ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਊਣ ਦੀ ਖਾਹਿਸ਼ ਨਹੀਂ ਸੀ ਅਤੇ ਜਿਸ ਨੂੰ ਜਿਊਣ ਦੀ ਖਾਹਿਸ਼ ਨਾ ਹੋਵੇ ਜੋ ਹਰ ਜਿਊਣ ਵਾਲ਼ੇ ਨੂੰ ਤਅੱਜੁਬ ਨਾਲ਼ ਵੇਖਦਾ ਹੋਵੇ, ਕੀ ਤੁਸੀਂ ਉਸ ਤੋਂ ਇਹ ਚਾਹੁੰਦੇ ਹੋ ਕਿ ਉਹ ਇਸ ਸੰਗੀਨ ਇਮਾਰਤ ਵਿੱਚ ਆ ਕੇ ਦੋ-ਤਿੰਨ ਸਾਲ ਦੀ ਕੈਦ ਤੋਂ ਬਚਣ ਲਈ ਝੂਠ ਬੋਲੇ? ਜੱਜ ਸਾਹਿਬ ਤੁਸੀਂ ਉਸ ਨਾਲ਼ ਗੱਲ ਕਰ ਰਹੇ ਹੋ ਜਿਸਦੀ ਜ਼ਿੰਦਗੀ ਕੈਦ ਨਾਲ਼ੋਂ ਵਧ ਭੈੜੀ ਰਹੀ ਹੈ!"

ਜੱਜ ਉੱਤੇ ਜ਼ਰਦ-ਮੂੰਹ ਇਕਬਾਲ ਦੀ ਬੇਜੋੜ ਜਜ਼ਬਾਤੀ ਗੱਲਬਾਤ ਕੋਈ ਅਸਰ ਨਾ ਕਰ ਸਕੀ ਅਤੇ ਚਾਰ-ਪੰਜ ਪੇਸ਼ੀਆਂ ਦੀ ਇੱਕ-ਸੁਰ ਸੁਣਵਾਈ ਦੇ ਬਾਅਦ ਉਸਨੂੰ ਦੋ ਮਹੀਨੇ ਦੀ ਸਧਾਰਨ ਕੈਦ ਦਾ ਹੁਕਮ ਸੁਣਾ ਦਿੱਤਾ ਗਿਆ। ਸਜ਼ਾ ਦਾ ਹੁਕਮ ਮੁਜ਼ਰਿਮ ਨੇ ਬੜੇ ਇਤਮੀਨਾਨ ਨਾਲ਼ ਸੁਣਿਆ ਪਰ ਅਚਾਨਕ ਉਸ ਦੇ ਹੱਡਲ ਚਿਹਰੇ ਉੱਤੇ ਜ਼ਹਿਰੀਲੀ ਤਨਜ਼ ਦੇ ਲੱਛਣ ਪੈਦਾ ਹੋਏ ਅਤੇ ਉਸ ਦੇ ਬਰੀਕ ਹੋਠਾਂ ਦੇ ਸਿਰੇ ਮਿਚ ਗਏ, ਮੁਸਕਰਾਉਂਦੇ ਹੋਏ ਉਸ ਨੇ ਜੱਜ ਨੂੰ ਮੁਖਾਤਿਬ ਕਰਕੇ ਕਿਹਾ—

“ਤੁਸੀਂ ਮੁਕੱਦਮੇ ਦੀ ਪੂਰੀ ਕਾਰਵਾਈ ਵਿੱਚ ਬਹੁਤ ਮਿਹਨਤ ਕੀਤੀ ਹੈ ਜਿਸ ਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਮੁਕੱਦਮੇ ਦੀ ਇਬਾਰਤ ਨੂੰ ਤੁਸੀਂ ਜਿਸ ਨਫ਼ਾਸਤ ਨਾਲ਼ ਇਨ੍ਹਾਂ ਲੰਬੇ ਲੰਬੇ ਕਾਗ਼ਜ਼ਾਂ ਉੱਤੇ ਆਪਣੇ ਹੱਥਾਂ ਨਾਲ਼ ਟਾਈਪ ਕੀਤਾ ਹੈ ਉਹ ਵੀ ਦਾਦ ਦੇ ਕਾਬਿਲ ਹੈ ਅਤੇ ਤੁਸੀਂ ਗੱਲ ਗੱਲ ਵਿੱਚ ਤਾਜ਼ੀਰਾਤੇ-ਏ-ਹਿੰਦ ਦੀ ਭਾਰੀ ਭਰਕਮ ਕਿਤਾਬ ਵਿੱਚੋਂ ਧਾਰਾਵਾਂ ਦਾ ਹਵਾਲਾ ਜਿਸ ਫੁਰਤੀ ਨਾਲ਼ ਦਿੱਤਾ ਹੈ, ਉਸ ਤੋਂ ਤੁਹਾਡੀ ਯਾਦਾਸ਼ਤ ਦੀ ਖੂਬੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਾਨੂੰਨ ਜਿੱਥੇ ਤੱਕ ਮੈਂ ਅੰਦਾਜ਼ਾ ਲਾਇਆ ਹੈ ਇੱਕ ਪਰਦਾ ਨਸ਼ੀਨ ਨਾਰੀ ਹੈ ਜਿਸਦੀ ਇੱਜ਼ਤ ਦੀ ਰਾਖੀ ਲਈ ਤੁਸੀਂ ਲੋਕ ਮੁਕੱਰਰ ਕੀਤੇ ਗਏ ਹੋ ਅਤੇ ਮੈਨੂੰ ਭਰੋਸਾ ਹੈ ਕਿ ਤੁਸੀਂ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ, ਪਰ ਮੈਨੂੰ ਅਫ਼ਸੋਸ ਹੈ ਕਿ ਤੁਸੀਂ ਇੱਕ ਅਜਿਹੀ ਨਾਰੀ ਦੀ ਹਿਫ਼ਾਜ਼ਤ ਕਰ ਰਹੇ ਹੋ ਜਿਸ ਨੂੰ ਹਰ ਚਲਾਕ ਆਦਮੀ ਆਪਣੀ ਰਖੈਲ ਬਣਾ ਕੇ ਰੱਖ ਸਕਦਾ ਹੈ।"

