ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਸੀ।

ਬੀਅਰ ਦੀਆਂ ਛੇ ਬੋਤਲਾਂ ਕੁਝ ਤਾਂ ਝੱਗ ਬਣ ਕੇ ਸਾਹਿਲ ਦੀ ਰੇਤ ਵਿੱਚ ਜਜ਼ਬ ਹੋ ਗਈਆਂ ਹੋਰ ਕੁਝ ਕਿਫ਼ਾਇਤ, ਸ਼ਹਾਬ ਅਤੇ ਅਨਵਰ ਦੇ ਢਿੱਡ ਵਿੱਚ ਚਲੀਆਂ ਗਈਆਂ। ਸਰੀਤਾ ਗਾਉਂਦੀ ਰਹੀ। ਅਨਵਰ ਨੇ ਇੱਕ-ਵਾਰ ਉਸ ਵੱਲ ਵੇਖਿਆ ਅਤੇ ਖਿਆਲ ਕੀਤਾ ਕਿ ਸਰੀਤਾ ਬੀਅਰ ਦੀ ਬਣੀ ਹੋਈ ਹੈ। ਉਸ ਦੀਆਂ ਸਾਂਵਲੀਆਂ ਗੱਲ੍ਹਾਂ ਸਮੁੰਦਰ ਦੀ ਸਿੱਲੀ ਹਵਾ ਦੀ ਸਿਆਹੀ ਨਾਲ਼ ਗਿੱਲੀਆਂ ਹੋ ਰਹੀਆਂ ਸਨ। ਉਹ ਬੇਹੱਦ ਮਸਰੂਰ ਸੀ। ਹੁਣ ਅਨਵਰ ਵੀ ਖੁਸ਼ ਸੀ। ਉਸ ਦੇ ਦਿਲ ਵਿੱਚ ਇਹ ਖਾਹਿਸ਼ ਪੈਦਾ ਹੋ ਰਹੀ ਸੀ ਕਿ ਸਮੁੰਦਰ ਦਾ ਸਾਰਾ ਪਾਣੀ ਬੀਅਰ ਬਣ ਜਾਵੇ ਅਤੇ ਉਹ ਇਸ ਵਿੱਚ ਗੋਤੇ ਲਾਏ, ਸਰੀਤਾ ਵੀ ਡੁਬਕੀਆਂ ਲਾਏ।

ਦੋ ਖਾਲੀ ਬੋਤਲਾਂ ਲੈ ਕੇ ਸਰੀਤਾ ਨੇ ਇੱਕ ਦੂਜੇ ਨਾਲ਼ ਟਕਰਾ ਦਿੱਤੀਆਂ, ਝਨਕਾਰ ਪੈਦਾ ਹੋਈ ਅਤੇ ਸਰੀਤਾ ਨੇ ਜ਼ੋਰ-ਜ਼ੋਰ ਨਾਲ਼ ਹੱਸਣਾ ਸ਼ੁਰੂ ਕਰ ਦਿੱਤਾ। ਕਿਫ਼ਾਇਤ, ਸ਼ਹਾਬ ਅਤੇ ਅਨਵਰ ਵੀ ਹੱਸਣ ਲੱਗੇ।

ਹੱਸਦੇ-ਹੱਸਦੇ ਸਰੀਤਾ ਨੇ ਕਿਫ਼ਾਇਤ ਨੂੰ ਕਿਹਾ, “ਆਓ ਮੋਟਰ ਚਲਾਈਏ।”

ਸਭ ਉਠ ਖੜ੍ਹੇ ਹੋਏ। ਖਾਲੀ ਬੋਤਲਾਂ ਗਿੱਲੀ-ਗਿੱਲੀ ਰੇਤ ਉੱਤੇ ਮੂਧੀਆਂ ਪਈਆਂ ਰਹੀਆਂ ਅਤੇ ਉਹ ਸਭ ਭੱਜ ਕੇ ਮੋਟਰ ਵਿੱਚ ਬੈਠ ਗਏ। ਫਿਰ ਉਹੀ ਹਵਾ ਦੇ ਤੇਜ਼-ਤੇਜ਼ ਬੁੱਲੇ ਆਉਣ ਲੱਗੇ। ਉਹੀ ਨਿਰੰਤਰ ਪਾਂ-ਪਾਂ ਸ਼ੁਰੂ ਹੋਈ ਅਤੇ ਸਰੀਤਾ ਦੇ ਵਾਲ਼ ਫਿਰ ਧੂੰਏਂ ਦੀ ਤਰ੍ਹਾਂ ਬਿਖਰਨ ਲੱਗੇ।

