ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੈਂ ਨਹੀਂ ਦੇਵਾਂਗਾ।”

“ਤੁਹਾਨੂੰ ਦੇਣੀ ਪਵੇਗੀ।"

“ਕੋਈ ਜ਼ੋਰ ਹੈ?”

“ਮੈਂ ਚੀਖਣਾ ਸ਼ੁਰੂ ਕਰ ਦੇਵਾਂਗੀ।” ਉਸਨੇ ਮੇਰੇ 'ਤੇ ਰੋਹਬ ਝਾੜਿਆ।

“ਬੜੇ ਸ਼ੌਕ ਨਾਲ਼,” ਮੈਂ ਬੜੇ ਇਤਮੀਨਾਨ ਨਾਲ਼ ਜਵਾਬ ਦਿੱਤਾ। "ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾਹਕ ਆਪਣਾ ਗਲਾ ਪਾੜੇਂਗੀ, ਹਲਕ ਥਕਾਏਂਗੀ... ਕੁਝ ਵੀ ਨਹੀਂ ਹੋਵੇਗਾ, ਰੋ-ਪਿੱਟ ਕੇ ਵੇਖ ਲੈ। ਮੈਂ ਝੂਠ ਨਹੀਂ ਕਹਿੰਦਾ... ਇਸ ਕਮਰੇ ਵਿੱਚ ਕੋਈ ਰੌਸ਼ਨਦਾਨ ਨਹੀਂ। ਦਰਵਾਜ਼ਿਆਂ ਉੱਤੇ ਜਿੰਨੇ ਪਰਦੇ ਲਟਕ ਰਹੇ ਹਨ ਸਭ ਦੇ ਸਭ ਮੋਟੇ ਹਨ। ਮੈਨੂੰ ਬਚਪਨ ਹੀ ਵਿੱਚ ਇਸਦਾ ਕਈ ਵਾਰ ਤਲਖ ਤਜਰਬਾ ਹੋ ਚੁੱਕਿਆ ਹੈ ਕਿ ਇੱਥੋਂ ਬੁਲੰਦ ਤੋਂ ਬੁਲੰਦ ਆਵਾਜ਼ ਵੀ ਬਾਹਰ ਨਹੀਂ ਜਾ ਸਕਦੀ। ਮਾਤਾ ਜੀ ਇਹਤਿਆਤ ਵਜੋਂ ਮੈਨੂੰ ਇਸ ਕਮਰੇ ਵਿੱਚ ਕੁੱਟਿਆ ਕਰਦੇ ਸਨ। ਮੈਂ ਉਸ ਮਾਰ ਤੋਂ ਛੁਟਕਾਰਾ ਹਾਸਿਲ ਕਰਨ ਲਈ ਜ਼ੋਰ ਜ਼ੋਰ ਨਾਲ਼ ਚੀਖਿਆ ਕਰਦਾ ਸੀ ਕਿ ਪਿਤਾ ਜੀ ਮੇਰੀ ਆਵਾਜ਼ ਸੁਣ ਲੈਣ ਪਰ ਬੇਕਾਰ...ਤੂੰ ਬੇਕਾਰ ਚਿੱਲਾਏਂਗੀ।”

ਪਾਰਬਤੀ ਨੇ ਮੇਰੀ ਗੱਲ ਸੁਣੀ ਅਤੇ ਹਾਰੇ ਹੋਏ ਇਨਸਾਨ ਦੀ ਤਰ੍ਹਾਂ ਕਿਹਾ, “ਪਰ ਤੁਸੀਂ ਕੁੰਜੀ ਨਹੀਂ ਦਿਓਗੇ?”

“ਮੈਨੂੰ ਅਫ਼ਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਨਹੀਂ।”

“ਕਿਉਂ? ਇਸਦਾ ਸਬੱਬ?”

"ਫਿਰ ਉਹੀ ਬਕਵਾਸ ਸਵਾਲ।"

“ਤੁਹਾਡਾ ਮਜ਼ਾਕ ਹੱਦ ਤੋਂ ਵਧ ਰਿਹਾ ਹੈ।” ਉਸਨੇ ਆਪਣੀ ਸਾੜ੍ਹੀ ਦੇ ਡਿੱਗਦੇ ਹੋਏ ਪੱਲੂ ਨੂੰ ਸੰਭਾਲਦੇ ਹੋਏ ਕਿਹਾ, “ਮੈਂ ਇਹ ਸਾਰਾ ਮਾਮਲਾ ਅੱਖਰ ਬ ਅੱਖਰ, ਜਿਵੇਂ ਦਾ ਤਿਵੇਂ ਬਿਮਲਾ ਨੂੰ ਸੁਣਾ ਦਿਆਂਗੀ।”

“ਬੜੇ ਸ਼ੌਕ ਨਾਲ਼, ਮੈਂ ਅੱਜ ਸ਼ਾਮ ਨੂੰ ਦਿੱਲੀ ਜਾ ਰਿਹਾ ਹਾਂ। ਇਸਦੇ ਇਲਾਵਾ ਬੇਚਾਰੀ ਬਿਮਲਾ ਕਰ ਵੀ ਕੀ ਸਕੇਗੀ?"

“ਉਹ ਤੁਹਾਡੇ ਪਿਤਾ ਜੀ ਕੋਲ਼ ਸ਼ਿਕਾਇਤ ਕਰੇਗੀ।”

“ਮੇਰੀ ਇੱਕ ਗ਼ੁੱਸੇ-ਭਰੀ ਫਟਕਾਰ ਉਸਦੀ ਜ਼ਬਾਨ ਬੰਦ ਕਰਨ ਲਈ ਕਾਫ਼ੀ ਹੋਵੇਗੀ।"

“ਤਾਂ ਮੈਂ ਖੁਦ ਉਨ੍ਹਾਂ ਨੂੰ ਸਭ ਕੁਝ ਕਹਿ ਦੇਵਾਂਗੀ।”

“ਜੋ ਦਿਲ ਵਿੱਚ ਆਏ ਕਰ ਲੈਣਾ। ਇਸ ਵਕਤ ਉਸਦੇ ਦੱਸਣ ਦੀ ਜ਼ਰੂਰਤ ਨਹੀਂ ਹੈ।”

ਮੈਂ ਕਹਿਣ ਨੂੰ ਤਾਂ ਕਹਿ ਦਿੱਤਾ ਪਰ ਦਿਲ ਵਿੱਚ ਬਹੁਤ ਡਰਿਆ। ਪਿਤਾ ਜੀ ਚਾਹੇ ਨਰਮ ਦਿਲ ਸਨ, ਪਰ ਇਸ ਕਿਸਮ ਦੀ ਸ਼ਰਾਰਤ ਦਾ ਸੁਣ ਕੇ ਉਨ੍ਹਾਂ ਦਾ ਦੁਖੀ ਹੋਣਾ ਲਾਜ਼ਮ ਸੀ। ਬਹਰਹਾਲ ਮੈਂ ਸੋਚ ਰੱਖਿਆ ਸੀ ਕਿ ਜੇਕਰ ਪਾਰਬਤੀ ਨੇ ਉਨ੍ਹਾਂ ਨੂੰ ਕਹਿ ਦਿੱਤਾ ਤਾਂ

205 / ਮੰਟੇ ਦੇ ਅਫ਼ਸਾਨੇ