ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਖਦਾ ਰਿਹਾ ਹਾਂ, ਮੇਰੀ ਉਮਰ ਇਸ ਵਕਤ ਪੰਝੀ ਸਾਲ ਦੀ ਹੈ। ਅੱਜ ਤੋਂ ਠੀਕ ਸੱਤ ਸਾਲ ਪਹਿਲਾਂ ਮੇਰੀ ਉਸ ਨਾਲ਼ ਮੁਲਾਕਾਤ ਹੋਈ ਸੀ। ਆਹ, ਇਨ੍ਹਾਂ ਸੱਤ ਵਰ੍ਹਿਆਂ ਦੀ ਵਾਰਤਾ ਕਿੰਨੀ ਹੈਰਾਨੀਜਨਕ ਹੈ। ਜੇਕਰ ਕੋਈ ਸ਼ਖ਼ਸ ਉਸ ਦਾ ਵੇਰਵਾ ਕਾਗ਼ਜ਼ਾਂ ਉੱਤੇ ਫੈਲਾ ਦੇਵੇ ਤਾਂ ਇਨਸਾਨੀ ਦਿਲਾਂ ਦੀਆਂ ਦਾਸਤਾਨਾਂ ਵਿੱਚ ਕਿੰਨਾ ਦਿਲਚਸਪ ਵਾਧਾ ਹੋਵੇ। ਦੁਨੀਆ ਇੱਕ ਅਜਿਹੇ ਦਿਲ ਦੀ ਧੜਕਨ ਤੋਂ ਜਾਣੂ ਹੋਵੇਗੀ ਜਿਸ ਨੇ ਆਪਣੀ ਗ਼ਲਤੀ ਦੀ ਕੀਮਤ ਖੂਨ ਦੇ ਉਨ੍ਹਾਂ ਬੁੱਕਾਂ ਵਿੱਚ ਅਦਾ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਜਲਾਉਂਦੇ ਰਹਿੰਦੇ ਹੋ ਕਿ ਉਨ੍ਹਾਂ ਦੇ ਜਰਾਸੀਮ ਦੂਸਰਿਆਂ ਤੱਕ ਨਹੀਂ ਪਹੁੰਚਣ।

ਤੁਸੀਂ ਮੇਰੀ ਬਕਵਾਸ ਸੁਣਦੇ-ਸੁਣਦੇ ਕੀ ਤੰਗ ਤਾਂ ਨਹੀਂ ਆ ਗਏ? ਰੱਬ ਜਾਣੇ ਕੀ-ਕੀ ਕੁਝ ਬਕਦਾ ਰਿਹਾ ਹਾਂ। ਤਕੱਲੁਫ ਤੋਂ ਕੰਮ ਨਾ ਲਓ, ਤੁਸੀਂ ਵਾਕਈ ਕੁਝ ਨਹੀਂ ਸਮਝ ਸਕਦੇ, ਮੈਂ ਖ਼ੁਦ ਨਹੀਂ ਸਮਝ ਸਕਿਆ। ਸਿਰਫ਼ ਇੰਨਾ ਜਾਣਦਾ ਹਾਂ ਕਿ ਬਟੋਤ ਤੋਂ ਵਾਪਸ ਆ ਕੇ ਮੇਰੇ ਦਿਲ-ਓ-ਦਿਮਾਗ਼ ਦਾ ਹਰ ਜੋੜ ਹਿੱਲ ਗਿਆ ਸੀ। ਹੁਣ ਯਾਨੀ ਅੱਜ ਜਦੋਂਕਿ ਮੇਰੇ ਜਨੂੰਨ ਦਾ ਦੌਰਾ ਖਤਮ ਹੋ ਚੁੱਕਿਆ ਹੈ ਅਤੇ ਮੌਤ ਨੂੰ ਕੁਝ ਕਦਮ ਦੀ ਦੂਰੀ 'ਤੇ ਵੇਖ ਰਿਹਾ ਹਾਂ। ਮੈਨੂੰ ਇਵੇਂ ਮਹਿਸੂਸ ਹੁੰਦਾ ਕਿ ਉਹ ਭਾਰ ਜਿਸ ਨੇ ਮੇਰੀ ਛਾਤੀ ਨੂੰ ਦੱਬਿਆ ਹੋਇਆ ਸੀ ਹਲਕਾ ਹੋ ਗਿਆ ਹੈ ਅਤੇ ਮੈਂ ਫਿਰ ਜ਼ਿੰਦਾ ਹੋ ਰਿਹਾ ਹਾਂ। ਮੌਤ ਵਿੱਚ ਜ਼ਿੰਦਗੀ... ਕੈਸੀ ਦਿਲਚਸਪ ਚੀਜ਼ ਹੈ! ਅੱਜ ਮੇਰੇ ਜ਼ਿਹਨ ਤੋਂ ਧੁੰਦ ਦੇ ਸਭ ਬੱਦਲ ਉੱਠ ਗਏ ਹਨ। ਮੈਂ ਹਰ ਚੀਜ਼ ਨੂੰ ਰੌਸ਼ਨੀ ਵਿੱਚ ਵੇਖ ਰਿਹਾ ਹਾਂ। ਸੱਤ ਸਾਲ ਪਹਿਲਾਂ ਦੀਆਂ ਸਭ ਘਟਨਾਵਾਂ ਇਸ ਵਕਤ ਮੇਰੀਆਂ ਨਜ਼ਰਾਂ ਦੇ ਸਾਹਮਣੇ ਹਨ।

