ਪਰ ਵੀਹ ਦਿਨ ਤੱਕ ਮੈਂ ਉਸ ਨਾਲ਼ ਮੁਲਾਕਾਤ ਨਾ ਕਰ ਸਕਿਆ।
ਮੈਂ ਕਈ ਵਾਰ ਬਾਉਲੀ ਉੱਤੇ ਪਾਣੀ ਪੀਂਦੇ ਵਕਤ ਉਸ ਨਾਲ਼ ਗੱਲ ਕਰਨ ਦਾ ਇਰਾਦਾ ਕੀਤਾ, ਪਰ ਜ਼ਬਾਨ ਗੂੰਗੀ ਹੋ ਗਈ, ਕੁਝ ਬੋਲ ਨਹੀਂ ਸਕਿਆ। ਕਰੀਬਨ ਹਰ ਰੋਜ਼ ਮੈਂ ਉਸ ਨੂੰ ਵੇਖਦਾ, ਪਰ ਰਾਤ ਨੂੰ ਜਦੋਂ ਮੈਂ ਖਿਆਲਾਂ ਵਿੱਚ ਉਸਦੀ ਸ਼ਕਲ ਵੇਖਣਾ ਚਾਹੁੰਦਾ ਤਾਂ ਇੱਕ ਧੁੰਦ ਜਿਹੀ ਛਾ ਜਾਂਦੀ। ਇਹ ਅਜੀਬ ਗੱਲ ਹੈ ਕਿ ਮੈਂ ਉਸਦੀ ਸ਼ਕਲ ਨੂੰ ਇਸਦੇ ਬਾਵਜੂਦ ਕਿ ਉਸਨੂੰ ਹਰ ਰੋਜ਼ ਵੇਖਦਾ ਸੀ, ਭੁੱਲ ਜਾਂਦਾ ਸੀ। ਵੀਹ ਦਿਨਾਂ ਦੇ ਬਾਅਦ ਇੱਕ ਦਿਨ ਚਾਰ ਵਜੇ ਦੇ ਕਰੀਬ ਜਦੋਂਕਿ ਮੈਂ ਇੱਕ ਬਾਉਲੀ ਦੇ ਉੱਤੇ ਚੀੜ ਦੀ ਛਾਵੇਂ ਲਿਟਿਆ ਸੀ।
ਉਹ ਛੋਟੀ ਉਮਰ ਦੇ ਇੱਕ ਮੁੰਡੇ ਨੂੰ ਲੈ ਕੇ ਉੱਪਰ ਚੜ੍ਹੀ। ਉਹਨੂੰ ਆਪਣੇ ਵੱਲ ਆਉਂਦਾ ਵੇਖ ਕੇ ਮੈਂ ਬਹੁਤ ਘਬਰਾ ਗਿਆ। ਦਿਲ ਵਿੱਚ ਇਹੀ ਆਇਆ ਕਿ ਉੱਥੋਂ ਭੱਜ ਜਾਵਾਂ ਐਪਰ ਇਸਦੀ ਸ਼ਕਤੀ ਵੀ ਨਾ ਰਹੀ। ਉਹ ਮੇਰੇ ਵੱਲ ਵੇਖੇ ਬਿਨਾਂ ਅੱਗੇ ਨਿਕਲ ਗਈ। ਕਿਉਂਜੋ ਉਸਦੇ ਕਦਮ ਤੇਜ਼ ਸਨ, ਇਸ ਲਈ ਮੁੰਡਾ ਪਿੱਛੇ ਰਹਿ ਗਿਆ। ਮੈਂ ਉੱਠ ਕੇ ਬੈਠ ਗਿਆ। ਉਸਦੀ ਪਿੱਠ ਮੇਰੇ ਵੱਲ ਸੀ। ਅਚਾਨਕ ਮੁੰਡੇ ਨੇ ਇੱਕ ਚੀਕ ਮਾਰੀ ਅਤੇ ਅੱਖ ਪਲਕਾਰੇ ਵਿੱਚ ਚੀੜ ਦੇ ਖੁਸ਼ਕ ਪੱਤਿਆਂ ਤੋਂ ਫਿਸਲ ਕਰ ਹੇਠਾਂ ਆ ਰਿਹਾ। ਮੈਂ ਫ਼ੌਰਨ ਉੱਠਿਆ ਅਤੇ ਭੱਜ ਕੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਬੁੱਚ ਲਿਆ। ਚੀਖ਼ ਸੁਣ ਕੇ ਉਹ ਮੁੜੀ ਅਤੇ ਦੌੜਨ ਲਈ ਵਧੇ ਹੋਏ ਕਦਮ ਰੋਕ ਕੇ ਹੌਲੀ-ਹੌਲੀ ਮੇਰੇ ਵੱਲ ਆਈ। ਆਪਣੀਆਂ ਜਵਾਨ ਅੱਖਾਂ ਨਾਲ਼ ਮੈਨੂੰ ਵੇਖਿਆ ਅਤੇ ਮੁੰਡੇ ਨੂੰ ਇਹ ਕਿਹਾ, “ਖੁਦਾ ਜਾਣੇ ਤੂੰ ਕਿਉਂ ਡਿੱਗ ਪੈਂਦਾ ਹੈਂ?”
