ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਨਸ਼ੇ ਵਿੱਚ ਚੂਰ ਪ੍ਰਗਟ ਹੋਏ। ਤਿੰਨੋਂ ਦੇ ਤਿੰਨੋਂ ਉਸ ਸਿਆਹ ਔਰਤ ਦੇ ਕੋਠੇ ਦੇ ਹੇਠਾਂ ਪਹੁੰਚ ਕੇ ਖੜ੍ਹੇ ਹੋ ਗਏ ਅਤੇ ਜਾਵੇਦ ਦੇ ਕੰਨਾਂ ਨੇ ਐਸੀਆਂ-ਐਸੀਆਂ ਵਾਹੀਆਤ ਗੱਲਾਂ ਸੁਣੀਆਂ ਕਿ ਉਸ ਦੇ ਸਭ ਇਰਾਦੇ ਉਸ ਦੇ ਅੰਦਰ ਸਿਮਟ ਕੇ ਰਹਿ ਗਏ।

ਇੱਕ ਸ਼ਰਾਬੀ ਨੇ ਜਿਸ ਦੇ ਕਦਮ ਬਹੁਤ ਜ਼ਿਆਦਾ ਲੜਖੜਾ ਰਹੇ ਸਨ, ਆਪਣੇ ਮੁੱਛਾਂ ਭਰੇ ਹੋਠਾਂ ਵਿੱਚੋਂ ਬੜੀ ਭੱਦੀ ਆਵਾਜ਼ ਦੇ ਨਾਲ਼ ਇੱਕ ਬੋਸਾ ਨੋਚ ਕੇ ਉਸ ਕਾਲ਼ੀ ਵੇਸਵਾ ਵੱਲ ਉਛਾਲਿਆ ਅਤੇ ਇੱਕ ਅਜਿਹਾ ਫ਼ਿਕਰਾ ਕੱਸਿਆ ਕਿ ਜਾਵੇਦ ਦੀ ਸਾਰੀ ਹਿੰਮਤ ਪਸਤ ਹੋ ਗਈ। ਕੋਠੇ ਉੱਤੇ ਬਿਜਲੀ ਦੇ ਲੈਂਪ ਦੀ ਰੌਸ਼ਨੀ ਵਿੱਚ ਉਸ ਸਿਆਹ ਔਰਤ ਦੇ ਹੋਠ ਇੱਕ ਆਬਨੂਸੀ ਠਹਾਕੇ ਨੇ ਖੋਲ੍ਹੇ ਅਤੇ ਉਸ ਨੇ ਸ਼ਰਾਬੀ ਦੇ ਫ਼ਿਕਰੇ ਦਾ ਜਵਾਬ ਇਵੇਂ ਦਿੱਤਾ ਜਿਵੇਂ ਟੋਕਰੀ ਭਰ ਕੂੜਾ ਹੇਠਾਂ ਸੁੱਟ ਦਿੱਤਾ ਹੋਵੇ। ਹੇਠਾਂ ਉਘੜ-ਦੁਘੜ ਠਹਾਕਿਆਂ ਦਾ ਇੱਕ ਫ਼ੁਆਰਾ ਜਿਹਾ ਛੁੱਟ ਪਿਆ ਅਤੇ ਜਾਵੇਦ ਦੇ ਵੇਖਦੇ-ਵੇਖਦੇ ਉਹ ਤਿੰਨੋਂ ਸ਼ਰਾਬੀ ਕੋਠੇ ਉੱਤੇ ਚੜ੍ਹੇ। ਥੋੜ੍ਹੀ ਦੇਰ ਦੇ ਬਾਅਦ ਉਹ ਸੀਟ ਜਿਥੇ ਉਹ ਕਾਲ਼ੀ ਵੇਸਵਾ ਬੈਠੀ ਸੀ ਖ਼ਾਲੀ ਹੋ ਗਈ।

