ਇਹ ਫੋਟੋ ਪਸੰਦ ਨਹੀਂ ਸੀ, ’ਤੇ ਮੈਂ ਪੁੱਛਦੀ ਹਾਂ ਤੇਰੇ ਵਿੱਚ ਐਸੀ ਕਿਹੜੀ ਚੀਜ਼ ਹੈ ਜੋ ਕਿਸੇ ਨੂੰ ਪਸੰਦ ਆ ਸਕਦੀ ਹੈ... ਤੇਰੀ ਪਕੌੜੇ ਵਰਗੀ ਨੱਕ, ਇਹ ਤੇਰਾ ਵਾਲ਼ਾਂ ਭਰਿਆ ਮੱਥਾ, ਇਹ ਤੇਰੀਆਂ ਸੁੱਜੀਆਂ ਹੋਈਆਂ ਨ੍ਹਾਸਾਂ, ਇਹ ਤੇਰੇ ਵਧੇ ਹੋਏ ਕੰਨ, ਇਹ ਤੇਰੇ ਮੂੰਹ ਦੀ ਬਾਸ ਇਹ ਤੇਰੇ ਸਰੀਰ ਦੀ ਮੈਲ਼? ਤੈਨੂੰ ਆਪਣਾ ਫੋਟੋ ਪਸੰਦ ਨਹੀਂ ਸੀ, ਊਂਹ... ਪਸੰਦ ਕਿਉਂ ਹੁੰਦਾ, ਤੇਰੇ ਐਬ ਜੋ ਛੁਪਾ ਰੱਖੇ ਸਨ ਉਸਨੇ, ਅੱਜਕੱਲ੍ਹ ਜ਼ਮਾਨਾ ਹੀ ਅਜਿਹਾ ਹੈ ਜੋ ਐਬ ਛੁਪਾਏ ਉਹੀ ਬੁਰਾ।”
ਮਾਧਵ ਪਿੱਛੇ ਹਟਦਾ ਗਿਆ। ਆਖਰ ਜਦੋਂ ਉਹ ਕੰਧ ਦੇ ਨਾਲ਼ ਲੱਗ ਗਿਆ ਤਾਂ ਉਸਨੇ ਆਪਣੀ ਅਵਾਜ਼ ਵਿੱਚ ਜ਼ੋਰ ਪੈਦਾ ਕਰਕੇ ਕਿਹਾ, “ਵੇਖ ਸੌਗੰਧੀ, ਮੈਨੂੰ ਅਜਿਹਾ ਵਿਖਾਈ ਦਿੰਦਾ ਹੈ ਕਿ ਤੂੰ ਫਿਰ ਆਪਣਾ ਧੰਦਾ ਸ਼ੁਰੂ ਕਰ ਦਿੱਤਾ ਹੈ... ਹੁਣ ਮੈਂ ਤੈਨੂੰ ਆਖਰੀ ਵਾਰ ਕਹਿੰਦਾ ਹਾਂ..."
ਸੌਗੰਧੀ ਨੇ ਇਸ ਤੋਂ ਅੱਗੇ ਮਾਧਵ ਦੇ ਲਹਿਜੇ ਵਿੱਚ ਕਹਿਣਾ ਸ਼ੁਰੂ ਕੀਤਾ, “ਜੇਕਰ ਤੂੰ ਫਿਰ ਤੋਂ ਧੰਦਾ ਸ਼ੁਰੂ ਕੀਤਾ ਤਾਂ ਬਸ ਤੇਰੀ ਮੇਰੀ ਟੁੱਟ ਜਾਵੇਗੀ। ਜੇਕਰ ਤੂੰ ਫਿਰ ਕਿਸੇ ਨੂੰ ਆਪਣੇ ਇੱਕੇ ਬੁਲਾਇਆ ਤਾਂ ਗੁੱਤ ਤੋਂ ਫੜ ਕੇ ਤੈਨੂੰ ਬਾਹਰ ਕੱਢ ਦੇਵਾਂਗਾ.. ਇਸ ਮਹੀਨੇ ਦਾ ਖਰਚ ਮੈਂ ਤੈਨੂੰ ਪੂਨਾ ਤੋਂ ਹੀ ਮਨੀ ਆਰਡਰ ਕਰ ਦੇਵਾਂਗਾ... ਹਾਂ ਕੀ ਭਾੜਾ ਹੈ ਇਸ ਖੋਲ਼ੀ ਦਾ?”
