ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਗੋ

ਤਸੱਲੀਆਂ ਅਤੇ ਦਿਲਾਸੇ ਬੇਕਾਰ ਹਨ। ਲੋਹੇ ਅਤੇ ਸੋਨੇ ਦੇ ਇਸ ਮਿਸ਼ਰਨ ਵਿੱਚੋਂ ਛਟਾਂਕਾਂ ਫੱਕ ਚੁੱਕਿਆ ਹਾਂ। ਕਿਹੜੀ ਦਵਾਈ ਹੈ ਜੋ ਮੇਰੇ ਹਲਕ ਵਿੱਚ ਨਹੀਂ ਲਾਹੀ ਗਈ। ਮੈਂ ਤੁਹਾਡੇ ਅਖਲਾਕ ਦਾ ਧੰਨਵਾਦੀ ਹਾਂ ਪਰ ਡਾਕਟਰ ਸਾਹਿਬ ਮੇਰੀ ਮੌਤ ਯਕੀਨੀ ਹੈ। ਤੁਸੀਂ ਕਿਵੇਂ ਕਹਿ ਰਹੇ ਹੋ ਕਿ ਮੈਂ ਤਪਦਿਕ ਦਾ ਮਰੀਜ਼ ਨਹੀਂ। ਕੀ ਮੈਂ ਹਰ ਰੋਜ਼ ਖੂਨ ਨਹੀਂ ਥੁੱਕਦਾ?

ਤੁਸੀਂ ਇਹੀ ਕਹੋਗੇ ਕਿ ਮੇਰੇ ਗਲ਼ੇ ਅਤੇ ਦੰਦਾਂ ਦੀ ਖਰਾਬੀ ਦਾ ਨਤੀਜਾ ਹੈ ਪਰ ਮੈਂ ਸਭ ਕੁਝ ਜਾਣਦਾ ਹਾਂ। ਮੇਰੇ ਦੋਵੇਂ ਫੇਫੜੇ ਮੱਖੀਆਂ ਦੇ ਛੱਤੇ ਦੀ ਤਰ੍ਹਾਂ ਜਾਲ ਬਣ ਚੁੱਕੇ ਹਨ। ਤੁਹਾਡੇ ਇੰਜੈਕਸ਼ਨ ਮੈਨੂੰ ਦੁਬਾਰਾ ਜ਼ਿੰਦਗੀ ਨਹੀਂ ਬਖ਼ਸ਼ ਸਕਦੇ। ਵੇਖੋ, ਮੈਂ ਇਸ ਵਕਤ ਤੁਹਾਡੇ ਨਾਲ਼ ਗੱਲਾਂ ਕਰ ਰਿਹਾ ਹਾਂ। ਪਰ ਸੀਨੇ ਉੱਤੇ ਇੱਕ ਇੰਜਣ ਦੌੜਦਾ ਹੋਇਆ ਮਹਿਸੂਸ ਕਰ ਰਿਹਾ ਹਾਂ। ਲੱਗਦਾ ਹੈ ਕਿ ਮੈਂ ਇੱਕ ਹਨੇਰੇ ਖੱਡੇ ਵਿੱਚ ਉੱਤਰ ਰਿਹਾ ਹਾਂ... ਕਬਰ ਵੀ ਤਾਂ ਇੱਕ ਹਨੇਰਾ ਖੱਡਾ ਹੈ।

