ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/24

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਾਫ਼ ਨਜ਼ਰ ਆਉਂਦੀਆਂ ਸਨ।

ਬਾਰਾਂ ਵਜੇ ਦੇ ਕਰੀਬ ਅਸੀਂ ਕੰਮ ਛੱਡਕੇ ਰੋਟੀ ਖਾਣ ਲਈ ਸੜਕ ਦੇ ਹੇਠਾਂ ਉਤਰ ਕੇ ਰੁੱਖ ਦੀ ਛਾਵੇਂ ਬੈਠ ਜਾਂਦੇ ਸਾਂ। ਇਹ ਰੋਟੀ ਅਸੀਂ ਸਵੇਰੇ ਕੱਪੜੇ ਵਿੱਚ ਬੰਨ੍ਹ ਕੇ ਆਪਣੇ ਨਾਲ਼ ਲਿਆਉਂਦੇ ਸਾਂ। ਤਿੰਨ ‘ਢੋਡੇ (ਮੱਕੀ ਦੀਆਂ ਮੋਟੀ ਰੋਟੀਆਂ) ਅਤੇ ਆਮ ਤੌਰ 'ਤੇ ਸਰੋਂ ਦਾ ਸਾਗ ਹੁੰਦਾ ਸੀ ਜਿਸਨੂੰ ਅਸੀਂ ਆਪਣੇ ਭੁੱਖੇ ਢਿੱਡ ਵਿੱਚ ਸੁੱਟਦੇ ਸਾਂ। ਖਾਣੇ ਤੋਂ ਬਾਅਦ ਅਸੀਂ ਪਾਣੀ ਆਮ ਕਰਕੇ ਨਾਲੇ ਤੋਂ ਪੀਆ ਕਰਦੇ ਸਾਂ ਅਤੇ ਜਿਸ ਦਿਨ ਮੀਂਹ ਦੀ ਜ਼ਿਆਦਤੀ ਦੇ ਕਾਰਨ ਉਸ ਦਾ ਪਾਣੀ ਜ਼ਿਆਦਾ ਮਟਮੈਲਾ ਹੋ ਜਾਂਦਾ ਤਾਂ ਅਸੀਂ ਦੂਰ ਸੜਕ ਦੇ ਉਸ ਪਾਰ ਚਲੇ ਜਾਇਆ ਕਰਦੇ ਸਾਂ, ਜਿੱਥੇ ਸਾਫ਼ ਪਾਣੀ ਦਾ ਇੱਕ ਚਸ਼ਮਾ ਫੁੱਟਦਾ ਹੈ।

ਖਾਣੇ ਤੋਂ ਵਿਹਲੇ ਹੋ ਕੇ ਅਸੀਂ ਫ਼ੌਰਨ ਕੰਮ ਸ਼ੁਰੂ ਕਰ ਦਿੰਦੇ ਸਾਂ। ਚਾਹੇ ਸਾਡਾ ਜੀਅ ਕਰਦਾ ਸੀ ਕਿ ਨਰਮ-ਨਰਮ ਘਾਹ 'ਤੇ ਲੇਟ ਕੇ ਥੋੜ੍ਹੀ ਦੇਰ ਸੁਸਤਾ ਲਈਏ ਅਤੇ ਫਿਰ ਕੰਮ ਸ਼ੁਰੂ ਕਰੀਏ ਪਰ ਇਹ ਕਿਵੇਂ ਹੋ ਸਕਦਾ ਸੀ ਜਦੋਂਕਿ ਸਾਨੂੰ ਹਰ ਵਕਤ ਇਸ ਗੱਲ ਦਾ ਖਿਆਲ ਰਹਿੰਦਾ ਸੀ ਕਿ ਪੂਰਾ ਕੰਮ ਕੀਤੇ ਬਿਨਾਂ ਮਜ਼ਦੂਰੀ ਨਹੀਂ ਮਿਲੇਗੀ।

ਸਾਡਾ ਅਸਲ ਮਕਸਦ ਕੰਮ ਕਰਨਾ ਅਤੇ ਹਰ ਹੀਲੇ ਆਪਣਾ ਢਿੱਡ ਪਾਲਣਾ ਸੀ ਹਾਲਾਂਕਿ ਸਾਨੂੰ ਪਤਾ ਸੀ ਕਿ ਸਾਡੇ ਵਿੱਚੋਂ ਕਿਸੇ ਨੇ ਜੇਕਰ ਆਪਣੇ ਕੰਮ ਵਿੱਚ ਜ਼ਰਾ ਕੁ ਸੁਸਤ ਰਫ਼ਤਾਰੀ ਜਾਂ ਬੇ-ਦਿਲੀ ਦਾ ਇਜ਼ਹਾਰ ਕੀਤਾ ਤਾਂ ਉਸਨੂੰ ਤਾਸ਼ ਦੀ ਗੱਡੀ ਵਿਚਲੇ ਨਾਕਾਰਾ ਜੋਕਰ ਵਾਂਗ ਬਾਹਰ ਸੁੱਟ ਦਿੱਤਾ ਜਾਵੇਗਾ। ਇਸ ਲਈ ਅਸੀਂ ਦਿਲ ਲਾ ਕੇ ਕੰਮ ਕਰਦੇ ਸੀ ਤਾਂਕਿ ਸਾਡੇ ਅਫ਼ਸਰਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਇਸਦੇ ਇਹ ਮਾਅਨੇ ਨਹੀਂ ਹਨ ਕਿ ਸਾਡੇ ਅਫ਼ਸਰ ਸਾਡੇ 'ਤੇ ਬਹੁਤ ਖੁਸ਼ ਸਨ।

