ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਬੰਧੀ ਉਸ ਦੇ ਇੱਕ ਦੋਸਤ ਨੇ ਦੱਸਿਆ ਸੀ ਜੋ ਹੁਸਨ-ਇਸ਼ਕ ਦੀ ਲਾਸ਼ ਕਈ ਵਾਰ ਇਸ ਕਬਰਿਸਤਾਨ ਵਿੱਚ ਦਫ਼ਨ ਕਰ ਚੁੱਕਿਆ ਸੀ। ਜਾਵੇਦ ਨੂੰ ਉਹ ਕਿਹਾ ਕਰਦਾ ਸੀ, “ਤੁਸੀਂ ਔਰਤ-ਔਰਤ ਕਹਿੰਦੇ ਹੋ... ਔਰਤ ਹੈ ਕਿੱਥੇ? ਮੈਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਸਿਰਫ਼ ਇੱਕ ਔਰਤ ਨਜ਼ਰ ਆਈ ਜੋ ਮੇਰੀ ਮਾਂ ਸੀ... ਔਰਤਾਂ ਜ਼ਰੂਰ ਵੇਖੀਆਂ ਹਨ ਅਤੇ ਉਨ੍ਹਾਂ ਦੇ ਬਾਰੇ ਸੁਣਿਆ ਵੀ ਹੈ ਪਰ ਜਦੋਂ ਕਦੇ ਔਰਤ ਦੀ ਜ਼ਰੂਰਤ ਮਹਿਸੂਸ ਹੋਈ ਹੈ ਤਾਂ ਮੈਂ ਮਾਈ ਜੀਵਾਂ ਦੇ ਕੋਠੇ ਨੂੰ ਆਪਣਾ ਬਿਹਤਰੀਨ ਰਫ਼ੀਕ ਪਾਇਆ ਹੈ... ਖੁਦਾ ਦੀ ਕਸਮ ਮਾਈ ਜੀਵਾਂ ਔਰਤ ਨਹੀਂ ਫਰਿਸ਼ਤਾ ਹੈ... ਖੁਦਾ ਉਸ ਨੂੰ ਖ਼ਿਜ਼ਰ ਦੀ ਉਮਰ ਬਖਸ਼ੇ।”

ਜਾਵੇਦ ਮਾਈ ਜੀਵਾਂ ਅਤੇ ਉਸ ਕੋਲ਼ ਚਾਰ-ਪੰਜ ਪੇਸ਼ਾ ਕਰਨ ਵਾਲ਼ੀਆਂ ਔਰਤਾਂ ਸੰਬੰਧੀ ਬਹੁਤ ਕੁਝ ਸੁਣ ਚੁੱਕਿਆ ਸੀ। ਉਹਨੂੰ ਪਤਾ ਸੀ ਕਿ ਉਨ੍ਹਾਂ ਵਿੱਚੋਂ ਇੱਕ ਹਰ ਵਕਤ ਗੂੜ੍ਹੇ ਰੰਗ ਦੇ ਸ਼ੀਸ਼ੇ ਵਾਲ਼ਾ ਚਸ਼ਮਾ ਪਹਿਨੀ ਰੱਖਦੀ ਹੈ। ਇਸ ਲਈ ਕਿ ਕਿਸੇ ਰੋਗ ਕਾਰਨ ਉਸਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਹਨ। ਇੱਕ ਕਾਲ਼ੀ ਕਲੂਟੀ ਲੌਂਡੀ ਹੈ ਜੋ ਹਰ ਵਕਤ ਹੱਸਦੀ ਰਹਿੰਦੀ ਹੈ। ਉਸ ਸੰਬੰਧੀ ਜਾਵੇਦ ਜਦੋਂ ਸੋਚਦਾ ਤਾਂ ਅਜੀਬ-ਓ-ਗ਼ਰੀਬ ਤਸਵੀਰ ਉਸਦੀਆਂ ਅੱਖਾਂ ਦੇ ਸਾਹਮਣੇ ਖਿੱਚ ਜਾਂਦੀ। ਮੈਨੂੰ ਅਜਿਹੀ ਹੀ ਔਰਤ ਚਾਹੀਦੀ ਹੈ ਜੋ ਹਰ ਵਕਤ ਹੱਸਦੀ ਰਹੇ, ਅਜਿਹੀਆਂ ਔਰਤਾਂ ਨੂੰ ਹੱਸਦੇ ਹੀ ਰਹਿਣਾ ਚਾਹੀਦਾ ਹੈ... ਜਦੋਂ ਉਹ ਹੱਸਦੀ ਹੋਵੇਗੀ ਤਾਂ ਉਸ ਦੇ ਕਾਲ਼ੇ-ਕਾਲ਼ੇ ਹੋਠ ਇਵੇਂ ਖੁੱਲ੍ਹਦੇ ਹੋਣਗੇ ਜਿਵੇਂ ਬਦਬੂਦਾਰ ਗੰਦੇ ਪਾਣੀ ਵਿੱਚ ਮੈਲ਼ੇ ਬੁਲਬੁਲੇ ਬਣ-ਬਣ ਕੇ ਫੁੱਟਦੇ ਹਨ।

