਆਲ ਹੈ ਕਿ ਉਹ ਉਨ੍ਹਾਂ ਦੋਨੋਂ ਬੱਕਰੀਆਂ ਨੂੰ ਸੜਕ ਉੱਤੇ ਚੜ੍ਹਨ ਤੋਂ ਰੋਕ ਰਹੀ ਸੀ, ਜੋ ਘਾਹ ਚਰਦੀਆਂ ਹੋਈਆਂ ਆਹਿਸਤਾ ਆਹਿਸਤਾ ਉੱਪਰ ਦਾ ਰੁਖ਼ ਕਰ ਰਹੀਆਂ ਸਨ। ਹਵਾ ਤੇਜ਼ ਸੀ। ਕਣਕ ਦੀਆਂ ਪੱਕੀਆਂ ਹੋਈਆਂ ਬੱਲੀਆਂ ਖੁਰ ਖੁਰ ਕਰਦੀ ਹੋਈ ਬਿੱਲੀ ਦੀਆਂ ਮੁੱਛਾਂ ਦੀ ਤਰ੍ਹਾਂ ਥਰਥਰਾ ਰਹੀਆਂ ਸਨ। ਝਾੜੀਆਂ ਵਿੱਚ ਹਵਾ ਦੀਆਂ ਸੀਟੀਆਂ ਸ਼ਾਮ ਦੀ ਖ਼ਾਮੋਸ਼ ਫ਼ਿਜ਼ਾ ਵਿੱਚ ਸਰਸਰਾਹਟ ਪੈਦਾ ਕਰ ਰਹੀਆਂ ਸਨ।
ਮਿੱਟੀ ਦੇ ਢੇਲਿਆਂ ਨਾਲ਼ ਖੇਡਦਾ ਮੈਂ ਉਸ ਵੱਲ ਬਹੁਤ ਦੇਰ ਤੱਕ ਵੇਖਦਾ ਰਿਹਾ। ਉਹ ਹੁਣ ਝੌਂਪੜੇ ਉੱਤੇ ਵੱਡੇ ਅਜੀਬ ਅੰਦਾਜ਼ ਨਾਲ਼ ਟਹਿਲ ਰਹੀ ਸੀ। ਇੱਕ ਵਾਰ ਉਸਨੇ ਆਪਣੇ ਸਿਰ ਨੂੰ ਜੁੰਬਸ਼ ਦਿੱਤੀ ਤਾਂ ਮੈਂ ਸਮਝਿਆ ਕਿ ਉਹ ਮੇਰੀ ਹਾਜ਼ਰੀ ਤੋਂ ਬਾਖ਼ਬਰ... ਮੈਨੂੰ ਵੇਖ ਰਹੀ ਹੈ... ਮੇਰੀ ਹਸਤੀ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ।
ਪਤਾ ਨਹੀਂ ਕਿੰਨੀ ਦੇਰ ਤੱਕ ਮੈਂ ਉੱਥੇ ਬੈਠਾ ਰਿਹਾ? ਅਚਾਨਕ ਬਦਲੀਆਂ ਘਿਰ ਆਈਆਂ ਅਤੇ ਮੀਂਹ ਸ਼ੁਰੂ ਹੋ ਗਿਆ। ਮੇਰੇ ਕੱਪੜੇ ਭਿੱਜ ਰਹੇ ਸਨ ਪਰ ਮੈਂ ਉੱਥੋਂ ਕਿਵੇਂ ਜਾ ਸਕਦਾ ਸੀ ਜਦੋਂਕਿ ਉਹ... ਉਥੇ ਹੀ ਛੱਤ ਉੱਪਰ ਖੜ੍ਹੀ ਸੀ। ਇਸ ਖਿਆਲ ਨਾਲ਼ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹ ਸਿਰਫ਼ ਮੇਰੀ ਖਾਤਰ ਮੀਂਹ ਵਿੱਚ ਭਿੱਜ ਰਹੀ ਹੈ।
ਅਚਾਨਕ ਮੀਂਹ ਤੇਜ਼ ਹੋ ਗਿਆ। ਉਹ ਉੱਠੀ ਅਤੇ ਮੇਰੇ ਵੱਲ ਵੇਖੇ ਬਗੈਰ... ਹਾਂ,
151 / ਮੰਟੇ ਦੇ ਅਫ਼ਸਾਨੇ