ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਤਾਂ ਦਿਨੋ-ਦਿਨ ਬਦਲ ਰਹੀਆਂ ਸਨ... ਕੱਲ੍ਹ ਦਾ ਖਲੰਦੜਾ ਮੁੰਡਾ, ਮੇਰਾ ਹਮਜਮਾਤੀ ਇੱਕ ਚਿੰਤਕ ਵਿੱਚ ਤਬਦੀਲ ਹੋ ਰਿਹਾ ਸੀ। ਇਹ ਤਬਦੀਲੀ ਮੇਰੇ ਲਈ ਭਾਰੀ ਹੈਰਾਨੀ ਦਾ ਸਬੱਬ ਸੀ।

ਕੁਝ ਅਰਸੇ ਤੋਂ ਸਲੀਮ ਦੀ ਤਬੀਅਤ 'ਤੇ ਇੱਕ ਅਸਾਧਾਰਨ ਚੈਨ ਛਾ ਗਿਆ ਸੀ। ਜਦੋਂ ਵੇਖੋ ਆਪਣੇ ਘਰ ਵਿੱਚ ਖਾਮੋਸ਼ ਬੈਠਾ ਹੋਇਆ ਹੈ ਅਤੇ ਆਪਣੇ ਭਾਰੀ ਸਿਰ ਨੂੰ ਗੋਡਿਆਂ ਵਿੱਚ ਲਈ ਕੁਝ ਸੋਚਦਾ ਰਹਿੰਦਾ... ਉਹ ਕੀ ਸੋਚ ਰਿਹਾ ਹੁੰਦਾ। ਇਹ ਮੇਰੇ ਵਾਂਗ ਖੁਦ ਉਸਨੂੰ ਵੀ ਪਤਾ ਨਹੀਂ ਸੀ।

ਉਨ੍ਹਾਂ ਲਮਹਿਆਂ ਦੌਰਾਨ ਮੈਂ ਉਸਨੂੰ ਬਹੁਤ ਵਾਰ ਆਪਣੀਆਂ ਗਰਮ ਅੱਖਾਂ ਉੱਪਰ ਦਵਾਤ ਦਾ ਲੋਹੇ ਦਾ ਢੱਕਣ ਜਾਂ ਗਲਾਸ ਦਾ ਬਾਹਰੀ ਹਿੱਸਾ ਫੇਰਦੇ ਵੇਖਿਆ ਹੈ... ਸ਼ਾਇਦ ਉਹ ਇਸ ਅਮਲ ਨਾਲ਼ ਆਪਣੀਆਂ ਅੱਖਾਂ ਦਾ ਤਾਪ ਘੱਟ ਕਰਨਾ ਚਾਹੁੰਦਾ ਸੀ।

ਸਲੀਮ ਨੇ ਕਾਲਜ ਛੱਡਦੇ ਹੀ ਵਿਦੇਸ਼ੀ ਲੇਖਕਾਂ ਦੀਆਂ ਭਾਰੀ-ਭਰਕਮ ਲਿਖਤਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ। ਸ਼ੁਰੂ-ਸ਼ੁਰੂ ਵਿੱਚ ਮੈਨੂੰ ਉਸਦੀ ਮੇਜ਼ 'ਤੇ ਇੱਕ ਕਿਤਾਬ ਨਜ਼ਰ ਆਈ। ਫਿਰ ਹੌਲੀ-ਹੌਲੀ ਉਸ ਅਲਮਾਰੀ ਵਿੱਚ ਜਿਸ ਵਿੱਚ ਉਹ ਸ਼ਤਰੰਜ, ਤਾਸ਼ ਅਤੇ ਇਸ ਕਿਸਮ ਦੀਆਂ ਹੋਰ ਖੇਡਾਂ ਰੱਖਿਆ ਕਰਦਾ ਸੀ, ਕਿਤਾਬਾਂ ਹੀ ਕਿਤਾਬਾਂ ਨਜ਼ਰ ਆਉਣ ਲੱਗੀਆਂ... ਇਸਦੇ ਇਲਾਵਾ ਉਹ ਕਈ ਕਈ ਦਿਨਾਂ ਤੱਕ ਘਰੋਂ ਕਿਤੇ ਬਾਹਰ ਚਲਾ ਜਾਇਆ ਕਰਦਾ ਸੀ।