ਜਾਵੇਦ ਆਪਣੇ ਆਪ ਤੋਂ ਹੋਰ ਜ਼ਿਆਦਾ ਅੱਕ ਗਿਆ, “ਤੂੰ... ਤੂੰ... ਤੂੰ ਕੀ ਹੈਂ? ਮੈਂ ਪੁੱਛਦਾ ਹਾਂ, ਆਖਰ ਤੂੰ ਕੀ ਹੈਂ, ਨਾ ਤੂੰ ਇਹ ਹੈਂ, ਨਾ ਉਹ ਹੈਂ.. ਨਾ ਤੂੰ ਇਨਸਾਨ ਹੈਂ ਨਾ ਹੈਵਾਨ। ਤੇਰੀ ਸੂਝ-ਸਮਝ ਅੱਜ ਸਭ ਧਰੀ ਦੀ ਧਰੀ ਰਹਿ ਗਈ ਹੈ। ਤਿੰਨ ਸ਼ਰਾਬੀ ਆਉਂਦੇ ਹਨ, ਤੇਰੇ ਵਾਂਗ ਉਨ੍ਹਾਂ ਦੇ ਦਿਲ ਵਿੱਚ ਇਰਾਦਾ ਨਹੀਂ ਹੁੰਦਾ, ਪਰ ਬੇਧੜਕ ਉਸ ਵੇਸਵਾ ਨਾਲ਼ ਵਾਹੀਆਤ ਗੱਲਾਂ ਕਰਦੇ ਹਨ ਅਤੇ ਹੱਸਦੇ, ਠਹਾਕੇ ਲਾਉਂਦੇ ਕੋਠੇ ਉੱਤੇ ਚੜ੍ਹ ਜਾਂਦੇ ਹਨ ਜਿਵੇਂ ਪਤੰਗ ਉਡਾਉਣ ਜਾ ਰਹੇ ਹੋਣ... ਅਤੇ ਤੂੰ... ਅਤੇ ਤੂੰ ਜੋ ਕਿ ਚੰਗੀ ਤਰ੍ਹਾਂ ਸਮਝਦਾ ਹੈਂ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਇਵੇਂ ਬੇਵਕੂਫ਼ਾਂ ਦੀ ਤਰ੍ਹਾਂ ਵਿੱਚ ਬਾਜ਼ਾਰ ਵਿੱਚ ਖੜ੍ਹਾ ਹੈਂ ਅਤੇ ਇੱਕ ਬੇਜਾਨ ਲਾਲਟੈਣ ਤੋਂ ਖੌਫ਼ ਖਾ ਰਿਹਾ ਹੈਂ। ਤੇਰਾ ਇਰਾਦਾ ਏਨਾ ਸਾਫ਼ ਅਤੇ ਪਾਰਦਰਸ਼ੀ ਹੈ ਪਰ ਫਿਰ ਵੀ ਤੇਰੇ ਕਦਮ ਅੱਗੇ ਨਹੀਂ ਵਧਦੇ, ਲਾਅਨਤ ਹੈ ਤੇਰੇ 'ਤੇ..."

ਜਾਵੇਦ ਦੇ ਅੰਦਰ ਇੱਕ ਪਲ ਲਈ ਖ਼ੁਦ-ਇੰਤਕਾਮੀ ਦਾ ਜਜ਼ਬਾ ਪੈਦਾ ਹੋਇਆ। ਉਸ ਦੇ ਕਦਮਾਂ ਵਿੱਚ ਜੁੰਬਸ਼ ਹੋਈ ਅਤੇ ਮੋਰੀ ਟੱਪ ਕੇ ਉਹ ਮਾਈ ਜੀਵਾਂ ਦੇ ਕੋਠੇ ਵੱਲ ਵਧਿਆ। ਕਰੀਬ ਸੀ ਕਿ ਉਹ ਝਪਟ ਕੇ ਪੌੜੀਆਂ ਦੇ ਕੋਲ ਪਹੁੰਚ ਜਾਵੇ ਕਿ ਉੱਪਰੋਂ ਇੱਕ ਆਦਮੀ ਉਤਰਿਆ। ਜਾਵੇਦ ਪਿੱਛੇ ਹਟ ਗਿਆ। ਗ਼ੈਰ ਇਰਾਦੀ ਤੌਰ ਉੱਤੇ ਉਸ ਨੇ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਠੇ ਤੋਂ ਹੇਠਾਂ ਆਉਣ ਵਾਲ਼ੇ ਆਦਮੀ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ।

ਉਸ ਆਦਮੀ ਨੇ ਆਪਣਾ ਮਲਮਲ ਦਾ ਕੁੜਤਾ ਲਾਹ ਕੇ ਮੋਢੇ ਉੱਤੇ ਧਰਿਆ ਸੀ ਅਤੇ ਸੱਜੀ ਬਾਂਹ ਵਿੱਚ ਮੋਤੀਏ ਦੇ ਫੁੱਲਾਂ ਦਾ ਮਸਲਿਆ ਹੋਇਆ ਹਾਰ ਲਪੇਟਿਆ ਸੀ। ਉਸਦਾ ਬਦਨ ਮੁੜ੍ਹਕੇ ਨਾਲ਼ ਚੰਗੀ ਤਰ੍ਹਾਂ ਭਿੱਜਿਆ ਹੋਇਆ ਸੀ। ਜਾਵੇਦ ਦੇ ਵਜੂਦ ਤੋਂ ਬੇਖਬਰ, ਉਹ ਆਪਣੀ ਤਹਿਮਤ ਨੂੰ ਦੋਨਾਂ ਹੱਥਾਂ ਨਾਲ਼ ਗੋਡਿਆਂ ਤੱਕ ਉੱਚਾ ਕੀਤੇ ਨਾਨਕ ਸ਼ਾਹੀ ਇੱਟਾਂ ਦਾ ਉੱਚਾ-ਨੀਵਾਂ ਫ਼ਰਸ਼ ਤੈਅ ਕਰਕੇ ਮੋਰੀ ਦੇ ਉਸ ਪਾਰ ਚਲਾ ਗਿਆ ਅਤੇ ਜਾਵੇਦ ਨੇ ਸੋਚਣਾ ਸ਼ੁਰੂ ਕੀਤਾ ਕਿ ਇਸ ਆਦਮੀ ਨੇ ਉਸ ਵੱਲ ਕਿਉਂ ਨਹੀਂ ਵੇਖਿਆ?

245 / ਮੰਟੇ ਦੇ ਅਫ਼ਸਾਨੇ