ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/23

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਾਨੂੰ ਹਰ ਰੋਜ਼ ਬਾਰਾਂ ਘੰਟੇ ਕੰਮ ਕਰਨਾ ਪੈਂਦਾ। ਯਾਨੀ ਸਾਰਾ ਦਿਨ ਅਸੀਂ ਸੜਕ ਦੀਆਂ ਮੋਰੀਆਂ ਅਤੇ ਪੱਥਰਾਂ ਨੂੰ ਸਾਫ਼ ਕਰਦੇ ਰਹਿੰਦੇ ਸਾਂ। ਇਹ ਕੰਮ ਦਿਲਚਸਪ ਨਹੀਂ ਸੀ ਪਰ ਅਸੀਂ ਉਸਦੀ ਨਾ-ਖ਼ੁਸ਼ਗਵਾਰ ਇਕਸਾਰਤਾ ਨੂੰ ਦੂਰ ਕਰਨ ਲਈ ਇੱਕ ਤਰੀਕਾ ਈਜਾਦ ਕਰ ਲਿਆ ਸੀ। ਜਦੋਂ ਅਸੀਂ ਸਭ ਉਸ ਪਹਾੜੀ ਦੇ ਹੇਠਾਂ ਜਮ੍ਹਾਂ-ਹੋਏ ਮਲਬੇ ਨੂੰ ਆਪਣੇ ਬੇਲਚਿਆਂ ਨਾਲ਼ ਹਟਾ ਰਹੇ ਹੁੰਦੇ ਜਿਸਦੇ ਪੱਥਰ ਹਰ ਵਕਤ ਸੜਕ 'ਤੇ ਡਿੱਗਦੇ ਰਹਿੰਦੇ ਸਨ ਤਾਂ ਅਸੀਂ ਇੱਕ ਸੁਰ ਵਿੱਚ ਕੋਈ ਪਹਾੜੀ ਗੀਤ ਸ਼ੁਰੂ ਕਰ ਦਿੰਦੇ। ਮਲਬੇ ਦੇ ਪੱਥਰਾਂ ਨਾਲ਼ ਟਕਰਾ ਕੇ, ਸਾਡੇ ਬੇਲਚਿਆਂ ਦੀ ਝਨਕਾਰ ਇਸ ਗੀਤ ਦੀ ਤਾਲ ਦਾ ਕੰਮ ਕਰਦੀ ਸੀ। ਇਹ ਗੀਤ ਉਸ ਉਦਾਸੀ ਨੂੰ ਦੂਰ ਕਰ ਦਿੰਦਾ ਜੋ ਇਹ ਗ਼ੈਰ-ਦਿਲਚਸਪ ਕੰਮ ਕਰਨ ਨਾਲ਼ ਸਾਡੇ ਦਿਲਾਂ ਵਿੱਚ ਪੈਦਾ ਹੋ ਜਾਂਦੀ। ਜਦੋਂ ਤੱਕ ਉਸਦੇ ਸੁਰ ਸਾਡੀਆਂ ਚੌੜੀਆਂ ਛਾਤੀਆਂ ਵਿੱਚੋਂ ਨਿਕਲਦੇ ਰਹਿੰਦੇ, ਅਸੀਂ ਮਹਿਸੂਸ ਤੱਕ ਨਾ ਕਰਦੇ ਕਿ ਇਸ ਦੌਰਾਨ ਅਸੀਂ ਮਲਬੇ ਦੇ ਇੱਕ ਬੜੇ ਵੱਡੇ ਢੇਰ ਨੂੰ ਸਾਫ਼ ਕਰ ਲਿਆ ਹੈ।

