ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਯਾਦ ਹੈ ਕਿ ਇਸ ਤੋਂ ਬਾਅਦ ਉਸਨੇ ਐਸੀ ਗੱਲਬਾਤ ਸ਼ੁਰੂ ਕੀਤੀ ਸੀ। ਪਰ ਅਸੀਂ ਦੋਵੇਂ ਕਿਸੇ ਹੋਰ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕਰਨ ਲੱਗ ਗਏ ਸਾਂ। ਇਹ ਸਲੀਮ ਦੀ ਆਦਤ ਹੈ ਕਿ ਉਹ ਬਹੁਤ ਸਾਰੀਆਂ ਗੱਲਾਂ ਨੂੰ ਦਿਲਚਸਪ ਵਾਰਤਾਲਾਪ ਦੇ ਪਰਦੇ ਵਿੱਚ ਛੁਪਾ ਲਿਆ ਕਰਦਾ ਹੈ।

ਇਨ੍ਹਾਂ ਦਿਨਾਂ ਵਿੱਚ ਜਦੋਂ ਕਦੇ ਮੈਂ ਸਲੀਮ ਦੇ ਜਵਾਬ ਉੱਤੇ ਗ਼ੌਰ ਕਰਦਾ ਹਾਂ, ਮੈਨੂੰ ਪਤਾ ਚੱਲਦਾ ਹੈ ਕਿ ਸਲੀਮ ਦਰ ਹਕੀਕਤ ਇਨਕਲਾਬ ਪਸੰਦ ਹੋ ਗਿਆ ਹੈ। ਇਸਦੇ ਇਹ ਮਾਅਨੇ ਨਹੀਂ ਕਿ ਉਹ ਕਿਸੇ ਸਲਤਨਤ ਦਾ ਤਖ਼ਤਾ ਉਲਟਣ ਚੱਲਿਆ ਹੈ ਜਾਂ ਉਹ ਹੋਰਨਾਂ ਇਨਕਲਾਬ ਪਸੰਦਾਂ ਦੀ ਤਰ੍ਹਾਂ ਚੁਰਾਹਿਆਂ ਵਿੱਚ ਬੰਬ ਸੁੱਟ ਕੇ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਸਗੋਂ ਜਿੱਥੇ ਤੱਕ ਮੇਰਾ ਖਿਆਲ ਹੈ, ਉਹ ਹਰ ਚੀਜ਼ ਵਿੱਚ ਇਨਕਲਾਬ ਵੇਖਣਾ ਚਾਹੁੰਦਾ ਹੈ।

ਇਹੀ ਵਜਾ ਹੈ ਕਿ ਉਸਦੀਆਂ ਨਜ਼ਰਾਂ ਆਪਣੇ ਕਮਰੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਇੱਕ ਹੀ ਜਗ੍ਹਾ ਉੱਤੇ ਪਈਆਂ ਨਹੀਂ ਵੇਖ ਸਕਦੀਆਂ ਸਨ। ਮੁਮਕਿਨ ਹੈ ਮੇਰੀ ਇਹ ਸਮਝ ਕਿਸੇ ਹੱਦ ਤੱਕ ਗ਼ਲਤ ਹੋਵੇ। ਪਰ ਮੈਂ ਇਹ ਯਕੀਨ ਨਾਲ਼ ਕਹਿ ਸਕਦਾ ਹਾਂ ਕਿ ਉਸਦੀ ਭਾਲ਼ ਦਾ ਕਿਸੇ ਅਜਿਹੇ ਇਨਕਲਾਬ ਵੱਲ ਰੁਝਾਨ ਹੈ ਜਿਸਦੇ ਲੱਛਣ ਉਸਦੇ ਕਮਰੇ ਦੀਆਂ ਰੋਜ਼ਾਨਾ ਤਬਦੀਲੀਆਂ ਤੋਂ ਜ਼ਾਹਿਰ ਹਨ।

