ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਗ਼ੁੱਸੇ ਅਤੇ ਬੇਬਸੀ ਦੀ ਸ਼ਿੱਦਤ ਦੇ ਕਾਰਨ ਤਿੰਨ-ਚਾਰ ਵੱਡੇ ਵੱਡੇ ਅੱਥਰੂ ਬਣ ਰਹੇ ਸਨ। ਅਚਾਨਕ ਸੌਗੰਧੀ ਨੇ ਆਪਣੀਆਂ ਅੱਖਾਂ ਨੂੰ ਸਵਾਲ ਕੀਤਾ। ਤੁਸੀਂ ਰੋਦੀਆਂ ਕਿਉਂ ਹੋ? ਤੁਹਾਨੂੰ ਕੀ ਹੋਇਆ ਹੈ ਕਿ ਟਪਕਣ ਲੱਗੀਆਂ ਹੋ? ਅੱਖਾਂ ਨੂੰ ਕੀਤਾ ਹੋਇਆ ਸਵਾਲ ਕੁਝ ਪਲਾਂ ਤੱਕ ਉਨ੍ਹਾਂ ਅੱਥਰੂਆਂ ਵਿੱਚ ਤੈਰਦਾ ਰਿਹਾ ਜੋ ਹੁਣ ਪਲਕਾਂ ਉੱਪਰ ਕੰਬ ਰਹੇ ਸਨ। ਸੌਗੰਧੀ ਉਨ੍ਹਾਂ ਹੰਝੂਆਂ ਵਿੱਚੋਂ ਦੇਰ ਤੱਕ ਉਸ ਖਲਾ ਨੂੰ ਘੂਰਦੀ ਰਹੀ ਜਿਧਰ ਸੇਠ ਦੀ ਮੋਟਰ ਗਈ ਸੀ।

ਫੜ ਫੜ ਫੜ... ਇਹ ਅਵਾਜ਼ ਕਿੱਥੋ ਆਈ? ਸੌਗੰਧੀ ਨੇ ਚੌਂਕ ਕੇ ਏਧਰ ਉੱਧਰ ਵੇਖਿਆ ਪਰ ਕੋਈ ਨਹੀਂ ਸੀ... ਓਏ ਇਹ ਤਾਂ ਉਸਦਾ ਦਿਲ ਫੜਫੜਾਇਆ ਸੀ। ਉਹ ਸਮਝੀ ਸੀ ਮੋਟਰ ਦਾ ਇੰਜਣ ਬੋਲਿਆ ਹੈ... ਉਸਦਾ ਦਿਲ... ਇਹ ਕੀ ਹੋ ਗਿਆ ਸੀ ਉਸਦੇ ਦਿਲ ਨੂੰ! ਅੱਜ ਹੀ ਰੋਗ ਲੱਗ ਗਿਆ ਸੀ ਉਸਨੂੰ... ਚੰਗਾ ਭਲਾ ਚੱਲਦਾ ਚੱਲਦਾ ਇੱਕ ਜਗ੍ਹਾ ਰੁਕ ਕੇ ਧੜ ਧੜ ਕਿਉਂ ਕਰਦਾ ਸੀ... ਬਿਲਕੁਲ ਉਸ ਘਸੇ ਹੋਏ ਰਿਕਾਰਡ ਦੀ ਤਰ੍ਹਾਂ ਜੋ ਸੂਈ ਦੇ ਹੇਠਾਂ ਇੱਕ ਜਗ੍ਹਾ ਆਕੇ ਰੁਕ ਜਾਂਦਾ ਹੈ, ਰਾਤ ਕਟੀ ਗਿਣ ਗਿਣ ਤਾਰੇ ਕਹਿੰਦਾ ਕਹਿੰਦਾ ਤਾਰੇ ਤਾਰੇ ਦੀ ਰੱਟ ਲੱਗਾ ਦਿੰਦਾ ਸੀ।

ਅਸਮਾਨ ਤਾਰਿਆਂ ਨਾਲ਼ ਅੱਟਿਆ ਹੋਇਆ ਸੀ। ਸੌਗੰਧੀ ਨੇ ਉਨ੍ਹਾਂ ਵੱਲ ਵੇਖਿਆ ਅਤੇ ਕਿਹਾ ਕਿੰਨੇ ਸੁੰਦਰ ਹਨ... ਉਹ ਚਾਹੁੰਦੀ ਸੀ ਕਿ ਆਪਣਾ ਧਿਆਨ ਕਿਸੇ ਹੋਰ ਪਾਸੇ ਪਲਟ ਦੇਵੇ। ’ਤੇ ਜਦੋਂ ਉਸਨੇ ਸੁੰਦਰ ਕਿਹਾ ਤਾਂ ਝੱਟ ਇਹ ਖਿਆਲ ਉਸਦੇ ਦਿਮਾਗ਼ ਵਿੱਚ ਕੁੱਦਿਆ। ਇਹ ਤਾਰੇ ਸੁੰਦਰ ਹਨ ’ਤੇ ਤੂੰ ਕਿੰਨੀ ਭੋਂਡੀ ਹੈਂ ... ਕੀ ਭੁੱਲ ਗਈ ਹੁਣੇ ਹੁਣੇ ਤੇਰੀ ਸੂਰਤ ਨੂੰ ਫਿਟਕਾਰਿਆ ਗਿਆ ਹੈ?

