ਸੀ। ਮਿਸੇਜ਼ ਡੀ ਕੋਸਟਾ ਦਾ ਬਿਆਨ ਇਹ ਸੀ ਕਿ ਮੋਜ਼ੇਲ ਦੀ ਕੁੜੀ ਫਲੋਰੀ ਦਾ ਮੰਗੇਤਰ ਪਾਰਸੀ ਦਾ ਮੋਟਰ ਡਰਾਈਵਰ ਹੈ ਅਤੇ ਇਹ ਪਾਰਸੀ ਆਪਣੇ ਮੋਟਰ ਡਰਾਈਵਰ ਦੀ ਭੈਣ ਲਿਲੀ ਦਾ ਆਸ਼ਕ ਹੈ ਜੋ ਆਪਣੀ ਛੋਟੀ ਭੈਣ ਵਾਇਲੇਟ ਸਮੇਤ ਉਸੇ ਫ਼ਲੈਟ ਵਿੱਚ ਰਹਿੰਦੀ ਸੀ। ਵਾਇਲੇਟ ਬਾਰੇ ਮਿਸੇਜ਼ ਡੀ ਕੋਸਟਾ ਦੀ ਰਾਇ ਬਹੁਤ ਖਰਾਬ ਸੀ। ਉਹ ਕਿਹਾ ਕਰਦੀ ਸੀ ਕਿ ਇਹ ਲੌਂਡੀ ਜੋ ਹਰ ਵਕਤ ਇੱਕ ਨੰਨ੍ਹੇ ਜਿਹੇ ਬੱਚੇ ਨੂੰ ਚੁੱਕੀ ਰੱਖਦੀ ਹੈ, ਬਹੁਤ ਬੁਰੇ ਕੈਰੇਕਟਰ ਦੀ ਹੈ ਅਤੇ ਇਸ ਨੰਨ੍ਹੇ ਜਿਹੇ ਬੱਚੇ ਬਾਰੇ ਉਸਨੇ ਇੱਕ ਦਿਨ ਸਾਨੂੰ ਇਹ ਖ਼ਬਰ ਸੁਣਾਈ ਸੀ ਅਤੇ ਜਿਵੇਂ ਕਿ ਮਸ਼ਹੂਰ ਕੀਤਾ ਗਿਆ ਹੈ, ਉਹ ਕਿਸੇ ਪਾਰਸਨ ਦਾ ਲਾਵਾਰਸ ਬੱਚਾ ਨਹੀਂ ਸਗੋਂ ਖੁਦ ਵਾਇਲੇਟ ਦੀ ਭੈਣ ਲਿਲੀ ਦਾ ਹੈ। ਬਸ ਮੈਨੂੰ ਇੰਨਾ ਹੀ ਯਾਦ ਰਿਹਾ ਹੈ ਕਿਉਂਕਿ ਜੋ ਸ਼ਜਰਾ ਮਿਸੇਜ਼ ਡੀ ਕੋਸਟਾ ਨੇ ਤਿਆਰ ਕੀਤਾ ਸੀ, ਇੰਨਾ ਲੰਮਾ ਹੈ ਕਿ ਸ਼ਾਇਦ ਹੀ ਕਿਸੇ ਨੂੰ ਯਾਦ ਰਹਿ ਸਕੇ।
ਸਿਰਫ਼ ਨੇੜੇ ਤੇੜੇ ਦੀਆਂ ਔਰਤਾਂ ਅਤੇ ਗੁਆਂਢ ਦੇ ਮਰਦਾਂ ਤੱਕ ਮਿਸੇਜ਼ ਡੀ ਕੋਸਟਾ ਦੀ ਜਾਣਕਾਰੀ ਸੀਮਿਤ ਨਹੀਂ ਸੀ। ਉਸਨੂੰ ਦੂਜੇ ਮੁਹੱਲੇ ਦੇ ਲੋਕਾਂ ਬਾਰੇ ਵੀ ਬਹੁਤ ਗੱਲਾਂ ਪਤਾ ਸਨ। ਸੋ ਜਦੋਂ ਉਹ ਆਪਣੇ ਸੁੱਜੇ ਹੋਏ ਪੈਰ ਦਾ ਇਲਾਜ ਕਰਨ ਦੀ ਗ਼ਰਜ਼ ਨਾਲ਼ ਬਾਹਰ ਜਾਂਦੀ ਤਾਂ ਘਰ ਪਰਤਦੇ ਹੋਏ ਦੂਜੇ ਮੁਹੱਲਿਆਂ ਦੀ ਬਹੁਤ ਸਾਰੀਆਂ ਖਬਰਾਂ ਲਿਆਉਂਦੀ ਸੀ।