ਪਹਿਲੀ ਨਜ਼ਰੇ ਕਮਰੇ ਦੀਆਂ ਚੀਜ਼ਾਂ ਦੀ ਰੋਜ਼ ਉਲਟ-ਪਲਟ ਕਰਦੇ ਰਹਿਣਾ ਦੀਵਾਨਗੀ ਦੇ ਤੁੱਲ ਹੈ। ਪਰੰਤੂ ਜੇਕਰ ਸਲੀਮ ਦੀਆਂ ਇਨ੍ਹਾਂ ਬੇਮਾਅਨੀ ਹਰਕਤਾਂ ਦਾ ਗੂੜ੍ਹ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਗੱਲ ਉੱਘੜ ਪਵੇਗੀ ਕਿ ਉਨ੍ਹਾਂ ਦੇ ਪਰਦੇ ਦੇ ਪਿੱਛੇ ਇੱਕ ਅਜਿਹੀ ਸ਼ਕਤੀ ਕੰਮ ਕਰ ਰਹੀ ਸੀ ਜਿਸ ਤੋਂ ਉਹ ਖੁਦ ਅਣਜਾਣ ਸੀ।

ਇਸ ਸ਼ਕਤੀ ਨੇ ਜਿਸ ਨੂੰ ਮੈਂ ਮਾਨਸਿਕ ਉਲਾਰ ਦਾ ਨਾਮ ਦਿੰਦਾ ਹਾਂ, ਸਲੀਮ ਦੇ ਦਿਮਾਗ਼ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ ਅਤੇ ਇਸਦਾ ਨਤੀਜਾ ਇਹ ਹੋਇਆ ਕਿ ਉਹ ਇਸ ਤੂਫ਼ਾਨ ਦੀ ਤਾਬ ਨਾ ਝੱਲਦੇ ਹੋਏ ਹਿੱਲ ਗਿਆ ਅਤੇ ਪਾਗਲਖਾਨੇ ਦੀਆਂ ਦੀਵਾਰਾਂ ਵਿੱਚ ਕੈਦ ਕਰ ਦਿੱਤਾ ਗਿਆ।

ਪਾਗਲਖਾਨੇ ਜਾਣ ਤੋਂ ਕੁਝ ਦਿਨ ਪਹਿਲਾਂ ਸਲੀਮ ਮੈਨੂੰ ਅਚਾਨਕ ਸ਼ਹਿਰ ਦੇ ਇੱਕ ਹੋਟਲ ਵਿੱਚ ਪੀਂਦਾ ਮਿਲਿਆ। ਮੈਂ ਅਤੇ ਉਹ ਦੋਵੇਂ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠ ਗਏ। ਇਸ ਲਈ ਕਿ ਮੈਂ ਉਸ ਨਾਲ਼ ਕੁਝ ਗੱਲਬਾਤ ਕਰਨਾ ਚਾਹੁੰਦਾ ਸੀ।

ਮੈਂ ਆਪਣੇ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਤੋਂ ਸੁਣਿਆ ਸੀ ਕਿ ਹੁਣ ਸਲੀਮ ਹੋਟਲਾਂ ਵਿੱਚ ਪਾਗਲਾਂ ਦੀ ਤਰ੍ਹਾਂ ਤਕਰੀਰਾਂ ਕਰਦਾ ਹੈ... ਮੈਂ ਇਹ ਚਾਹੁੰਦਾ ਸੀ ਕਿ ਉਸ ਨੂੰ ਫ਼ੌਰਨ ਮਿਲ ਕੇ ਇਸ ਕਿਸਮ ਦੀਆਂ ਹਰਕਤਾਂ ਕਰਨ ਤੋਂ ਮਨ੍ਹਾ ਕਰ ਦੇਵਾਂ। ਇਸਦੇ ਇਲਾਵਾ ਇਹ ਅੰਦੇਸ਼ਾ ਸੀ ਕਿ ਸ਼ਾਇਦ ਉਹ ਕਿਤੇ ਸੱਚਮੁੱਚ ਪਾਗਲ ਨਾ ਹੋ ਗਿਆ ਹੋਵੇ। ਹਾਲਾਂਕਿ ਮੈਂ ਉਸ ਨਾਲ਼ ਫ਼ੌਰਨ ਹੀ ਗੱਲ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਹੋਟਲ ਵਿੱਚ ਗੱਲਬਾਤ ਕਰਨਾ ਮੁਨਾਸਿਬ ਨਾ ਸਮਝਿਆ।

190 / ਮੰਟੇ ਦੇ ਅਫ਼ਸਾਨੇ