ਵੇਖੋ ...ਮੈਂ ਲਾਹੌਰ ਤੋਂ ਗਰਮੀਆਂ ਬਿਤਾਉਣ ਲਈ ਕਸ਼ਮੀਰ ਦੀਆਂ ਤਿਆਰੀਆਂ ਕਰ ਰਿਹਾ ਹਾਂ। ਸੂਟ ਸਿਲਵਾਏ ਜਾ ਰਹੇ ਹਨ। ਬੂਟ ਡੱਬਿਆਂ ਵਿੱਚ ਬੰਦ ਕੀਤੇ ਜਾ ਰਹੇ ਹਨ। ਅਟੈਚੀ ਅਤੇ ਟਰੰਕ ਕੱਪੜਿਆਂ ਨਾਲ਼ ਭਰੇ ਜਾ ਰਹੇ ਹਨ। ਮੈਂ ਰਾਤ ਦੀ ਗੱਡੀ ਜੰਮੂ ਰਵਾਨਾ ਹੁੰਦਾ ਹਾਂ। ਸ਼ਮੀਮ ਮੇਰੇ ਨਾਲ਼ ਹੈ। ਗੱਡੀ ਦੇ ਡੱਬੇ ਵਿੱਚ ਬੈਠ ਕੇ ਅਸੀਂ ਦੇਰ ਤੱਕ ਗੱਲਾਂ ਕਰਦੇ ਰਹਿੰਦੇ ਹਾਂ। ਗੱਡੀ ਚੱਲਦੀ ਹੈ। ਸ਼ਮੀਮ ਚਲਾ ਜਾਂਦਾ ਹੈ। ਮੈਂ ਸੌਂ ਜਾਂਦਾ ਹਾਂ। ਦਿਮਾਗ਼ ਹਰ ਕਿਸਮ ਦੇ ਫ਼ਿਕਰ ਤੋਂ ਆਜ਼ਾਦ ਹੈ। ਸਵੇਰੇ ਜੰਮੂ ਦੇ ਸਟੇਸ਼ਨ ਉੱਤੇ ਜਾਗਦਾ ਹਾਂ। ਕਸ਼ਮੀਰ ਦੀ ਹੁਸੀਨ ਵਾਦੀ ਦੀ ਹੋਣ ਵਾਲ਼ੀ ਸੈਰ ਦੇ ਖਿਆਲ ਵਿੱਚ ਮਗਨ ਲਾਰੀ ਉੱਤੇ ਸਵਾਰ ਹੁੰਦਾ ਹਾਂ। ਬਟੋਤ ਤੋਂ ਇੱਕ ਮੀਲ ਦੇ ਫ਼ਾਸਲੇ ਉੱਤੇ ਲਾਰੀ ਦਾ ਪਹੀਆ ਪੈਂਚਰ ਹੋ ਜਾਂਦਾ ਹੈ। ਸ਼ਾਮ ਦਾ ਵਕਤ ਹੈ। ਇਸ ਲਈ ਰਾਤ ਬਟੋਤ ਦੇ ਹੋਟਲ ਵਿੱਚ ਕੱਟਣੀ ਪੈਂਦੀ ਹੈ। ਉਸ ਹੋਟਲ ਦਾ ਕਮਰਾ ਮੈਨੂੰ ਬੇਹੱਦ ਗ਼ਲੀਜ਼ ਲੱਗਦਾ ਹੈ ਪਰ ਕੀ ਪਤਾ ਸੀ ਕਿ ਮੈਨੂੰ ਉੱਥੇ ਪੂਰੇ ਦੋ ਮਹੀਨੇ ਰਹਿਣਾ ਪਵੇਗਾ। ਸਵੇਰੇ ਉੱਠਦਾ ਹਾਂ ਤਾਂ ਲੱਗਦਾ ਹੈ ਕਿ ਲਾਰੀ ਦੇ ਇੰਜਣ ਦਾ ਇੱਕ ਪੁਰਜ਼ਾ ਵੀ ਖ਼ਰਾਬ ਹੋ ਗਿਆ ਹੈ। ਇਸ ਲਈ ਮਜਬੂਰਨ ਇੱਕ ਦਿਨ ਹੋਰ ਬਟੋਤ ਵਿੱਚ ਠਹਿਰਨਾ ਪਵੇਗਾ। ਇਹ ਸੁਣ ਕੇ ਮੇਰੀ ਤਬੀਅਤ ਕਿੰਨੀ ਉਦਾਸ ਗਈ ਸੀ! ਇਸ ਉਦਾਸੀ ਨੂੰ ਦੂਰ ਕਰਨ ਲਈ ਮੈਂ... ਮੈਂ ਉਸ ਦਿਨ ਸ਼ਾਮ ਨੂੰ ਸੈਰ ਲਈ ਨਿਕਲਦਾ ਹਾਂ। ਚੀੜ ਦੇ ਰੁੱਖਾਂ ਦੀ ਸਰਸਰਾਹਟ, ਜੰਗਲੀ ਪਰਿੰਦਿਆਂ ਦੇ ਗੀਤ, ਸੇਬ ਦੇ ਲੱਦੇ ਹੋਏ ਦਰੱਖਤਾਂ ਦਾ ਹੁਸਨ ਅਤੇ

161 / ਮੰਟੇ ਦੇ ਅਫ਼ਸਾਨੇ