ਮੈਂ ਗੱਲ ਸ਼ੁਰੂ ਕਰਨ ਦਾ ਇੱਕ ਮੌਕਾ ਵੇਖ ਕੇ ਉਸ ਨੂੰ ਕਿਹਾ, “ਬੱਚਾ ਹੈ, ਇਸ ਦੀ ਉਂਗਲ ਫੜ ਲਓ। ਇਨ੍ਹਾਂ ਪੱਤਿਆਂ ਨੇ ਖੁਦ ਮੈਨੂੰ ਕਈ ਵਾਰ ਮੂਧੇ ਮੂੰਹ ਡੇਗ ਦਿੱਤਾ ਹੈ।”
ਇਹ ਸੁਣ ਕੇ ਉਹ ਖਿੜ-ਖਿੜ ਕਰਕੇ ਹੱਸ ਪਈ, “ਤੁਹਾਡੇ ਹੈਟ ਨੇ ਤਾਂ ਖੂਬ ਲੁੜ੍ਹਕਣੀਆਂ ਖਾਧੀਆਂ ਹੋਣਗੀਆਂ।”
“ਤੂੰ ਹੱਸਦੀ ਕਿਉਂ ਹੈਂ? ਕਿਸੇ ਨੂੰ ਡਿੱਗਦੇ ਵੇਖ ਕਰ ਤੇਰੀ ਤਬੀਅਤ ਇੰਨੀ ਖਿੜ ਕਿਉਂ ਜਾਂਦੀ ਹੈ ਅਤੇ ਜੇ ਕਿਸੇ ਦਿਨ ਤੂੰ ਡਿੱਗ ਪਈ ਤਾਂ... ਉਹ ਘੜਾ ਜੋ ਹਰ ਰੋਜ਼ ਸ਼ਾਮ ਦੇ ਵਕਤ ਤੂੰ ਘਰ ਲੈ ਜਾਂਦੀ ਹੈਂ ਕਿੰਨੀ ਬੁਰੀ ਤਰ੍ਹਾਂ ਜ਼ਮੀਨ 'ਤੇ ਡਿੱਗ ਕੇ ਟੁਕੜੇ- ਟੁਕੜੇ ਹੋ ਜਾਵੇਗਾ।”
“ਮੈਂ ਨਹੀਂ ਡਿੱਗ ਸਕਦੀ...” ਇਹ ਕਹਿੰਦੇ ਹੋਏ ਉਸਨੇ ਅਚਾਨਕ ਹੇਠਾਂ ਬਾਉਲੀ ਵੱਲ ਵੇਖਿਆ। ਉਸਦੀ ਮੱਝ ਨਾਲ਼ੇ ਉੱਤੇ ਬਣੇ ਹੋਏ ਪੁਲ਼ ਵੱਲ ਮਟਕ ਮਟਕ ਜਾ ਰਹੀ ਸੀ। ਇਹ ਵੇਖ ਕੇ ਉਸਨੇ ਆਪਣੇ ਹਲਕ ਵਿੱਚੋਂ ਇੱਕ ਅਜੀਬ ਕਿਸਮ ਦੀ ਆਵਾਜ਼ ਕੱਢੀ। ਉਸਦੀ ਗੂੰਜ ਅਜੇ ਤੱਕ ਮੇਰੇ ਕੰਨਾਂ ਵਿੱਚ ਮਹਿਫ਼ੂਜ਼ ਹੈ। ਕਿੰਨੀ ਜਵਾਨ ਸੀ ਇਹ ਅਵਾਜ਼। ਉਸਨੇ ਵਧ ਕੇ ਮੁੰਡੇ ਨੂੰ ਘਨੇੜੇ ਚੁੱਕ ਲਿਆ ਅਤੇ ਮੱਝ ਨੂੰ “ਏ ਛੱਲਾਂ, ਏ ਛੱਲਾਂ” ਦੇ ਨਾਮ ਨਾਲ਼ ਬੁਲਾਉਂਦੀ ਹੋਈ ਅੱਖ ਪਲਕਾਰੇ ਵਿੱਚ ਹੇਠਾਂ ਉੱਤਰ ਗਈ।
164 / ਮੰਟੇ ਦੇ ਅਫ਼ਸਾਨੇ