ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਕਿਸੇ ਹੋਟਲ ਦੇ ਦਰਵਾਜ਼ੇ ਉੱਤੇ ਰੁਕ ਜਾਵੇ ਅਤੇ ਇੱਕ ਬੰਦ ਕਮਰੇ ਵਿੱਚ ਸੇਠ ਸ਼ਰਾਬ ਪੀਣਾ ਸ਼ੁਰੂ ਕਰ ਦੇਵੇ ਅਤੇ ਉਸ ਦਾ ਦਮ ਘੁੱਟਣਾ ਸ਼ੁਰੂ ਹੋ ਜਾਵੇ। ਉਸਨੂੰ ਹੋਟਲਾਂ ਦੇ ਬੰਦ ਕਮਰੇ ਪਸੰਦ ਨਹੀਂ ਸਨ। ਜਿਨ੍ਹਾਂ ਵਿੱਚ ਆਮ ਤੌਰ 'ਤੇ ਲੋਹੇ ਦੀਆਂ ਦੋ ਚਾਰਪਾਈਆਂ ਇਸ ਤਰ੍ਹਾਂ ਵਿਛੀਆਂ ਹੁੰਦੀਆਂ ਸਨ ਜਿਵੇਂ ਉਨ੍ਹਾਂ ਉੱਤੇ ਰੱਜ ਕੇ ਸੌਣ ਦੀ ਇਜਾਜ਼ਤ ਹੀ ਨਾ ਹੋਵੇ।

ਜਲਦੀ-ਜਲਦੀ ਉਸ ਨੇ ਜਾਰਜਟ ਦੀ ਸਾੜ੍ਹੀ ਪਹਿਨੀ ਅਤੇ ਉਸ ਦੇ ਵੱਟ ਦਰੁਸਤ ਕਰਦੀ ਹੋਈ ਇੱਕ ਪਲ ਲਈ ਕਿਸ਼ੋਰੀ ਦੇ ਸਾਹਮਣੇ ਆ ਖੜ੍ਹੀ ਹੋਈ।

"ਕਿਸ਼ੋਰੀ, ਜ਼ਰਾ ਵੇਖਣਾ। ਪਿੱਛੋਂ ਸਾੜ੍ਹੀ ਠੀਕ ਹੈ ਨਾ?”

ਅਤੇ ਜਵਾਬ ਦੀ ਉਡੀਕ ਕੀਤੇ ਬਿਨਾਂ ਉਹ ਲੱਕੜੀ ਦੇ ਇਸ ਟੁੱਟੇ ਹੋਏ ਡੱਬੇ ਵੱਲ ਵਧੀ ਜਿਸ ਵਿੱਚ ਉਸ ਨੇ ਜਾਪਾਨੀ ਸੁਰਖੀ ਰੱਖੀ ਹੋਈ ਸੀ। ਇੱਕ ਧੁੰਦਲੇ ਸ਼ੀਸ਼ੇ ਨੂੰ ਖਿੜਕੀ ਦੀਆਂ ਸਲਾਖਾਂ ਵਿੱਚ ਅਟਕਾ ਕੇ ਉਸ ਨੇ ਦੂਹਰੀ ਹੋ ਕੇ ਆਪਣੀਆਂ ਗੱਲ੍ਹਾਂ ਉੱਤੇ ਪਾਊਡਰ ਲਾਇਆ ਅਤੇ ਸੁਰਖੀ ਲਾ ਕੇ ਜਦੋਂ ਬਿਲਕੁਲ ਤਿਆਰ ਹੋ ਗਈ ਤਾਂ ਮੁਸਕਰਾ ਕੇ ਕਿਸ਼ੋਰੀ ਤੋਂ ਦਾਦ ਭਾਲਦੀਆਂ ਨਿਗਾਹਾਂ ਨਾਲ਼ ਵੇਖਿਆ। ਸ਼ੋਖ ਰੰਗ ਦੀ ਨੀਲੀ ਸਾੜ੍ਹੀ ਵਿੱਚ, ਹੋਠਾਂ ਉੱਤੇ ਬੇ-ਤਰਤੀਬੀ ਨਾਲ਼ ਸੁਰਖੀ ਦੀ ਧੜੀ ਜਮਾਏ ਅਤੇ ਸਾਂਵਲੀਆਂ ਗੱਲ੍ਹਾਂ ਉੱਤੇ ਪਿਆਜ਼ੀ ਰੰਗ ਦਾ ਪਾਊਡਰ ਮਲ਼ੇ ਉਹ ਮਿੱਟੀ ਦਾ ਇੱਕ ਅਜਿਹਾ ਖਿਡੌਣਾ ਲੱਗਦੀ ਸੀ ਜੋ ਦੀਵਾਲੀ ਵੇਲ਼ੇ ਖਿਡੌਣੇ ਵੇਚਣ ਵਾਲ਼ਿਆਂ ਦੀ ਦੁਕਾਨ ਵਿੱਚ ਸਭ ਤੋਂ ਜ਼ਿਆਦਾ ਨੁਮਾਇਆਂ ਵਿਖਾਈ ਦਿੰਦਾ ਹੈ।