ਇੱਕ ਦਿਨ ਜਦੋਂ ਮਿਸੇਜ਼ ਡੀ ਕੋਸਟਾ ਮੇਰੇ ਬੱਚੇ ਦੇ ਜਨਮ ਦੀ ਉਡੀਕ ਕਰ ਕਰਕੇ ਥੱਕ ਹਾਰ ਚੁੱਕੀ ਸੀ, ਮੈਂ ਉਸਨੂੰ ਬਾਹਰ ਫਾਟਕ ਦੇ ਕੋਲ਼ ਆਪਣੇ ਦੋ ਵੱਡੇ ਮੁੰਡਿਆਂ, ਇੱਕ ਕੁੜੀ ਅਤੇ ਗੁਆਂਢ ਦੀਆਂ ਦੋ ਔਰਤਾਂ ਦੇ ਨਾਲ਼ ਗੱਲਾਂ ਵਿੱਚ ਮਸਰੂਫ਼ ਵੇਖਿਆ, ਇਹ ਖ਼ਿਆਲ ਕਰਕੇ ਦਿਲ ਹੀ ਦਿਲ ਵਿੱਚ ਬਹੁਤ ਕੁੜ੍ਹੀ ਕਿ ਮੇਰੇ ਬੱਚੇ ਦੇ ਲੇਟ ਹੋ ਜਾਣ ਬਾਰੇ ਗੱਲਾਂ ਕਰ ਰਹੀ ਹੋਵੇਗੀ। ਸੋ ਜਦੋਂ ਉਸਨੇ ਘਰ ਦਾ ਰੁਖ ਕੀਤਾ ਤਾਂ ਮੈਂ ਜੰਗਲ਼ੇ ਤੋਂ ਪਰ੍ਹੇ ਹਟ ਗਈ। ਪਰ ਉਸਨੇ ਮੈਨੂੰ ਵੇਖ ਲਿਆ ਸੀ। ਸਿੱਧੀ ਉੱਪਰ ਚਲੀ ਆਈ। ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕੋਨੀ ਹੀ ਵਿੱਚ ਮੂੜ੍ਹੇ ਉੱਤੇ ਬਿਠਾ ਦਿੱਤਾ। ਮੂੜ੍ਹੇ ਉੱਤੇ ਬੈਠਦੇ ਹੀ ਉਸਨੇ ਬੰਬਈ ਦੀ ਉਰਦੂ ਅਤੇ ਗਰਾਮਰ ਤੋਂ ਬੇਨਿਆਜ਼ ਅੰਗਰੇਜ਼ੀ ਵਿੱਚ ਕਹਿਣਾ ਸ਼ੁਰੂ ਕੀਤਾ, “ਤੁਮ ਨੇ ਕੁਛ ਸੁਨਾ? ... ਮਹਾਤਮਾ ਗਾਂਧੀ ਨੇ ਕਯਾ ਕਿਯਾ? ਸਾਲੀ ਕਾਂਗਰਸ ਏਕ ਨਯਾ ਕਾਨੂੰਨ ਪਾਸ ਕਰਨਾ ਮਾਂਗਤੀ ਹੈ। ਮੇਰਾ ਫ਼੍ਰੇਡਰਿਕ ਖਬਰ ਲਾਯਾ ਹੈ ਕਿ ਬੰਬਈ ਮੇਂ ਪ੍ਰੋਹੇਸ਼ਨ ਹੋ ਜਾਏਗੀ... ਤੁਮ ਸਮਝਤਾ ਹੈ ਪ੍ਰੋਹੇਸ਼ਨ ਕਯਾ ਹੋਤੀ ਹੈ?"
ਮੈਂ ਕੁਝ ਨਾ ਪਤਾ ਹੋਣ ਦਾ ਇਜ਼ਹਾਰ ਕੀਤਾ ਕਿਉਂਕਿ ਜਿੰਨੀ ਅੰਗਰੇਜ਼ੀ ਮੈਨੂੰ ਆਉਂਦੀ ਸੀ, ਉਸ ਵਿੱਚ ਪ੍ਰੋਹੇਸ਼ਨ ਦਾ ਲਫ਼ਜ਼ ਨਹੀਂ ਸੀ। ਇਸ ਉੱਤੇ ਮਿਸੇਜ਼ ਡੀ ਕੋਸਟਾ ਨੇ ਕਿਹਾ, “ਪ੍ਰੋਹੇਸ਼ਨ ਸ਼ਰਾਬ ਬੰਦ ਕਰਨੇ ਕੋ ਕਹਤੇ ਹੈਂ, ਹਮ ਪੂਛਤਾ ਹੈ, ਇਸ ਕਾਂਗਰਸ ਕਾ ਹਮਨੇ ਕਯਾ ਬਿਗਾੜਾ ਹੈ ਕਿ ਸ਼ਰਾਬ ਬੰਦ ਕਰਕੇ ਹਮਕੋ ਤੰਗ ਕਰਨਾ ਮਾਂਗਟੀ ਹੈ, ਯੇ ਕੈਸੀ ਗਵਰਨਮੈਂਟ ਹੈ। ਹਮਕੋ ਉਸ ਕੀ ਐਸੀ ਝਾਤ ਏਕਦਮ ਅੱਛੀ ਨਹੀਂ ਲਗਤੀ। ਹਮਾਰਾ ਤੇਹਵਾਰ ਕੈਸੇ ਚਲੇਗਾ, ਹਮ ਕਯਾ ਕਰੇਗਾ। ਵਿਸਕੀ ਹਮਾਰੇ ਤੇਹਵਾਰੋਂ ਮੇਂ ਹੋਨਾ ਹੀ ਮਾਂਗਟਾ ਹੈ... ਤੁਮ ਸਮਝਤੀ ਹੋ ਨਾ?
266 / ਮੰਟੇ ਦੇ ਅਫ਼ਸਾਨੇ