ਜਿੱਥੋਂ ਤੱਕ ਮੇਰਾ ਖਿਆਲ ਹੈ ਸਲੀਮ ਦੀ ਤਬੀਅਤ ਦਾ ਅਸਾਧਾਰਨ ਚੈਨ ਇਨ੍ਹਾਂ ਕਿਤਾਬਾਂ ਦੇ ਅਣਥੱਕ ਅਧਿਐਨ ਦਾ ਨਤੀਜਾ ਸੀ ਜੋ ਉਸਨੇ ਬੜੇ ਸਲੀਕੇ ਨਾਲ਼ ਅਲਮਾਰੀ ਵਿੱਚ ਸਜਾ ਰੱਖੀਆਂ ਸਨ।

ਸਲੀਮ ਦਾ ਅਜ਼ੀਜ਼ ਤਰੀਨ ਦੋਸਤ ਹੋਣ ਦੀ ਹੈਸੀਅਤ ਵਿੱਚ ਮੈਂ ਉਸਦੀ ਤਬੀਅਤ ਦੇ ਅਸਾਧਾਰਨ ਚੈਨ ਤੋਂ ਡਾਢਾ ਪਰੇਸ਼ਾਨ ਸੀ। ਮੈਨੂੰ ਅੰਦੇਸ਼ਾ ਸੀ ਕਿ ਇਹ ਚੈਨ ਕਿਸੇ ਭਿਅੰਕਰ ਤੂਫਾਨ ਦਾ ਅਗਰਦੂਤ ਹੈ। ਇਸਦੇ ਇਲਾਵਾ ਮੈਨੂੰ ਸਲੀਮ ਦੀ ਸਿਹਤ ਦਾ ਵੀ ਖਿਆਲ ਸੀ। ਉਹ ਪਹਿਲਾਂ ਹੀ ਬਹੁਤ ਕਮਜ਼ੋਰ ਜੁੱਸੇ ਦਾ ਸਰਾਪਿਆ ਹੋਇਆ ਸੀ। ਉੱਪਰੋਂ ਉਸਨੇ ਖਾਹ-ਮਖਾਹ ਆਪਣੇ ਆਪ ਨੂੰ ਖ਼ੁਦਾ ਜਾਣੇ ਕਿਨ੍ਹਾਂ-ਕਿਨ੍ਹਾਂ ਉਲਝਣਾਂ ਵਿੱਚ ਉਲ਼ਝਾ ਲਿਆ ਸੀ।

ਸਲੀਮ ਦੀ ਉਮਰ ਮੁਸ਼ਕਿਲ ਨਾਲ਼ ਵੀਹ ਸਾਲ ਦੀ ਹੋਵੇਗੀ। ਪਰ ਉਸਦੀਆਂ ਅੱਖਾਂ ਦੇ ਹੇਠਾਂ ਰਾਤ ਦੇ ਉਨੀਂਦਰੇ ਦੀ ਵਜ੍ਹਾ ਨਾਲ਼ ਕਾਲ਼ੇ ਧੱਬੇ ਪੈ ਗਏ ਸਨ। ਮੱਥਾ ਜੋ ਇਸ ਤੋਂ ਪਹਿਲਾਂ ਬਿਲਕੁਲ ਸਾਫ਼ ਸੀ, ਹੁਣ ਉਸ ਉੱਪਰ ਕਈ ਵੱਟ ਪਏ ਰਹਿੰਦੇ ਸਨ... ਜੋ ਉਸਦੀ ਮਾਨਸਿਕ ਪਰੇਸ਼ਾਨੀ ਨੂੰ ਜ਼ਾਹਰ ਕਰਦੇ ਸਨ। ਚਿਹਰਾ ਜੋ ਕੁਝ ਅਰਸਾ ਪਹਿਲਾਂ ਬਹੁਤ ਖਿੜਿਆ ਹੋਇਆ ਕਰਦਾ ਸੀ ਹੁਣ ਉਸ ਉੱਤੇ ਨੱਕ ਅਤੇ ਹੋਠਾਂ ਦੇ ਦਰਮਿਆਨ ਡੂੰਘੀਆਂ ਲਕੀਰਾਂ ਪੈ ਗਈਆਂ ਸਨ, ਜਿਨ੍ਹਾਂ ਨੇ ਸਲੀਮ ਨੂੰ ਵਕਤ ਤੋਂ ਪਹਿਲਾਂ ਬੁੱਢਾ ਬਣਾ ਦਿੱਤਾ ਸੀ... ਇਸ ਅਸਾਧਾਰਨ ਤਬਦੀਲੀ ਨੂੰ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰਦੇ ਵੇਖਿਆ ਹੈ,

186 / ਮੰਟੇ ਦੇ ਅਫ਼ਸਾਨੇ