ਗੀਤਾਂ ਦਾ ਸਿਲਸਿਲਾ ਫਿਰ ਸ਼ੁਰੂ ਹੋਇਆ।

ਮੋਟਰ ਹਵਾ ਵਿੱਚ ਆਰੇ ਦੀ ਤਰ੍ਹਾਂ ਚੱਲਦੀ ਰਹੀ। ਸਰੀਤਾ ਗਾਉਂਦੀ ਰਹੀ। ਪਿਛਲੀ ਸੀਟ ਉੱਤੇ ਸ਼ਹਾਬ ਅਤੇ ਅਨਵਰ ਦੇ ਦਰਮਿਆਨ ਸਰੀਤਾ ਬੈਠੀ ਸੀ। ਅਨਵਰ ਉੱਘ ਰਿਹਾ ਸੀ। ਸਰੀਤਾ ਨੇ ਸ਼ਰਾਰਤ ਨਾਲ਼ ਸ਼ਹਾਬ ਦੇ ਵਾਲ਼ਾਂ ਵਿੱਚ ਕੰਘੀ ਕਰਨੀ ਸ਼ੁਰੂ ਕੀਤੀ। ਪਰ ਉਸ ਦਾ ਨਤੀਜਾ ਇਹ ਹੋਇਆ ਕਿ ਉਹ ਸੌਂ ਗਿਆ। ਸਰੀਤਾ ਨੇ ਜਦੋਂ ਅਨਵਰ ਵੱਲ ਰੁਖ ਕੀਤਾ ਤਾਂ ਉਸਨੂੰ ਵੈਸੇ ਹੀ ਸੁੱਤਾ ਹੋਇਆ ਪਾਇਆ। ਇਨ੍ਹਾਂ ਦੋਨਾਂ ਦੇ ਵਿੱਚੋਂ ਉੱਠਕੇ ਉਹ ਅਗਲੀ ਸੀਟ ਉੱਤੇ ਕਿਫ਼ਾਇਤ ਦੇ ਕੋਲ਼ ਬੈਠ ਗਈ ਅਤੇ ਆਵਾਜ਼ ਦਬਾ ਕੇ ਹੌਲ਼ੀ ਜਿਹੇ ਕਹਿਣ ਲੱਗੀ, “ਤੁਹਾਡੇ ਦੋਨਾਂ ਸਾਥੀਆਂ ਨੂੰ ਸਵਾ ਆਈ ਹਾਂ। ਹੁਣ ਤੁਸੀਂ ਵੀ ਸੌਂ ਜਾਓ।”

ਕਿਫ਼ਾਇਤ ਮੁਸਕਰਾਇਆ, “ਫਿਰ ਮੋਟਰ ਕੌਣ ਚਲਾਏਗਾ?”

ਸਰੀਤਾ ਵੀ ਮੁਸਕਰਾਈ, “ਚੱਲਦੀ ਰਹੇਗੀ।”

ਦੇਰ ਤੱਕ ਕਿਫ਼ਾਇਤ ਅਤੇ ਸਰੀਤਾ ਆਪਸ ਵਿੱਚ ਗੱਲਾਂ ਕਰਦੇ ਰਹੇ। ਇੰਨੇ ਵਿੱਚ ਉਹ ਬਾਜ਼ਾਰ ਆ ਗਿਆ, ਜਿੱਥੇ ਕਿਸ਼ੋਰੀ ਨੇ ਸਰੀਤਾ ਨੂੰ ਮੋਟਰ ਦੇ ਅੰਦਰ ਦਾਖ਼ਲ ਕੀਤਾ ਸੀ। ਜਦੋਂ ਉਹ ਦੀਵਾਰ ਆਈ ਜਿਸ ਉੱਤੇ “ਇੱਥੇ ਪੇਸ਼ਾਬ ਕਰਨਾ ਮਨਾ ਹੈ” ਦੇ ਕਈ ਬੋਰਡ ਲੱਗੇ ਸਨ, ਤਾਂ ਸਰੀਤਾ ਨੇ ਕਿਫ਼ਾਇਤ ਨੂੰ ਕਿਹਾ, “ਬਸ ਇੱਥੇ ਰੋਕ ਲਓ।”

ਮੋਟਰ ਰੁਕੀ। ਪਹਿਲਾਂ ਇਸ ਦੇ ਕਿ ਕਿਫ਼ਾਇਤ ਕੁਝ ਸੋਚ ਜਾਂ ਕਹਿ ਪਾਏ,

260 / ਮੰਟੇ ਦੇ ਅਫ਼ਸਾਨੇ