ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

'ਤੇ ਜੋ ਦੋ ਸਾਹਿਬ ਬੈਠੇ ਹੋਏ ਸਨ ਉਨ੍ਹਾਂ ਵਿੱਚੋਂ ਇੱਕ ਆਪਣੇ ਪੱਟਾਂ 'ਤੇ ਰੱਖਿਆ ਗ੍ਰਾਮੋਫ਼ੋਨ ਵਜਾ ਰਿਹਾ ਸੀ। ਜਦੋਂ ਇਹ ਮੋਟਰ ਸਾਡੇ ਸਾਹਮਣੇ ਆਈ ਤਾਂ ਰਿਕਾਰਡ ਦੀ ਆਵਾਜ਼ ਸੜਕ ਦੇ ਨਾਲ਼ ਵਾਲ਼ੀ ਪਹਾੜੀ ਦੇ ਪੱਥਰਾਂ ਨਾਲ਼ ਟਕਰਾ ਕੇ ਫ਼ਿਜ਼ਾ ਵਿੱਚ ਗੂੰਜੀ, ਕੋਈ ਗਾ ਰਿਹਾ ਸੀ;

ਨਾ ਮੈਂ ਕਿਸੀ ਕਾ ਨਾ ਕੋਈ ਮੇਰਾ, ਛਾਇਆ ਚਾਰੋਂ ਔਰ ਅੰਧੇਰਾ
ਅਬ ਕੁਝ ਸੂਝਤ ਨਾਹੀਂ, ਮੋਹੇ ਅਬ ਕੁਛ...

ਆਵਾਜ਼ ਵਿੱਚ ਬੇਹੱਦ ਦਰਦ ਸੀ। ਇੱਕ ਪਲ ਲਈ ਇਵੇਂ ਲੱਗਿਆ ਕਿ ਅਸੀਂ ਸ਼ਾਇਦ ਹਨੇਰੇ ਦੇ ਸਮੁੰਦਰ ਵਿੱਚ ਡੁੱਬ ਗਏ। ਜਦੋਂ ਮੋਟਰ ਆਪਣੀ ਅੱਧ-ਖੁੱਲ੍ਹੀਆਂ ਬਾਰੀਆਂ ਵਿੱਚੋਂ ਇਸ ਗੀਤ ਦੇ ਦਰਦਨਾਕ ਸੁਰ ਖਿੰਡਾਉਂਦੀ ਹੋਈ, ਸਾਡੀਆਂ ਨਜ਼ਰਾਂ ਤੋਂ ਓਝਲ ਹੋ ਗਈ ਤਾਂ ਅਸੀਂ ਸਭ ਨੇ ਹਉਕਾ ਭਰ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ।

ਸ਼ਾਮ ਵੇਲ਼ੇ ਜਦੋਂ ਸੂਰਜ ਦੀ ਸੁਰਖ਼ ਅਤੇ ਗਰਮ ਟਿੱਕੀ, ਖੁਰੇ ਹੋਏ ਤਾਂਬੇ ਦਾ ਰੰਗ ਇਖ਼ਤਿਆਰ ਕਰਕੇ ਇੱਕ ਸਿਆਹ ਪਹਾੜੀ ਦੇ ਪਿੱਛੇ ਛੁਪ ਰਹੀ ਸੀ ਅਤੇ ਉਸਦੀਆਂ ਉਨਾਭੀ ਕਿਰਨਾਂ ਉੱਚੇ ਦਰਖਤਾਂ ਦੀਆਂ ਟੀਸੀਆਂ ਨਾਲ਼ ਖੇਡ ਰਹੀਆਂ ਸਨ। ਹਰੇ ਰੰਗ ਦੀ ਉਹੀ ਮੋਟਰ ਉੱਧਰੋਂ ਵਾਪਸ ਆਉਂਦੀ ਵਿਖਾਈ ਦਿੱਤੀ ਜਿੱਧਰ ਉਹ ਦੁਪਹਿਰ ਨੂੰ ਗਈ ਸੀ। ਜਦੋਂ ਅਸੀਂ ਉਸਦੇ ਹਾਰਨ ਦੀ ਆਵਾਜ਼ ਸੁਣੀ ਤਾਂ ਕੰਮ ਛੱਡ ਕੇ ਉਹਨੂੰ ਦੇਖਣ ਲੱਗੇ। ਆਹਿਸਤਾ-ਆਹਿਸਤਾ ਚੱਲਦੀ ਹੋਈ ਉਹ ਸਾਡੇ ਅੱਗਿਓਂ ਲੰਘ ਗਈ ਅਤੇ ਫਿਰ ਅਚਾਨਕ ਸਾਥੋਂ ਅੱਧੀ ਜਰੀਬ ਦੇ ਫ਼ਾਸਲੇ 'ਤੇ ਖੜ੍ਹੀ ਹੋ ਗਈ। ਉਹ ਵਾਜਾ, ਜੋ ਉਸ ਵਿੱਚ ਵੱਜ ਰਿਹਾ ਸੀ, ਖ਼ਾਮੋਸ਼ ਹੋ ਗਿਆ।