ਸੌਗੰਧੀ ਬਦਸੂਰਤ ਤਾਂ ਨਹੀਂ ਸੀ। ਇਹ ਖ਼ਿਆਲ ਆਉਂਦੇ ਹੀ ਉਹ ਤਮਾਮ ਅਕਸ ਇੱਕ ਇੱਕ ਕਰਕੇ ਉਸਦੀਆਂ ਅੱਖਾਂ ਦੇ ਸਾਹਮਣੇ ਆਉਣ ਲੱਗੇ, ਜੋ ਇਨ੍ਹਾਂ ਪੰਜ ਵਰ੍ਹਿਆਂ ਦੇ ਦੌਰਾਨ ਉਹ ਸ਼ੀਸ਼ੇ ਵਿੱਚ ਵੇਖ ਚੁੱਕੀ ਸੀ। ਇਸ ਵਿੱਚ ਸ਼ੱਕ ਨਹੀਂ ਕਿ ਉਸਦਾ ਰੰਗ-ਰੂਪ ਹੁਣ ਉਹ ਨਹੀਂ ਰਿਹਾ ਸੀ ਜੋ ਅੱਜ ਤੋਂ ਪੰਜ ਸਾਲ ਪਹਿਲਾਂ ਸੀ ਜਦੋਂ ਉਹ ਤਮਾਮ ਫ਼ਿਕਰਾਂ ਤੋਂ ਅਜ਼ਾਦ ਆਪਣੇ ਮਾਪਿਆਂ ਦੇ ਨਾਲ਼ ਰਿਹਾ ਕਰਦੀ ਸੀ। ਪਰ ਉਹ ਬਦਸੂਰਤ ਤਾਂ ਨਹੀਂ ਹੋ ਗਈ ਸੀ। ਉਸਦੀ ਸ਼ਕਲ-ਸੂਰਤ ਉਨ੍ਹਾਂ ਆਮ ਔਰਤਾਂ ਜਿਹੀ ਸੀ ਜਿਨ੍ਹਾਂ ਵੱਲ ਮਰਦ ਲੰਘਦੇ ਲੰਘਦੇ ਘੂਰ ਕੇ ਵੇਖ ਲਿਆ ਕਰਦੇ ਹਨ। ਉਸ ਵਿੱਚ ਉਹ ਤਮਾਮ ਖੂਬੀਆਂ ਮੌਜੂਦ ਸਨ ਜੋ ਸੌਗੰਧੀ ਦੇ ਖ਼ਿਆਲ ਵਿੱਚ ਹਰ ਮਰਦ ਉਸ ਔਰਤ ਵਿੱਚ ਜ਼ਰੂਰੀ ਸਮਝਦਾ ਹੈ ਜਿਸਦੇ ਨਾਲ਼ ਉਸ ਨੇ ਇੱਕ ਦੋ ਰਾਤਾਂ ਬਸਰ ਕਰਨੀਆਂ ਹੁੰਦੀਆਂ ਹਨ। ਉਹ ਜਵਾਨ ਸੀ, ਉਸਦੇ ਅੰਗ ਸਮਅਨੁਪਾਤੀ ਸਨ। ਕਦੇ ਕਦੇ ਨਹਾਂਦੇ ਵਕਤ ਜਦੋਂ ਉਸਦੀ ਨਜ਼ਰਾਂ ਆਪਣੇ ਪੱਟਾਂ'ਤੇ ਪੈਂਦੀਆਂ ਸਨ ਤਾਂ ਉਹ ਖੁਦ ਉਨ੍ਹਾਂ ਦੀਆਂ ਗੋਲਾਈਆਂ ਅਤੇ ਗੁਦਗੁਦਾਹਟ ਨੂੰ ਪਸੰਦ ਕਰਿਆ ਕਰਦੀ ਸੀ।

ਉਹਦਾ ਸੁਭਾਅ ਮਨਮੋਹਕ ਸੀ। ਇਨ੍ਹਾਂ ਪੰਜ ਵਰ੍ਹਿਆਂ ਦੇ ਦੌਰਾਨ ਸ਼ਾਇਦ ਹੀ ਕੋਈ ਆਦਮੀ ਉਸ ਕੋਲੋਂ ਨਾਖੁਸ਼ ਹੋ ਕੇ ਗਿਆ ਹੋਵੇ... ਬੜੀ ਮਿਲਣਸਾਰ ਸੀ, ਬੜੀ ਰਹਿਮਦਿਲ ਸੀ। ਪਿਛਲੇ ਦਿਨੀਂ ਜਦੋਂ ਕ੍ਰਿਸਮਸ ਵਿੱਚ ਉਹ ਗੋਲ ਪੇਠਾ ਵਿੱਚ ਰਿਹਾ ਕਰਦੀ

231 / ਮੰਟੇ ਦੇ ਅਫ਼ਸਾਨੇ