ਏਨੇ ਵਿੱਚ ਉਸ ਦੀ ਮਾਂ ਆ ਗਈ। ਉਸ ਨੇ ਜਲਦੀ-ਜਲਦੀ ਸਰੀਤਾ ਦੇ ਵਾਲ਼ ਦਰੁਸਤ ਕੀਤੇ ਅਤੇ ਕਿਹਾ, “ਵੇਖ ਧੀਏ ਚੰਗੀਆਂ-ਚੰਗੀਆਂ ਗੱਲਾਂ ਕਰੀਂ। ਅਤੇ ਜੋ ਕੁਝ ਉਹ ਕਹੇ ਮੰਨ ਲੈਣਾ। ਇਹ ਸੇਠ ਜੋ ਆਏ ਹਨ ਨਾ ਵੱਡੇ ਆਦਮੀ ਨੇ। ਮੋਟਰ ਉਨ੍ਹਾਂ ਦੀ ਆਪਣੀ ਹੈ।”

ਫਿਰ ਕਿਸ਼ੋਰੀ ਨੂੰ ਮੁਖਾਤਿਬ ਹੋ ਕੇ ਕਿਹਾ, “ਹੁਣ ਤੂੰ ਜਲਦੀ ਨਾਲ਼ ਲੈ ਜਾ ਉਸਨੂੰ। ਵਿਚਾਰੇ ਕਦੋਂ ਦੇ ਖੜ੍ਹੇ ਰਸਤਾ ਵੇਖ ਰਹੇ ਹੋਣਗੇ।”

ਬਾਹਰ ਵੱਡੇ ਬਾਜ਼ਾਰ ਵਿੱਚ ਜਿੱਥੇ ਇੱਕ ਕਾਰਖਾਨੇ ਦੀ ਲੰਮੀ ਦੀਵਾਰ ਦੂਰ ਤੱਕ ਚਲੀ ਗਈ ਹੈ, ਇੱਕ ਪੀਲੇ ਰੰਗ ਦੀ ਮੋਟਰ ਵਿੱਚ ਤਿੰਨ ਹੈਦਰਾਬਾਦੀ ਨੌਜਵਾਨ ਆਪਣੀ-ਆਪਣੀ ਨੱਕ ਉੱਤੇ ਰੁਮਾਲ ਰੱਖੇ ਕਿਸ਼ੋਰੀ ਦਾ ਇੰਤਜ਼ਾਰ ਕਰ ਰਹੇ ਸਨ। ਉਹ ਮੋਟਰ ਅੱਗੇ ਲੈ ਜਾਂਦੇ ਪਰ ਮੁਸੀਬਤ ਇਹ ਹੈ ਕਿ ਦੀਵਾਰ ਦੂਰ ਤੱਕ ਚਲੀ ਗਈ ਸੀ। ਅਤੇ ਇਸ ਦੇ ਨਾਲ਼ ਹੀ ਪੇਸ਼ਾਬ ਦਾ ਸਿਲਸਿਲਾ ਵੀ। ਜਦੋਂ ਗਲ਼ੀ ਦੇ ਮੋੜ ਤੋਂ ਉਸ ਨੌਜਵਾਨ ਨੂੰ ਜੋ ਮੋਟਰ ਦਾ ਹੈਂਡਲ ਫੜੀ ਬੈਠਾ ਸੀ, ਕਿਸ਼ੋਰੀ ਨਜ਼ਰ ਆਇਆ ਤਾਂ ਉਸ ਨੇ ਆਪਣੇ ਬਾਕੀ ਦੋ ਸਾਥੀਆਂ ਨੂੰ ਕਿਹਾ, “ਲਓ ਭਈ ਆ ਗਏ। ਇਹ ਹੈ ਕਿਸ਼ੋਰੀ... ਅਤੇ.. ਅਤੇ।” ਉਸ ਨੇ ਮੋਟਰ ਵੱਲ ਨਜ਼ਰਾਂ ਜਮਾਈ ਰੱਖੀਆਂ ਅਤੇ.. ਅਤੇ... ਓਏ ਇਹ ਤਾਂ ਬਿਲਕੁਲ ਹੀ ਛੋਟੀ ਕੁੜੀ ਹੈ। ਜ਼ਰਾ ਤੁਸੀਂ ਵੀ ਵੇਖੋ ਨਾ। ਅਰੇ ਭਈ ਉਹ। ਉਹ ਨੀਲੀ ਸਾੜ੍ਹੀ ਵਿੱਚ।”

ਜਦੋਂ ਕਿਸ਼ੋਰੀ ਅਤੇ ਸਰੀਤਾ ਦੋਨੋਂ ਮੋਟਰ ਦੇ ਕੋਲ਼ ਆ ਗਏ ਤਾਂ ਪਿਛਲੀ ਸੀਟ ਉੱਤੇ

254 / ਮੰਟੇ ਦੇ ਅਫ਼ਸਾਨੇ