ਥੋੜ੍ਹੀ ਦੇਰ ਬਾਅਦ ਪਿਛਲੀ ਸੀਟ ਤੋਂ ਇੱਕ ਨੌਜਵਾਨ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ ਅਤੇ ਆਪਣੀ ਪਤਲੂਨ ਨੂੰ ਲੱਕ ਉੱਪਰੋਂ ਠੀਕ ਕਰਦਾ ਹੋਇਆ ਸਾਡੇ ਕੋਲੋਂ ਲੰਘਿਆ ਅਤੇ ਆਹਿਸਤਾ-ਆਹਿਸਤਾ ਉਸ ਪੁਲ਼ ਵੱਲ ਚਲਾ ਗਿਆ, ਜੋ ਸਾਹਮਣੇ ਨਾਲ਼ੇ 'ਤੇ ਬਣਿਆ ਹੋਇਆ ਸੀ। ਇਹ ਖ਼ਿਆਲ ਕਰਕੇ ਕਿ ਉਹ ਨਾਲ਼ੇ ਦੇ ਪਾਣੀ ਦਾ ਨਜ਼ਾਰਾ ਵੇਖਣ ਲਈ ਗਿਆ ਹੈ, ਜਿਵੇਂ ਕਿ ਆਮ ਤੌਰ 'ਤੇ ਉੱਧਰੋਂ ਲੰਘਣ ਵਾਲ਼ੇ ਮੁਸਾਫ਼ਰ ਕਰਿਆ ਕਰਦੇ ਸਨ। ਅਸੀਂ ਆਪਣੇ ਕੰਮ ਵਿੱਚ ਮਸਰੂਫ਼ ਹੋ ਗਏ।

ਅਜੇ ਸਾਨੂੰ ਆਪਣਾ ਕੰਮ ਸ਼ੁਰੂ ਕੀਤਿਆਂ ਪੰਜ ਮਿੰਟ ਤੋਂ ਜ਼ਿਆਦਾ ਅਰਸਾ ਨਹੀਂ ਬੀਤਿਆ ਹੋਵੇਗਾ ਕਿ ਪੁਲ਼ ਵੱਲੋਂ ਤਾੜੀ ਦੀ ਆਵਾਜ਼ ਬੁਲੰਦ ਹੋਈ। ਅਸੀਂ ਮੁੜ ਕੇ ਵੇਖਿਆ, ਪਤਲੂਨ ਵਾਲਾ ਨੌਜਵਾਨ ਸੜਕ ਦੇ ਨਾਲ਼ ਪੱਥਰਾਂ ਦੀ ਚਿਣੀ ਹੋਈ ਕੰਧ ਦੇ ਕੋਲ਼ ਖੜ੍ਹਾ ਸ਼ਾਇਦ ਮੋਟਰ ਵਿਚਲੇ ਆਪਣੇ ਸਾਥੀਆਂ ਦਾ ਧਿਆਨ ਮੰਗ ਰਿਹਾ ਸੀ। ਪਥਰੀਲੀ ਮੁੰਡੇਰ 'ਤੇ ਉਸ ਨੌਜਵਾਨ ਤੋਂ ਕੁਝ ਦੂਰ ਇੱਕ ਕੁੜੀ ਬੈਠੀ ਸੀ।

ਸਾਡੇ ਵਿੱਚੋਂ ਇੱਕ ਨੇ ਆਪਣੇ ਬੇਲਚੇ ਨੂੰ ਬੜੇ ਜ਼ੋਰ ਨਾਲ਼ ਮੋਰੀ ਦੀ ਗਿੱਲੀ ਮਿੱਟੀ ਵਿੱਚ ਗੱਡਦੇ ਹੋਏ ਕਿਹਾ, “ਇਹ ਰਾਮ ਦੇਈ ਹੈ।”

ਕਾਲੂ ਨੇ ਜੋ ਉਸਦੇ ਕੋਲ਼ ਖੜ੍ਹਾ ਸੀ, ਦਰਿਆਫ਼ਤ ਕੀਤੀ, “ਰਾਮ ਦੇਈ?”

“ਸੰਤੂ ਚਮਾਰ ਦੀ ਕੁੜੀ, ਹੋਰ ਕੌਣ!!” ਉਸ ਦੇ ਲਹਿਜੇ ਵਿੱਚ ਬੇਲਚੇ ਦੇ ਲੋਹੇ

26 / ਮੰਟੋ ਦੇ ਅਫ਼ਸਾਨੇ