ਮੋਟਰ-ਲਾਰੀਆਂ ਦੀ ਆਵਾਜਾਈ ਨਾਲ਼ ਵੀ ਸਾਡਾ ਦਿਲ ਪਰਚਿਆ ਰਹਿੰਦਾ ਸੀ ਜੋ ਰੰਗ-ਬਿਰੰਗੇ ਮੁਸਾਫ਼ਰਾਂ ਨੂੰ ਕਸ਼ਮੀਰ ਤੋਂ ਵਾਪਸ ਜਾਂ ਕਸ਼ਮੀਰ ਵੱਲ ਲੈ ਜਾਂਦੀ ਰਹਿੰਦੀ ਸੀ। ਜਦੋਂ ਕਦੇ ਕੋਈ ਲਾਰੀ ਸਾਡੇ ਕੋਲੋਂ ਗੁਜ਼ਰਦੀ ਤਾਂ ਅਸੀਂ ਕੁਝ ਅਰਸੇ ਲਈ ਆਪਣੀਆਂ ਝੁਕੀਆਂ ਹੋਈਆਂ ਕਮਰਾਂ ਸਿੱਧੀ ਕਰਕੇ ਸੜਕ ਦੇ ਇੱਕ ਪਾਸੇ ਖੜ੍ਹੇ ਹੋ ਜਾਂਦੇ ਅਤੇ ਜ਼ਮੀਨ 'ਤੇ ਆਪਣੇ ਬੇਲਚੇ ਟੇਕ ਕੇ ਉਸ ਨੂੰ ਸਾਹਮਣੇ ਵਾਲ਼ੇ ਮੋੜ ਦੇ ਪਿੱਛੇ ਗੁੰਮ ਹੁੰਦੇ ਵੇਖਦੇ ਰਹਿੰਦੇ। ਉਨ੍ਹਾਂ ਲਾਰੀਆਂ ਨੂੰ ਇੰਨੀ ਦੂਰ ਤੱਕ ਵੇਖਦੇ ਰਹਿਣ ਦਾ ਮਕਸਦ ਇਹ ਸੀ ਕਿ ਅਸੀਂ ਥੋੜ੍ਹਾ ਸੁਸਤਾ ਲਈਏ ਪਰ ਕਈ ਵਾਰ ਉਨ੍ਹਾਂ ਲਾਰੀਆਂ ਦੀਆਂ ਸ਼ਾਨਦਾਰ ਅਸਬਾਬ ਨਾਲ਼ ਲੱਦੀਆਂ ਹੋਈਆਂ ਛੱਤਾਂ ਅਤੇ ਉਨ੍ਹਾਂ ਦੀਆਂ ਬਾਰੀਆਂ ਨਾਲ਼ ਮੁਸਾਫ਼ਰਾਂ ਦੇ ਲਹਿਰਾਉਂਦੇ ਹੋਏ ਰੇਸ਼ਮੀ ਕੱਪੜਿਆਂ ਦੀ ਇੱਕ ਝਲਕ, ਸਾਡੇ ਦਿਲਾਂ ਵਿੱਚ ਇੱਕ ਨਾ-ਬਿਆਨ ਕੀਤੀ ਜਾਣ ਵਾਲੀ ਤਲਖ਼ੀ ਪੈਦਾ ਕਰ ਦਿੰਦੀ ਸੀ ਅਤੇ ਅਸੀਂ ਆਪਣੇ ਆਪ ਨੂੰ ਉਨ੍ਹਾਂ ਪੱਥਰਾਂ ਦੀ ਤਰ੍ਹਾਂ ਫ਼ਜ਼ੂਲ ਅਤੇ ਨਾਕਾਰਾ ਤਸੱਵਰ ਕਰਨ ਲੱਗਦੇ ਸਾਂ, ਜਿਨ੍ਹਾਂ ਨੂੰ ਸਾਡੇ ਬੇਲਚਿਆਂ ਦੇ ਧੱਕੇ ਇੱਧਰ-ਉੱਧਰ ਪਟਕਦੇ ਰਹਿੰਦੇ ਸਨ। ਉਨ੍ਹਾਂ ਮੁਸਾਫ਼ਰਾਂ ਦੇ ਤਰ੍ਹਾਂ-ਤਰ੍ਹਾਂ ਦੇ ਲਿਬਾਸ ਵੇਖ ਕੇ ਜਿਨ੍ਹਾਂ 'ਤੇ ਯਕੀਨਨ ਬਹੁਤ ਸਾਰੇ ਰੁਪਏ ਲੱਗੇ ਹੋਣਗੇ, ਅਸੀਂ ਮੱਲੋਮੱਲੀ ਆਪਣੇ ਕੱਪੜਿਆਂ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਸਾਂ।

ਸਾਡੇ ਵਿੱਚੋਂ ਬਹੁਤਿਆਂ ਦਾ ਲਿਬਾਸ ਪੱਟੂ ਦੇ ਤੰਗ ਪਜਾਮੇ, ਗਾੜੇ ਦੀ ਕਮੀਜ਼ ਅਤੇ ਲੁਧਿਆਣੇ ਦੀ ਸਦਰੀ 'ਤੇ ਅਧਾਰਿਤ ਸੀ। ਸਭ ਦੇ ਪਜਾਮੇ ਜਾਂ ਤਾਂ ਗੋਡਿਆਂ ਉੱਪਰੋਂ ਘਸ-ਘਸ ਕੇ ਇੰਨੇ ਮਹੀਨ ਹੋ ਗਏ ਸਨ ਕਿ ਉਨ੍ਹਾਂ ਵਿੱਚੋਂ ਜਿਸਮ ਦੇ ਵਾਲ਼ਾਂ ਦੀ ਪੂਰੀ ਨੁਮਾਇਸ਼ ਹੁੰਦੀ ਸੀ ਜਾਂ ਬਿਲਕੁਲ ਫਟੇ ਹੋਏ ਸਨ। ਕਮੀਜ਼ਾਂ ਅਤੇ ਸਦਰੀਆਂ ਦੀ ਵੀ ਇਹੋ ਹਾਲਤ ਸੀ। ਉਨ੍ਹਾਂ 'ਤੇ ਜਗ੍ਹਾ-ਜਗ੍ਹਾ ਅੱਡ-ਅੱਡ ਰੰਗ ਦੀਆਂ ਟਾਕੀਆਂ ਲੱਗੀਆਂ ਹੋਈਆਂ ਸਨ। ਕਰੀਬ-ਕਰੀਬ ਸਾਡੀਆਂ ਸਭ ਦੀਆਂ ਕਮੀਜ਼ਾਂ ਦੇ ਬਟਨ ਗ਼ਾਇਬ ਸਨ। ਇਸ ਲਈ ਸੀਨੇ ਆਮ ਤੌਰ 'ਤੇ ਖੁੱਲ੍ਹੇ ਰਹਿੰਦੇ ਸਨ ਅਤੇ ਕੰਮ ਕਰਦੇ ਵਕਤ ਉਨ੍ਹਾਂ 'ਤੇ ਮੁੜ੍ਹਕੇ ਦੀਆਂ ਬੂੰਦਾਂ

23 / ਮੰਟੋ ਦੇ ਅਫ਼ਸਾਨੇ