ਮਾਈ ਜੀਵਾਂ ਦੇ ਕੋਲ ਇੱਕ ਹੋਰ ਛੋਕਰੀ ਵੀ ਸੀ ਜੋ ਬਾਕਾਇਦਾ ਤੌਰ 'ਤੇ ਪੇਸ਼ਾ ਕਰਨ ਤੋਂ ਪਹਿਲਾਂ ਗਲ਼ੀਆਂ ਅਤੇ ਬਾਜ਼ਾਰਾਂ ਵਿੱਚ ਭੀਖ ਮੰਗਿਆ ਕਰਦੀ ਸੀ। ਹੁਣ ਇੱਕ ਸਾਲ ਤੋਂ ਉਹ ਇਸ ਮਕਾਨ ਵਿੱਚ ਸੀ, ਜਿੱਥੇ ਅਠਾਰਾਂ ਸਾਲਾਂ ਤੋਂ ਇਹੀ ਕੰਮ ਹੋ ਰਿਹਾ ਸੀ। ਇਹ ਹੁਣ ਪਾਊਡਰ ਅਤੇ ਸੁਰਖੀ ਲਗਾਉਂਦੀ ਸੀ। ਜਾਵੇਦ ਉਸ ਸੰਬੰਧੀ ਵੀ ਸੋਚਦਾ। “ਉਸ ਦੀਆਂ ਸੁਰਖ਼ੀ ਲੱਗੀਆਂ ਗੱਲ੍ਹਾਂ ਬਿਲਕੁਲ ਦਾਗ਼ਦਾਰ ਸੇਬਾਂ ਦੇ ਬਰਾਬਰ ਹੋਣਗੀਆਂ... ਜੋ ਹਰ ਕੋਈ ਖਰੀਦ ਸਕਦਾ ਹੈ।”

ਇਨ੍ਹਾਂ ਚਾਰ ਜਾਂ ਪੰਜ ਔਰਤਾਂ ਵਿੱਚੋਂ ਜਾਵੇਦ ਦੀ ਕਿਸੇ ਖ਼ਾਸ ਉੱਤੇ ਨਜ਼ਰ ਨਹੀਂ ਸੀ... ਮੈਨੂੰ ਕੋਈ ਵੀ ਮਿਲ ਜਾਵੇ। ਮੈਂ ਚਾਹੁੰਦਾ ਹਾਂ ਕਿ ਮੈਥੋਂ ਪੈਸੇ ਲਏ ਜਾਣ ਅਤੇ ਝੱਟ ਇੱਕ ਔਰਤ ਮੇਰੀ ਬਗ਼ਲ ਵਿੱਚ ਥਮਾ ਦਿੱਤੀ ਜਾਵੇ। ਇੱਕ ਸੈਕੰਡ ਦੀ ਦੇਰ ਨਹੀਂ ਹੋਣੀ ਚਾਹੀਦੀ। ਕਿਸੇ ਕਿਸਮ ਦੀ ਗੱਲਬਾਤ ਨਾ ਹੋਵੇ, ਕੋਈ ਨਰਮ-ਨਾਜ਼ਕ ਫ਼ਿਕਰਾ ਮੂੰਹੋਂ ਨਾ ਨਿਕਲੇ... ਕਦਮਾਂ ਦੀ ਚਾਪ ਸੁਣਾਈ ਦੇਵੇ। ਦਰਵਾਜ਼ਾ ਖੁੱਲ੍ਹਣ ਦੀ ਖੜਖੜਾਹਟ ਪੈਦਾ ਹੋਏ... ਰੁਪਿਆਂ ਦੀ ਖਨਖਨਾਹਟ ਹੋਏ ਅਤੇ ਆਵਾਜ਼ਾਂ ਵੀ ਆਉਣ ਪਰ ਮੂੰਹ ਬੰਦ ਰਹੇ, ਜੇਕਰ ਆਵਾਜ਼ ਨਿਕਲੇ ਤਾਂ ਅਜਿਹੀ ਜੋ ਇਨਸਾਨੀ ਆਵਾਜ਼ ਨਾ ਲੱਗੇ। ਮੁਲਾਕਾਤ ਹੋਵੇ ਬਿਲਕੁਲ ਹੈਵਾਨਾਂ ਵਾਂਗ, ਸਭਿਅਤਾ ਅਤੇ ਸਭਿਆਚਾਰ ਦੇ ਸੰਦੂਕ ਨੂੰ ਜੰਦਰਾ ਲੱਗ ਜਾਵੇ। ਥੋੜ੍ਹੀ ਦੇਰ ਲਈ ਅਜਿਹੀ ਦੁਨੀਆ ਆਬਾਦ ਹੋ ਜਾਵੇ ਜਿਸ ਵਿੱਚ ਸੁੰਘਣ, ਦੇਖਣ ਅਤੇ ' ਸੁਣਨ ਦੀਆਂ ਸੂਖਮ ਇੰਦਰੀਆਂ ਜੰਗਾਲ ਲੱਗੇ ਉਸਤਰੇ ਵਾਂਗ ਖੁੰਢੀਆਂ ਹੋ ਜਾਣ।

243 / ਮੰਟੇ ਦੇ ਅਫ਼ਸਾਨੇ