ਮਾਧਵ ਚਕਰਾ ਗਿਆ।
ਸੌਗੰਧੀ ਨੇ ਕਹਿਣਾ ਸ਼ੁਰੂ ਕੀਤਾ, “ਮੈਂ ਦੱਸਦੀ ਹਾਂ... ਪੰਦਰਾਂ ਰੁਪਿਆ ਭਾੜਾ ਹੈ ਇਸ ਖੋਲ਼ੀ ਦਾ... ਅਤੇ ਦਸ ਰੁਪਿਆ ਭਾੜਾ ਹੈ ਮੇਰਾ... ਅਤੇ ਜਿਵੇਂ ਤੈਨੂੰ ਪਤਾ ਹੈ, ਢਾਈ ਰੁਪਏ ਦਲਾਲ ਦੇ, ਬਾਕੀ ਰਹੇ ਸਾਢੇ ਸੱਤ। ਹੈ ਨਾ ਸਾਢੇ ਸੱਤ? ਇਨ੍ਹਾਂ ਸਾਢੇ ਸੱਤ ਰੁਪਿਆਂ ਵਿੱਚ ਮੈਂ ਅਜਿਹੀ ਚੀਜ਼ ਦੇਣ ਦਾ ਵਚਨ ਦਿੱਤਾ ਸੀ ਜੋ ਮੈਂ ਦੇ ਹੀ ਨਹੀਂ ਸਕਦੀ ਸੀ। ਅਤੇ ਤੂੰ ਅਜਿਹੀ ਚੀਜ਼ ਲੈਣ ਆਇਆ ਸੀ ਜੋ ਤੂੰ ਲੈ ਹੀ ਨਹੀਂ ਸਕਦਾ ਸੀ... ਤੇਰਾ ਮੇਰਾ ਨਾਤਾ ਹੀ ਕੀ ਸੀ। ਕੁਝ ਵੀ ਨਹੀਂ। ਬਸ ਇਹ ਦਸ ਰੁਪਏ ਤੇਰੇ ਅਤੇ ਮੇਰੇ ਵਿੱਚ ਵਜ ਰਹੇ ਸਨ, ਸੋ ਅਸੀਂ ਦੋਨਾਂ ਨੇ ਮਿਲ਼ ਕੇ ਅਜਿਹੀ ਗੱਲ ਕੀਤੀ ਕਿ ਤੈਨੂੰ ਮੇਰੀ ਜ਼ਰੂਰਤ ਅਤੇ ਮੈਨੂੰ ਤੇਰੀ... ਪਹਿਲਾਂ ਤੇਰੇ ਅਤੇ ਮੇਰੇ ਵਿੱਚ ਦਸ ਰੁਪਏ ਵਜਦੇ ਸਨ, ਅੱਜ ਪੰਜਾਹ ਵਜ ਰਹੇ ਹਨ। ਤੂੰ ਵੀ ਇਨ੍ਹਾਂ ਦਾ ਵਜਣਾ ਸੁਣ ਰਿਹਾ ਹੈਂ ਅਤੇ ਮੈਂ ਵੀ ਇਨ੍ਹਾਂ ਦਾ ਵਜਣਾ ਸੁਣ ਰਹੀ ਹਾਂ... ਇਹ ਤੂੰ ਆਪਣੇ ਵਾਲ਼ਾਂ ਦਾ ਕੀ ਮਲੀਆ ਮੇਟ ਕਰ ਰੱਖਿਆ ਹੈ?”
ਇਹ ਕਹਿ ਕੇ ਸੌਗੰਧੀ ਨੇ ਮਾਧਵ ਦੀ ਟੋਪੀ ਉਂਗਲ ਨਾਲ਼ ਇੱਕ ਪਾਸੇ ਉਡਾ ਦਿੱਤੀ। ਇਹ ਹਰਕਤ ਮਾਧਵ ਨੂੰ ਬਹੁਤ ਨਾਗਵਾਰ ਗੁਜ਼ਰੀ। ਉਸਨੇ ਵੱਡੇ ਕਰੜੇ ਲਹਿਜੇ ਵਿੱਚ ਕਿਹਾ, “ਸੌਗੰਧੀ!”
ਸੌਗੰਧੀ ਨੇ ਮਾਧਵ ਦੀ ਜੇਬ 'ਚੋਂ ਰੁਮਾਲ ਕੱਢ ਕੇ ਸੁੰਘਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ, “ਇਹ ਚੀਥੜੇ, ਇਹ ਚਿੰਦੀਆਂ... ਉਫ਼ ਕਿੰਨੀ ਬੁਰੀ ਬਾਸ ਆਉਂਦੀ ਹੈ, ਉਠਾ ਕੇ ਬਾਹਰ ਸੁੱਟ ਇਨ੍ਹਾਂ ਨੂੰ..."
237 / ਮੰਟੇ ਦੇ ਅਫ਼ਸਾਨੇ