ਇਹ ਕਿਵੇਂ ਹੋ ਸਕਦਾ ਹੈ! ਉਹ ਵੱਡੇ ਆਦਮੀ ਜੁ ਸੀ। ਇਸ ਲਈ ਉਨ੍ਹਾਂ ਦਾ ਜਾਇਜ਼-ਨਾਜਾਇਜ਼ ਤੌਰ 'ਤੇ ਖਫ਼ਾ ਹੋਣਾ ਵੀ ਵਾਜਬ ਹੁੰਦਾ ਹੈ। ਕਦੇ ਇਹ ਲੋਕ ਉਂਝ ਹੀ ਸਾਡੇ ਕੰਮ ਦਾ ਮੁਆਇਨਾ ਕਰਦੇ ਵਕਤ ਆਪਣੀ ਨਾਪਸੰਦੀ ਦਾ ਇਜ਼ਹਾਰ ਕਰਦੇ ਹੋਏ, ਸਾਡੇ 'ਤੇ ਵਰ੍ਹ ਪੈਂਦੇ ਸਨ। ਪਰ ਅਸੀਂ ਜੋ ਉਨ੍ਹਾਂ ਦੀ ਤਾਰੀਫ਼ ਨੂੰ ਬਖੂਬੀ ਸਮਝਦੇ ਸਾਂ, “ਮਹਾਰਾਜ, ਮਹਾਰਾਜ" ਕਹਿ ਕੇ ਉਨ੍ਹਾਂ ਦਾ ਗ਼ੁੱਸਾ ਠੰਢਾ ਕਰ ਦਿਆ ਕਰਦੇ। ਅਸੀਂ ਜਾਣਦੇ ਸਾਂ, ਕਿ ਉਨ੍ਹਾਂ ਦਾ ਗ਼ੁੱਸਾ ਬਿਲਕੁਲ ਨਾਜਾਇਜ਼ ਹੈ ਪਰ ਇਹ ਅਹਿਸਾਸ ਸਾਡੇ ਦਿਲਾਂ ਵਿੱਚ ਨਫ਼ਰਤ ਦੇ ਜਜ਼ਬਾਤ ਪੈਦਾ ਨਹੀਂ ਕਰਦਾ ਸੀ। ਸ਼ਾਇਦ ਇਸ ਲਈ ਕਿ ਝੁਕ ਕੇ ਸਲਾਮਾਂ ਕਰਨ ਨੇ ਸਾਨੂੰ ਬਿਲਕੁਲ ਮੁਰਦਾ ਬਣਾ ਰੱਖਿਆ ਹੈ। ਜਾਂ ਫਿਰ ਇਸ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਸਾਨੂੰ ਇਹ ਖ਼ੌਫ਼ ਚਿੰਬੜਿਆ ਰਹਿੰਦਾ ਸੀ ਕਿ ਜੇਕਰ ਅਸੀਂ ਆਪਣੇ ਮੌਜੂਦਾ ਕੰਮ ਤੋਂ ਹਟਾ ਦਿੱਤੇ ਗਏ ਤਾਂ ਸਾਡੀ ਰੋਜ਼ੀ ਬੰਦ ਹੋ ਜਾਵੇਗੀ।

ਅਸੀਂ ਆਪਣੇ ਕੰਮ ਤੋਂ ਸੰਤੁਸ਼ਟ ਸਾਂ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਥੋੜ੍ਹੀ ਮਜ਼ਦੂਰੀ ਅਤੇ ਜ਼ਿਆਦਾ ਕੰਮ ਦੇ ਮਸਲੇ 'ਤੇ ਬਹੁਤ ਘੱਟ ਗ਼ੌਰ ਕਰਦੇ ਸਾਂ। ਉਸਦੀ ਜ਼ਰੂਰਤ ਵੀ ਕੀ ਹੈ? ਇਸ ਲਈ ਕਿ ਇਹ ਕੰਮ ਪੜ੍ਹੇ-ਲਿਖੇ ਬੰਦਿਆਂ ਦਾ ਹੈ ਅਤੇ ਅਸੀਂ ਬਿਲਕੁਲ ਅਨਪੜ੍ਹ ਅਤੇ ਜਾਹਲ ਸਾਂ। ਦਰਅਸਲ ਗੱਲ ਇਹ ਹੈ ਕਿ ਸਾਡੀ ਦੁਨੀਆ ਬਿਲਕੁਲ

24 / ਮੰਟੋ ਦੇ ਅਫ਼ਸਾਨੇ