ਸਲੀਮ ਸਖਤ ਗਰਮ-ਮਿਜ਼ਾਜ ਹੋ ਚੁੱਕਾ ਹੈ। ਇਸਦੇ ਇਲਾਵਾ ਉਸਦੇ ਵਜ਼ਨੀ ਖਿਆਲਾਂ ਨੇ ਉਸਨੂੰ ਆਮ ਨਾਲੋਂ ਜ਼ਿਆਦਾ ਚਿੜਚਿੜਾ ਬਣਾ ਦਿਤਾ ਸੀ। ਇਸ ਲਈ ਮੈਂ ਆਮ ਤੌਰ 'ਤੇ ਉਸ ਨੂੰ ਅਜਿਹੇ ਸਵਾਲ ਨਹੀਂ ਕਰਦਾ ਜੋ ਉਸਦੇ ਦਿਮਾਗ਼ੀ ਸੰਤੁਲਨ ਨੂੰ ਉਲਟ-ਪੁਲਟ ਦੇਣ ਜਾਂ ਜਿਨ੍ਹਾਂ ਤੋਂ ਉਹ ਖਾਹ ਮਖਾਹ ਖਿਝ ਜਾਵੇ।
ਫਰਨੀਚਰ ਦੀ ਤਬਦੀਲੀ, ਤਸਵੀਰਾਂ ਦਾ ਇਨਕਲਾਬ, ਤਖਤ ਦੀ ਆਮਦ ਅਤੇ ਫਿਰ ਉਸਦਾ ਗ਼ਾਇਬ ਹੋ ਜਾਣਾ ਵਾਕਈ ਕਿਸੇ ਹੱਦ ਤੱਕ ਹੈਰਾਨੀਜਨਕ ਜ਼ਰੂਰ ਹਨ ਅਤੇ ਵਾਜਿਬ ਸੀ ਕਿ ਮੈਂ ਇਨ੍ਹਾਂ ਮਾਮਲਿਆਂ ਦੀ ਵਜ੍ਹਾ ਪਤਾ ਕਰਦਾ। ਪਰ ਹਾਲਾਂਕਿ ਮੈਨੂੰ ਸਲੀਮ ਨੂੰ ਨਾ-ਖ਼ੁਸ਼ ਕਰਨਾ ਅਤੇ ਉਸਦੇ ਕੰਮ ਵਿੱਚ ਦਖਲ ਦੇਣਾ ਮਨਜ਼ੂਰ ਨਹੀਂ ਸੀ, ਇਸ ਲਈ ਮੈਂ ਖਾਮੋਸ਼ ਰਿਹਾ।
ਥੋੜ੍ਹੇ ਅਰਸੇ ਦੇ ਬਾਅਦ ਸਲੀਮ ਦੇ ਕਮਰੇ ਵਿੱਚ ਹਰ ਦੂਜੇ ਤੀਸਰੇ ਦਿਨ ਕੋਈ ਨਾ ਕੋਈ ਤਬਦੀਲੀ ਵੇਖਣੀ ਮੇਰੇ ਲਈ ਆਮ ਹੋ ਗਿਆ... ਜੇਕਰ ਅੱਜ ਕਮਰੇ ਵਿੱਚ ਤਖਤ ਮੌਜੂਦ ਹੈ ਤਾਂ ਹਫ਼ਤੇ ਦੇ ਬਾਅਦ ਉੱਥੋਂ ਚੁੱਕ ਦਿੱਤਾ ਗਿਆ ਹੈ। ਇਸਦੇ ਦੋ ਦਿਨਾਂ ਬਾਅਦ ਉਹ ਮੇਜ਼ ਜੋ ਕੁਝ ਅਰਸਾ ਪਹਿਲਾਂ ਕਮਰੇ ਦੇ ਸੱਜੇ ਪਾਸੇ ਪਈ ਸੀ, ਰਾਤੋ ਰਾਤ ਉੱਥੋਂ ਚੁੱਕ ਕੇ ਦੂਜੇ ਪਾਸੇ ਰੱਖ ਦਿੱਤੀ ਗਈ ਹੈ।
