ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/212

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਿੱਚ ਹਿੰਮਤ ਹਰਗਿਜ਼ ਪੈਦਾ ਨਾ ਹੁੰਦੀ। ਉਹ ਇੱਕ ਅਜਿਹਾ ਸਾਜ਼ ਹੁੰਦੇ ਜਿਸ ਤੋਂ ਮਿਜ਼ਰਾਬ ਅਲਹਿਦਾ ਕਰ ਦਿੱਤੀ ਗਈ ਹੋਵੇ।... ਸਿਪਾਹੀ ਦੀ ਉਹ ਤਲਵਾਰ ਜ਼ਿਆਦਾ ਧਾਰਦਾਰ ਹੋ ਜਾਂਦੀ ਹੈ ਜਿਸ ਉੱਤੇ ਰੁਖ਼ਸਤ ਦੇ ਵਕਤ ਉਸ ਦੀ ਮਹਿਬੂਬਾ ਦੇ ਅੱਥਰੂ ਚਮਕ ਰਹੇ ਹੋਣ। ਜੇਲ੍ਹ ਦੇ ਹਨੇਰਿਆਂ ਵਿੱਚ ਜੇਕਰ ਕੋਈ ਚੀਜ਼ ਮਰਦ ਦੀ ਉਦਾਸੀ ਦੂਰ ਕਰ ਸਕਦੀ ਹੈ ਤਾਂ ਉਹ ਔਰਤ ਹੈ। ਤੁਸੀਂ ਔਰਤ ਨੂੰ ਇਨਕਲਾਬ ਦੀਆਂ ਹੰਗਾਮਾ ਆਫ਼ਰੀਨੀਆਂ ਅਤੇ ਜੰਗ ਦੀਆਂ ਹੌਲਨਾਕੀਆਂ ਤੋਂ ਹਰਗਿਜ਼ ਜੁਦਾ ਨਹੀਂ ਕਰ ਸਕਦੇ। ਔਰਤ ਜ਼ਿੰਦਗੀ ਦੇ ਹਰ ਖੇਤਰ ਦੀ ਰੂਹੇ ਰਵਾਂ ਹੈ, ਜੇਕਰ ਉਸ ਨੂੰ ਅਲਹਿਦਾ ਕਰ ਦਿੱਤਾ ਜਾਵੇ ਤਾਂ ਦੁਨੀਆ ਇੱਕ ਬੁਰਾ ਸੁਪਨਾ ਬਣ ਕੇ ਰਹੀ ਜਾਂਦੀ ਹੈ।

ਕ੍ਰਿਸ਼ਨ ਅਤੇ ਸ਼ਬੀਰ ਖਾਮੋਸ਼ ਰਹੇ। ਥੋੜ੍ਹੀ ਦੇਰ ਚੁਪ ਰਹਿਣ ਦੇ ਬਾਅਦ ਖਾਲਿਦ ਨੇ ਬੋਲਣਾ ਸ਼ੁਰੂ ਕੀਤਾ:

“ਜਦੋਂ ਹਿਊਗੋ ਨੇ ਇਹ ਲਿਖਿਆ ਸੀ ਕਿ ਗ਼ਮਜ਼ਦਾ ਹੈ ਉਹ ਰੂਹ, ਜੋ ਮੁਹੱਬਤ ਤੋਂ ਗ਼ਮਜ਼ਦਾ ਨਹੀਂ ਤਾਂ ਉਸ ਦੀ ਕਲਮ ਯਕੀਨਨ ਸੱਚਾਈ ਦੇ ਨੇੜੇ ਸੀ। ਮੈਂ ਇੱਕ ਸ਼ਕਤੀ ਪੱਖੋਂ ਨਿਪੁੰਨ ਹਾਂ। ਮੇਰੀਆਂ ਬਾਹਵਾਂ ਵਿੱਚ ਤਾਕਤ ਮੌਜੂਦ ਹੈ। ਮੇਰੇ ਸੀਨੇ ਵਿੱਚ ਅੱਗ ਸੁਲਘ ਰਹੀ ਹੈ। ਮੈਂ ਸਿਰ 'ਤੇ ਕਫ਼ਨ ਬੰਨ੍ਹਿਆ ਹੋਇਆ ਹੈ। ਇਹ ਸਭ ਕੁਝ ਹੈ ਪਰ ਉਹ ਨਹੀਂ। ਜੇਕਰ ਉਹ ਨਹੀਂ ਹੈ ਤਾਂ ਫਿਰ ਮੈਂ ਇਹੀ ਕਹਾਂਗਾ ਕਿ ਮੈਂ ਹਨੇਰੇ ਵਿੱਚ ਲੜ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਕੁਝ ਦਿਨਾਂ ਦੇ ਬਾਅਦ ਜੇਲ੍ਹ ਭੇਜ ਦਿੱਤਾ ਜਾਵਾਂਗਾ। ਮੈਂ ਇਸ ਤੋਂ ਡਰਦਾ ਨਹੀਂ ਹਾਂ। ਪਰ... ਜੇਕਰ ਹੱਥਕੜੀ ਪਾਉਣ ਤੋਂ ਪਹਿਲਾਂ ਸਾਡੇ ਦਰਮਿਆਨ ਮੇਰੀ ਮਹਿਬੂਬਾ ਅੱਗੇ ਆਉਂਦੀ ਅਤੇ ਮੇਰੇ ਬੁੱਲ੍ਹਾਂ ਨੂੰ ਚੁੰਮਦੀ ਹੋਈ ਕਹਿੰਦੀ, ਖ਼ਾਲਿਦ ਜਾਓ, ਤੁਹਾਡੀ ਜੇਲ੍ਹ ਦੇ ਹਨੇਰਿਆਂ ਨੂੰ ਮੇਰੀ ਮੁਹੱਬਤ ਰੌਸ਼ਨ ਰੱਖੇਗੀ ਤਾਂ ਰੱਬ ਦੀ ਸਹੁੰ ਜੇਕਰ ਮੈਂ ਇੱਕ ਹਜ਼ਾਰ ਸਾਲ ਕੈਦ ਰਹਿੰਦਾ, ਤਾਂ ਵੀ ਤੁਸੀਂ ਮੈਨੂੰ ਇਸੇ ਤਰ੍ਹਾਂ ਜਵਾਨ ਵੇਖਦੇ... ਪਰ ਇਹ ਸੁਪਨੇ ਹਨ...ਸਾਨੂੰ ਇਹ ਗੱਲਬਾਤ ਬੰਦ ਕਰ ਦੇਣੀ ਚਾਹੀਦੀ ਹੈ।”