ਤੁਸੀਂ ਮੇਰੇ ਵੱਲ ਇਸ ਤਰ੍ਹਾਂ ਨਾ ਵੇਖੋ ਡਾਕਟਰ ਸਾਹਿਬ, ਮੈਨੂੰ ਇਸ ਚੀਜ਼ ਦਾ ਪੂਰਨ ਅਹਿਸਾਸ ਹੈ ਕਿ ਤੁਸੀਂ ਆਪਣੇ ਹਸਪਤਾਲ ਵਿੱਚ ਕਿਸੇ ਮਰੀਜ਼ ਦਾ ਮਰਨਾ ਪਸੰਦ ਨਹੀਂ ਕਰਦੇ ਪਰ ਜੋ ਚੀਜ਼ ਅਟੱਲ ਹੈ ਉਹ ਹੋ ਕੇ ਰਹੇਗੀ। ਤੁਸੀਂ ਅਜਿਹਾ ਕਰੋ ਕਿ ਮੈਨੂੰ ਇੱਥੋਂ ਰੁਖਸਤ ਕਰ ਦਿਓ। ਮੇਰੀਆਂ ਲੱਤਾਂ ਵਿੱਚ ਤਿੰਨ-ਚਾਰ ਮੀਲ ਚੱਲਣ ਦੀ ਤਾਕਤ ਅਜੇ ਬਾਕੀ ਹੈ। ਕਿਸੇ ਕਰੀਬ ਦੇ ਪਿੰਡ ਵਿੱਚ ਚਲਾ ਜਾਵਾਂਗਾ ਅਤੇ... ਪਰ ਮੈਂ ਤਾਂ ਰੋ ਰਿਹਾ ਹਾਂ। ਨਹੀਂ ਨਹੀਂ। ਡਾਕਟਰ ਸਾਹਿਬ ਯਕੀਨ ਕਰੋ। ਮੈਂ ਮੌਤ ਤੋਂ ਡਰਿਆ ਹੋਇਆ ਨਹੀਂ। ਇਹ ਮੇਰੇ ਜਜ਼ਬਾਤ ਹਨ, ਜੋ ਹੰਝੂਆਂ ਦੀ ਸ਼ਕਲ ਵਿੱਚ ਬਾਹਰ ਨਿਕਲ ਰਹੇ ਹਨ।

ਆਹ! ਤੁਸੀਂ ਕੀ ਜਾਣੋ। ਇਸ ਤਪਦਿਕ ਦੇ ਮਰੀਜ਼ ਦੇ ਸੀਨੇ ਵਿੱਚੋਂ ਕੀ ਕੁਝ ਬਾਹਰ ਨਿਕਲਣ ਨੂੰ ਮਚਲ ਰਿਹਾ ਹੈ। ਮੈਨੂੰ ਆਪਣੇ ਅੰਜਾਮ ਦੀ ਖ਼ਬਰ ਹੈ। ਅੱਜ ਤੋਂ ਪੰਜ ਸਾਲ ਪਹਿਲਾਂ ਵੀ ਮੈਨੂੰ ਇਸ ਡਰਾਉਣੇ ਅੰਜਾਮ ਦੀ ਖਬਰ ਸੀ। ਜਾਣਦਾ ਸੀ ਅਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੁਝ ਅਰਸੇ ਦੇ ਬਾਅਦ ਮੇਰੀ ਜ਼ਿੰਦਗੀ ਦੀ ਦੌੜ ਖਤਮ ਹੋ ਜਾਵੇਗੀ। ਮੈਂ ਉਸ ਗੇਂਦ ਨੂੰ ਜਿਸ ਨੂੰ ਤੁਸੀਂ ਜ਼ਿੰਦਗੀ ਦੇ ਨਾਮ ਨਾਲ਼ ਬੁਲਾਉਂਦੇ ਹੋ, ਖੁਦ ਆਪਣੇ ਪੈਰ ਉੱਤੇ ਕੁਹਾੜੀ ਮਾਰ ਕੇ ਕੱਟਿਆ ਹੈ। ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ। ਵਾਕਿਆ ਇਹ ਹੈ ਕਿ ਮੈਂ ਇਸ ਖੇਡ ਵਿੱਚ ਲੱਜ਼ਤ ਮਹਿਸੂਸ ਕਰ ਰਿਹਾ ਹਾਂ। ਲੱਜ਼ਤ... ਹਾਂ ਲੱਜ਼ਤ... ਮੈਂ ਆਪਣੀ ਜ਼ਿੰਦਗੀ ਦੀਆਂ ਕਈ ਰਾਤਾਂ ਹੁਸਨ-ਫ਼ਰੋਸ਼ ਔਰਤਾਂ ਦੇ ਹਨੇਰੇ ਅੱਡਿਆਂ ਉੱਤੇ ਗੁਜ਼ਾਰੀਆਂ ਹਨ। ਸ਼ਰਾਬ ਦੇ ਨਸ਼ੇ ਵਿੱਚ ਚੂਰ ਮੈਂ ਕਿਸ ਬੇਦਰਦੀ ਨਾਲ਼ ਖੁਦ ਨੂੰ ਇਸ ਹਾਲਤ ਵਿੱਚ ਪਹੁੰਚਾਇਆ।

159 / ਮੰਟੇ ਦੇ ਅਫ਼ਸਾਨੇ