ਅੰਗੀਠੀ ਉੱਤੇ ਰੱਖੀਆਂ ਹੋਈਆਂ ਤਸਵੀਰਾਂ ਦੇ ਜ਼ਾਵੀਏ ਬਦਲੇ ਜਾ ਰਹੇ ਹਨ। ਕੱਪੜੇ ਲਮਕਾਉਣ ਵਾਲ਼ੀਆਂ ਕਿੱਲੀਆਂ ਇੱਕ ਜਗ੍ਹਾ ਤੋਂ ਉਖੇੜ ਕੇ ਦੂਜੀ ਜਗ੍ਹਾ ਉੱਤੇ ਜੜ ਦਿੱਤੀਆਂ ਗਈਆਂ ਹਨ। ਕੁਰਸੀਆਂ ਦੇ ਰੁਖ ਤਬਦੀਲ ਕੀਤੇ ਗਏ ਹਨ... ਭਾਵ ਕਮਰੇ ਦੀ ਹਰ ਸ਼ੈਅ ਤੋਂ ਇੱਕ ਕਿਸਮ ਦੀ ਕਵਾਇਦ ਕਰਾਈ ਜਾਂਦੀ ਸੀ।
ਇੱਕ ਦਿਨ ਜਦੋਂ ਮੈਨੂੰ ਕਮਰੇ ਦਾ ਤਮਾਮ ਫਰਨੀਚਰ ਉਲਟੇ ਰੁਖ ਰੱਖਿਆ ਮਿਲਿਆ ਤਾਂ ਮੈਥੋਂ ਰਿਹਾ ਨਾ ਗਿਆ ਅਤੇ ਮੈਂ ਸਲੀਮ ਤੋਂ ਪੁੱਛ ਹੀ ਲਿਆ, “ਸਲੀਮ, ਮੈਂ ਇੱਕ ਅਰਸੇ ਤੋਂ ਇਸ ਨੂੰ ਕਮਰੇ ਗਿਰਗਟ ਵਾਂਗ ਰੰਗ ਬਦਲਦਾ ਵੇਖ ਰਿਹਾ ਹਾਂ। ਆਖ਼ਰ ਦੱਸੋ ਤਾਂ ਸਹੀ ਇਹ ਤੁਹਾਡਾ ਕੋਈ ਨਵਾਂ ਫ਼ਲਸਫ਼ਾ ਹੈ?”
“ਤੁਸੀਂ ਜਾਣਦੇ ਨਹੀਂ ਹੋ, ਮੈਂ ਇਨਕਲਾਬ ਪਸੰਦ ਹਾਂ," ਸਲੀਮ ਨੇ ਜਵਾਬ ਦਿੱਤਾ। ਇਹ ਸੁਣ ਕੇ ਮੈਂ ਹੋਰ ਵੀ ਹੈਰਾਨ ਹੋਇਆ।
ਜੇਕਰ ਸਲੀਮ ਨੇ ਇਹ ਲਫ਼ਜ਼ ਆਪਣੀ ਹਮੇਸ਼ਾ ਵਾਲ਼ੀ ਮੁਸਕਰਾਹਟ ਦੇ ਨਾਲ਼ ਕਹੇ ਹੁੰਦੇ ਤਾਂ ਮੈਂ ਯਕੀਨੀ ਤੌਰ 'ਤੇ ਇਹ ਖਿਆਲ ਕਰਦਾ ਕਿ ਉਹ ਸਿਰਫ਼ ਮਜ਼ਾਕ ਕਰ ਰਿਹਾ ਹੈ। ਪਰ ਇਹ ਜਵਾਬ ਦਿੰਦੇ ਵਕਤ ਉਸਦਾ ਚਿਹਰਾ ਇਸ ਗੱਲ ਦਾ ਗਵਾਹ ਸੀ ਕਿ ਉਹ ਗੰਭੀਰ ਹੈ ਅਤੇ ਮੇਰੇ ਸਵਾਲ ਦਾ ਜਵਾਬ ਉਹ ਉਨ੍ਹਾਂ ਲਫ਼ਜ਼ਾਂ ਵਿੱਚ ਦੇਣਾ ਚਾਹੁੰਦਾ ਹੈ ਪਰੰਤੂ ਫਿਰ ਵੀ ਮੈਂ ਜਕੋਤਕੀ ਵਿੱਚ ਸੀ।
ਇਸ ਲਈ ਮੈਂ ਉਸ ਨੂੰ ਕਿਹਾ, “ਮਜ਼ਾਕ ਕਰ ਰਹੇ ਹੋ ਯਾਰ?”
“ਤੁਹਾਡੀ ਕਸਮ ਬਹੁਤ ਵੱਡਾ ਇਨਕਲਾਬ ਪਸੰਦ, " ਇਹ ਕਹਿੰਦੇ ਹੋਏ ਉਹ ਖਿੜਖਿੜਾ ਕੇ ਹੱਸ ਪਿਆ।
189 / ਮੰਟੇ ਦੇ ਅਫ਼ਸਾਨੇ