ਇਹ ਸ਼ਬਦ ਅਦਾਲਤ ਦੀ ਤੌਹੀਨ ਖ਼ਿਆਲ ਕੀਤੀ ਗਈ ਅਤੇ ਇਸ ਜੁਰਮ ਦੀ ਦੋਸ਼ੀ ਵਜੋਂ ਇਕਬਾਲ ਦੀ ਕੈਦ ਦੋ ਮਹੀਨੇ ਹੋਰ ਵਧਾ ਦਿੱਤੀ ਗਈ। ਇਹ ਹੁਕਮ ਸੁਣ ਕੇ ਇਕਬਾਲ ਦੇ ਪਤਲੇ ਹੋਠਾਂ ਉੱਤੇ ਫਿਰ ਮੁਸਕਰਾਹਟ ਪੈਦਾ ਹੋਈ।

ਇਕਬਾਲ ਨੇ ਹੋਠਾਂ ਵਿੱਚ ਕਿਹਾ, “ਪਹਿਲਾਂ ਦੋ ਮਹੀਨੇ ਸਨ, ਹੁਣ ਚਾਰ ਹੋ ਗਏ।” ਅਤੇ ਫਿਰ ਜੱਜ ਨੂੰ ਮੁਖ਼ਾਤਿਬ ਹੋ ਕੇ ਪੁੱਛਿਆ, “ਤੁਹਾਨੂੰ ਤਾਜ਼ੀਰਾਤ-ਏ-ਹਿੰਦ ਦੀਆਂ ਸਭ ਧਾਰਾਵਾਂ ਮੂੰਹ ਜ਼ੁਬਾਨੀ ਯਾਦ ਹਨ। ਕੀ ਤੁਸੀਂ ਮੈਨੂੰ ਕੋਈ ਇਸ ਤੌਹੀਨ ਦੀ ਕਿਸਮ ਦਾ ਹਾਨੀ-ਰਹਿਤ ਜੁਰਮ ਦੱਸ ਸਕਦੇ ਹੋ, ਜਿਸ ਦੇ ਕਰਨ ਨਾਲ਼ ਤੁਹਾਡੀ ਅਦਾਲਤ ਮੇਰੀ ਗਰਦਨ ਜੱਲਾਦ ਦੇ ਹਵਾਲੇ ਕਰ ਸਕੇ। ਮੈਂ ਇਸ ਦੁਨੀਆ ਵਿੱਚ ਜ਼ਿੰਦਾ ਨਹੀਂ ਰਹਿਣਾ ਚਾਹੁੰਦਾ। ਜਿੱਥੇ ਗ਼ਰੀਬਾਂ ਨੂੰ ਜੀਣ ਲਈ ਹਵਾ ਦੇ ਕੁਝ ਪਾਕੀਜ਼ਾ ਬੁੱਲੇ ਵੀ ਨਸੀਬ ਨਹੀਂ ਹੁੰਦੇ ਅਤੇ ਜਿਸ ਦੇ ਬਣਾਏ ਕਾਨੂੰਨ ਮੇਰੀ ਸਮਝ ਤੋਂ ਉੱਪਰ ਹੋਣ। ਕੀ ਤੁਹਾਡਾ ਇਹ ਕਾਨੂੰਨ ਅਜੀਬ-ਓ-ਗ਼ਰੀਬ ਨਹੀਂ ਜਿਸ ਨੇ ਇਸ ਗੱਲ ਦੀ ਤਹਕੀਕ ਕੀਤੇ ਬਿਨਾਂ ਕਿ ਮੈਂ ਖੁਦਕਸ਼ੀ ਦੀ ਕੋਸ਼ਿਸ਼ ਕਿਉਂ

157 / ਮੰਟੇ ਦੇ ਅਫ਼ਸਾਨੇ