ਅਤੇ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਮਰਦੁਵੇ! ਉਹ ਪਲੰਗ 'ਤੇ ਆਇਆ ਤਾਂ ਮੈਂ ਉੱਠੀ ਅਤੇ ਝਪਟ ਕੇ ਲਾਈਟ ਬੁਝਾ ਦਿੱਤੀ! ਉਹ ਫਿਰ ਘਬਰਾਉਣ ਲੱਗਾ... ਤੇਰੀ ਕਸਮ ਬੜੇ ਮਜ਼ੇ ਵਿੱਚ ਰਾਤ ਕਟੀ, ਕਦੇ ਹਨੇਰਾ, ਕਦੇ ਉਜਾਲਾ, ਕਦੇ ਉਜਾਲਾ, ਕਦੇ ਹਨੇਰਾ... ਟ੍ਰਾਮ ਦੀ ਖੜਖੜ ਹੋਈ ਤਾਂ ਪਤਲੂਨ-ਪੁਤਲੂਨ ਪਹਿਨ ਕੇ ਉਹ ਉਠ ਭੱਜਿਆ... ਸਾਲੇ ਨੇ ਤੀਹ ਰੁਪਏ ਸੱਟੇ ਵਿੱਚ ਜਿੱਤੇ ਹੋਣਗੇ, ਜੋ ਇਵੇਂ ਮੁਫ਼ਤ ਦੇ ਗਿਆ... ਜਮਨਾ ਤੂੰ ਬਿਲਕੁਲ ਅੱਲ੍ਹੜ ਹੈਂ। ਵੱਡੇ-ਵੱਡੇ ਗੁਰ ਯਾਦ ਹਨ ਮੈਨੂੰ, ਇਨ੍ਹਾਂ ਲੋਕਾਂ ਨੂੰ ਠੀਕ ਕਰਨ ਦੇ ਲਈ!”
ਸੌਗੰਧੀ ਨੂੰ ਵਾਕਈ ਬਹੁਤ ਸਾਰੇ ਗੁਰ ਯਾਦ ਸਨ ਜੋ ਉਸਨੇ ਆਪਣੀਆਂ ਇੱਕ ਦੋ ਸਹੇਲੀਆਂ ਨੂੰ ਦੱਸੇ ਵੀ ਸਨ। ਆਮ ਤੌਰ 'ਤੇ ਉਹ ਇਹ ਗੁਰ ਸਾਰਿਆਂ ਨੂੰ ਦੱਸਿਆ ਕਰਦੀ ਸੀ, “ਜੇਕਰ ਆਦਮੀ ਸ਼ਰੀਫ ਹੋਵੇ, ਜ਼ਿਆਦਾ ਗੱਲਾਂ ਨਾ ਕਰਨ ਵਾਲਾ ਹੋਵੇ ਤਾਂ ਉਸ ਨਾਲ਼ ਖੂਬ ਸ਼ਰਾਰਤਾਂ ਕਰੋ, ਅਣਗਿਣਤ ਗੱਲਾਂ ਕਰੋ। ਉਸਨੂੰ ਛੇੜੋ, ਸਤਾਓ, ਉਸਦੇ ਕੁਤਕੁਤਾਰੀਆਂ ਕਰੋ। ਉਸ ਨਾਲ਼ ਖੇਡੋ... ਜੇਕਰ ਦਾੜ੍ਹੀ ਰੱਖਦਾ ਹੋਵੇ ਤਾਂ ਉਸ ਵਿੱਚ ਉਂਗਲਾਂ ਨਾਲ਼ ਕੰਘੀ ਕਰਦੇ ਕਰਦੇ ਦੋ ਚਾਰ ਵਾਲ਼ ਵੀ ਨੋਚ ਲਓ, ਢਿੱਡ ਵੱਡਾ ਹੋਵੇ ਤਾਂ ਥਪਥਪਾਓ... ਉਹਨੂੰ ਇੰਨੀ ਮੁਹਲਤ ਹੀ ਨਾ ਦਿਓ ਕਿ ਆਪਣੀ ਮਰਜ਼ੀ ਦੇ ਮੁਤਾਬਕ ਕੁਝ ਕਰ ਸਕੇ... ਉਹ ਖੁਸ਼ ਖੁਸ਼ ਚਲਾ ਜਾਵੇਗਾ ਅਤੇ ਤੁਸੀਂ ਬਚੀਆਂ ਰਹੋਂਗੀਆਂ... ਅਜਿਹੇ ਮਰਦ ਜੋ ਗੁਪਚੁਪ ਰਹਿੰਦੇ ਹਨ ਬੜੇ ਖਤਰਨਾਕ ਹੁੰਦੇ ਹਨ, ਭੈਣ... ਹੱਡੀ-ਪਸਲੀ ਤੋੜ ਦਿੰਦੇ ਹਨ ਜੇਕਰ ਉਨ੍ਹਾਂ ਦਾ ਦਾਅ ਚੱਲ ਜਾਵੇ।”
