ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਸੌਗੰਧੀ ਸੋਚਦੀ ਕਿ ਸੇਠ ਨੂੰ ਉਸਦਾ ਦੁਬਾਰਾ ਮਿਲਣਾ ਮੁਹਾਲ ਹੈ ਤਾਂ ਉਹ ਉਸਨੂੰ ਇੱਕ ਛੋਟੀ ਜਿਹੀ ਗਾਲ਼ ਦੇਣ ਤੇ ਹੀ 'ਤੇ ਖੁਦ ਨੂੰ ਰਾਜ਼ੀ ਕਰ ਲੈਂਦੀ... ਬਸ ਸਿਰਫ਼ ਇੱਕ ਛੋਟੀ ਜਿਹੀ ਗਾਲ਼, ਜੋ ਉਸਦੀ ਨੱਕ 'ਤੇ ਚਿਪਕੂ ਮੱਖੀ ਦੀ ਤਰ੍ਹਾਂ ਬੈਠ ਜਾਵੇ ਅਤੇ ਹਮੇਸ਼ਾ ਉਥੇ ਹੀ ਜਮੀ ਰਹੇ |

ਇਸ ਉਧੇੜ ਬੁਣ ਵਿੱਚ ਉਹ ਦੂਜੀ ਮੰਜ਼ਿਲ 'ਤੇ ਆਪਣੀ ਖੋਲ਼ੀ ਦੇ ਕੋਲ ਪਹੁੰਚ ਗਈ। ਚੋਲੀ ਵਿੱਚੋਂ ਕੁੰਜੀ ਕੱਢ ਕੇ ਜੰਦਰਾ ਖੋਲ੍ਹਣ ਲਈ ਹੱਥ ਵਧਾਇਆ ਤਾਂ ਕੁੰਜੀ ਹਵਾ ਹੀ ਵਿੱਚ ਘੁੰਮ ਕੇ ਰਹਿ ਗਈ! ਕੁੰਡੇ ਵਿੱਚ ਜੰਦਰਾ ਨਹੀਂ ਸੀ। ਸੌਗੰਧੀ ਨੇ ਫਾਟਕ ਅੰਦਰ ਵੱਲ ਦਬਾਏ ਤਾਂ ਹਲਕੀ ਜਿਹੀ ਚਿੜਚਿੜਾਹਟ ਪੈਦਾ ਹੋਈ। ਅੰਦਰੋਂ ਕੁੰਡੀ ਖੋਲ੍ਹੀ ਗਈ ਅਤੇ ਦਰਵਾਜ਼ੇ ਨੇ ਅੰਗੜਾਈ ਲਈ, ਸੌਗੰਧੀ ਅੰਦਰ ਦਾਖਲ ਹੋ ਗਈ।

ਮਾਧਵ ਮੁੱਛਾਂ ਵਿੱਚ ਹੱਸਿਆ ਅਤੇ ਦਰਵਾਜ਼ਾ ਬੰਦ ਕਰਕੇ ਸੌਗੰਧੀ ਨੂੰ ਕਹਿਣ ਲੱਗਾ, “ਅੱਜ ਤੂੰ ਮੇਰਾ ਕਿਹਾ ਮੰਨ ਹੀ ਲਿਆ... ਸਵੇਰੇ ਦੀ ਸੈਰ ਤੰਦਰੁਸਤੀ ਲਈ ਬੜੀ ਚੰਗੀ ਹੁੰਦੀ ਹੈ। ਹਰ ਰੋਜ਼ ਇਸ ਤਰ੍ਹਾਂ ਸਵੇਰੇ ਉਠ ਕੇ ਘੁੰਮਣ ਜਾਇਆ ਕਰੇਗੀ ਤਾਂ ਤੇਰੀ ਸਾਰੀ ਸੁਸਤੀ ਦੂਰ ਹੋ ਜਾਵੇਗੀ ਅਤੇ ਉਹ ਤੇਰੀ ਕਮਰ ਦਾ ਦਰਦ ਵੀ ਗ਼ਾਇਬ ਹੋ ਜਾਵੇਗਾ, ਜਿਸਦੇ ਸੰਬੰਧ ਵਿੱਚ ਤੂੰ ਆਏ ਦਿਨ ਸ਼ਿਕਾਇਤ ਕਰਿਆ ਕਰਦੀ ਹੈਂ... ਵਿਕਟੋਰੀਆ ਗਾਰਡਨ ਤੱਕ ਹੋ ਆਈ ਹੋਵੇਂਗੀ ਤੂੰ, ਕਿਉਂ?”

ਸੌਗੰਧੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਨਾ ਹੀ ਮਾਧਵ ਨੇ ਜਵਾਬ ਦੀ ਖਾਹਿਸ਼ ਜ਼ਾਹਿਰ ਕੀਤੀ। ਦਰਅਸਲ ਜਦੋਂ ਮਾਧਵ ਗੱਲ ਕਰਦਾ ਸੀ ਤਾਂ ਉਸਦਾ ਮਤਲਬ ਇਹ ਨਹੀਂ ਹੁੰਦਾ ਸੀ ਕਿ ਸੌਗੰਧੀ ਜ਼ਰੂਰ ਉਸ ਵਿੱਚ ਹਿੱਸਾ ਲਵੇ ਅਤੇ ਸੌਗੰਧੀ ਜਦੋਂ ਕੋਈ ਗੱਲ ਕਰਦੀ ਸੀ ਇਹ ਜ਼ਰੂਰੀ ਨਹੀਂ ਹੁੰਦਾ ਸੀ ਕਿ ਮਾਧਵ ਉਸ ਵਿੱਚ ਹਿੱਸਾ ਲਵੇ... ਪ੍ਰੰਤੂ ਕੋਈ ਗੱਲ ਕਰਨੀ ਹੁੰਦੀ ਸੀ, ਇਸ ਲਈ ਉਹ ਕਹਿ ਦਿੰਦੇ ਹੁੰਦੇ ਸੀ।

ਮਾਧਵ ਬੈਂਤ ਦੀ ਕੁਰਸੀ 'ਤੇ ਬੈਠ ਗਿਆ ਜਿਸਦੀ ਪਿਠ 'ਤੇ ਉਸਦੇ ਤੇਲ ਨਾਲ਼ ਚੋਪੜੇ ਹੋਏ ਸਿਰ ਨੇ ਮੈਲ਼ ਦਾ ਇੱਕ ਵੱਡਾ ਧੱਬਾ ਬਣਾ ਰੱਖਿਆ ਸੀ ਅਤੇ ਲੱਤ 'ਤੇ ਲੱਤ ਰੱਖ ਕੇ ਆਪਣੀਆਂ ਮੁੱਛਾਂ 'ਤੇ ਉਂਗਲੀਆਂ ਫੇਰਨ ਲਗਾ।

ਸੌਗੰਧੀ ਪਲੰਗ 'ਤੇ ਬੈਠ ਗਈ ਅਤੇ ਮਾਧਵ ਨੂੰ ਕਹਿਣ ਲੱਗੀ, “ਮੈਂ ਅੱਜ ਤੇਰਾ ਇੰਤਜ਼ਾਰ ਕਰ ਰਹੀ ਸੀ।”

ਮਾਧਵ ਬਹੁਤ ਸਟਪਟਾਇਆ, “ਇੰਤਜ਼ਾਰ? ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਅੱਜ ਆਉਣ ਵਾਲਾ ਹਾਂ।”

ਸੌਗੰਧੀ ਦੇ ਮਿਚੇ ਹੋਏ ਬੁੱਲ੍ਹ ਖੁੱਲੇ। ਉਨ੍ਹਾਂ 'ਤੇ ਇੱਕ ਪੀਲੀ ਮੁਸਕਰਾਹਟ ਸਾਕਾਰ ਹੋਈ, “ਮੈਂ ਰਾਤ ਤੈਨੂੰ ਸੁਪਨੇ ਵਿੱਚ ਵੇਖਿਆ ਸੀ... ਉੱਠੀ ਤਾਂ ਕੋਈ ਵੀ ਨਹੀਂ ਸੀ। ਸੋ ਜੀ ਨੇ ਕਿਹਾ, ਚਲੋ ਕਿਤੇ ਬਾਹਰ ਘੁੰਮ ਆਓ... ਤੇ..."

ਮਾਧਵ ਖੁਸ਼ ਹੋ ਕੇ ਬੋਲਿਆ, “ਤੇ ਮੈਂ ਆ ਗਿਆ... ਭਈ ਵੱਡੇ ਲੋਕਾਂ ਦੀਆਂ ਗੱਲਾਂ ਬੜੀਆਂ ਪੱਕੀਆਂ ਹੁੰਦੀਆਂ ਹਨ। ਕਿਸੇ ਨੇ ਠੀਕ ਕਿਹਾ ਹੈ, ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ

234 / ਮੰਟੇ ਦੇ ਅਫ਼ਸਾਨੇ