ਇਹ ਕਹਿ ਕੇ ਖਾਲਿਦ ਉਠ ਖੜ੍ਹਾ ਹੋਇਆ ਅਤੇ ਕੈਂਪ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਟਹਿਲਣ ਦੇ ਬਾਅਦ ਉਸਨੇ ਆਪਣੀਆਂ ਬੋਝਲ ਚਿੰਤਾਵਾਂ ਦੂਰ ਹਟਾ ਦਿੱਤੀਆਂ ਅਤੇ ਸ਼ਬੀਰ ਤੇ ਕ੍ਰਿਸ਼ਨ ਨਾਲ਼ ਆਪਣੀ ਉਸ ਤਕਰੀਰ ਬਾਰੇ ਗੱਲਾਂ ਸ਼ੁਰੂ ਕਰ ਦਿੱਤੀਆਂ ਜੋ ਉਸ ਨੇ ਸਵੇਰੇ ਜੱਲ੍ਹਿਆਂ ਵਾਲਾ ਬਾਗ਼ ਦੇ ਮਸ਼ਹੂਰ ਪਲੇਟਫਾਰਮ ਉੱਤੇ ਕਰਨੀ ਸੀ। ਗੱਲਾਂ ਖਤਮ ਹੋਣ 'ਤੇ ਸ਼ਬੀਰ ਅਤੇ ਕ੍ਰਿਸ਼ਨ ਖੇਮੇ ਵਿੱਚੋਂ ਬਾਹਰ ਨਿਕਲਣ ਲੱਗੇ ਤਾਂ ਕ੍ਰਿਸ਼ਨ ਨੇ ਆਪਣੇ ਖਾਸ ਅੰਦਾਜ਼ ਵਿੱਚ ਖਾਲਿਦ ਨੂੰ ਕਿਹਾ:

“ਕੱਲ੍ਹ ਦੀ ਤਕਰੀਰ ਤੁਹਾਡੀ ਗਿਰਫ਼ਤਾਰੀ ਦਾ ਵਾਰੰਟ ਹੋਵੇਗੀ। ਮੇਰੀ ਦੁਆ ਹੈ ਕਿ ਕੈਦ ਹੋਣ ਤੋਂ ਪਹਿਲਾਂ ਤੁਹਾਡੀ ਅਜੀਬੋ-ਗ਼ਰੀਬ ਤਮੰਨਾ ਪੂਰੀ ਹੋ ਜਾਵੇ।”

ਖਾਲਿਦ ਮੁਸਕਰਾ ਪਿਆ ਅਤੇ ਆਪਣੇ ਦੋਸਤਾਂ ਨੂੰ ਵਿਦਾ ਕਰਕੇ ਕੰਮ ਵਿਚ ਰੁੱਝ ਗਿਆ।

ਸਵੇਰੇ ਖਾਲਿਦ ਦੀ ਤਕਰੀਰ ਹੋਈ। ਸੁਣਨ ਵਾਲਿਆਂ ਦਾ ਬਿਆਨ ਹੈ ਕਿ ਕਾਲਜ

212 / ਮੰਟੇ ਦੇ ਅਫ਼ਸਾਨੇ