ਸੌਗੰਧੀ ਇੰਨੀ ਚਲਾਕ ਨਹੀਂ ਸੀ ਜਿੰਨੀ ਖੁਦ ਨੂੰ ਜ਼ਾਹਰ ਕਰਦੀ ਸੀ। ਉਸਦੇ ਗਾਹਕ ਬਹੁਤ ਘੱਟ ਸਨ। ਅੱਤ ਦਰਜੇ ਦੀ ਜਜ਼ਬਾਤੀ ਕੁੜੀ ਸੀ। ਇਹੀ ਵਜ੍ਹਾ ਹੈ ਕਿ ਉਹ ਤਮਾਮ ਗੁਰ ਜੋ ਉਸਨੂੰ ਯਾਦ ਸਨ, ਉਸਦੇ ਦਿਮਾਗ਼ ਤੋਂ ਖਿਸਕ ਕੇ ਉਸਦੇ ਢਿੱਡ ਵਿੱਚ ਆ ਜਾਂਦੇ ਸਨ ਜਿਸ 'ਤੇ ਇੱਕ ਬੱਚਾ ਪੈਦਾ ਕਰਨ ਦੇ ਕਾਰਨ ਕਈ ਲਕੀਰਾਂ ਪੈ ਗਈਆਂ ਸਨ... ਉਨ੍ਹਾਂ ਲਕੀਰਾਂ ਨੂੰ ਪਹਿਲੀ ਵਾਰ ਵੇਖ ਕੇ ਉਸਨੂੰ ਅਜਿਹਾ ਲੱਗਾ ਸੀ ਕਿ ਉਸਦੇ ਖੁਰਕ-ਖਾਧੇ ਕੁੱਤੇ ਨੇ ਆਪਣੇ ਪੰਜੇ ਨਾਲ਼ ਇਹ ਨਿਸ਼ਾਨ ਬਣਾ ਦਿੱਤੇ ਹਨ। ਜਦੋਂ ਕੋਈ ਕੁੱਤੀ ਬੜੀ ਬੇਐਤਨਾਈ ਨਾਲ ਉਸ ਦੇ ਪਾਲਤੂ ਕੁੱਤੇ ਦੇ ਕੋਲੋਂ ਲੰਘ ਜਾਂਦੀ ਸੀ ਤਾਂ ਉਹ ਸ਼ਰਮਿੰਦਗੀ ਦੂਰ ਕਰਨ ਦੇ ਲਈ ਜ਼ਮੀਨ ਉੱਤੇ ਆਪਣੇ ਪੰਜਿਆਂ ਨਾਲ ਇਸੇ ਤਰ੍ਹਾਂ ਦੇ ਨਿਸ਼ਾਨ ਬਣਾਇਆ ਕਰਦਾ ਸੀ।
ਸੌਗੰਧੀ ਦਿਮਾਗ਼ ਵਿੱਚ ਜ਼ਿਆਦਾ ਰਹਿੰਦੀ ਸੀ ਪਰ ਐਵੇਂ ਹੀ ਕੋਈ ਨਰਮ-ਨਾਜ਼ੁਕ ਗੱਲ, ਕੋਈ ਕੋਮਲ ਬੋਲ, ਉਸ ਨੂੰ ਕਹਿੰਦਾ ਤਾਂ ਝੱਟ ਪਿਘਲ਼ ਕੇ ਉਹ ਆਪਣੇ ਜਿਸਮ ਦੇ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੀ। ਹਾਲਾਂਕਿ ਮਰਦ ਅਤੇ ਔਰਤ ਦੇ ਜਿਸਮਾਨੀ ਮਿਲਾਪ ਨੂੰ ਉਸਦਾ ਦਿਮਾਗ਼ ਬਿਲਕੁਲ ਫ਼ੁਜ਼ੂਲ ਸਮਝਦਾ ਸੀ। ਪਰ ਉਸਦੇ ਜਿਸਮ ਦੇ ਬਾਕੀ ਅੰਗ ਸਭ ਦੇ ਸਭ ਉਸਦੇ ਬਹੁਤ ਬੁਰੀ ਤਰ੍ਹਾਂ ਕਾਇਲ ਸਨ! ਉਹ ਥਕਾਵਟ ਚਾਹੁੰਦੇ ਸਨ...। ਅਜਿਹੀ ਥਕਾਵਟ ਜੋ ਉਨ੍ਹਾਂ ਨੂੰ ਝੰਜੋੜ ਕੇ... ਉਸਨੂੰ ਮਾਰਕੇ ਸੁਲਾਉਣ 'ਤੇ ਮਜਬੂਰ ਕਰ ਦੇਵੇ! ਅਜਿਹੀ ਨੀਂਦ ਜੋ ਥੱਕ ਕੇ ਚੂਰ ਚੂਰ ਹੋ ਜਾਣ ਦੇ ਬਾਅਦ ਆਏ, ਕਿੰਨੀ ਮਜ਼ੇਦਾਰ ਹੁੰਦੀ ਹੈ... ਉਹ ਬੇਹੋਸ਼ੀ
222 / ਮੰਟੇ ਦੇ ਅਫ਼ਸਾਨੇ