ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕ੍ਰਿਸਮਸ ਕੈਸੇ ਹੋਗਾ?... ਕ੍ਰਿਸਚੀਅਨ ਲੋਗ ਤੋ ਇਸ ਲਾਅ ਕੋ ਨਹੀਂ ਮਾਨੇਗਾ। ਕੈਸੇ ਮਾਨ ਸਕਤਾ ਹੈ... ਮੇਰੇ ਘਰ ਮੇਂ ਚੌਬੀਸ ਕਲਾਕ (ਘੰਟੇ) ਬ੍ਰਾਂਡੀ ਕੀ ਜ਼ਰੂਰਤ ਰਹਤੀ ਹੈ। ਯੇ ਲਾਅ ਪਾਸ ਹੋ ਗਯਾ ਤੋ ਕੈਸੇ ਕਾਮ ਚਲੇਗਾ? ਯੇ ਸਬ ਕੁਝ ਗਾਂਢੀ ਕਰ ਰਹਾ ਹੈ... ਗਾਂਢੀ ਜੋ ਮਹਮਡਨ ਲੋਗ ਕਾ ਏਕ ਦਮ ਬੈਰੀ ਹੈ... ਸਾਲਾ ਆਪ ਤੋ ਪੀਤਾ ਨਹੀਂ ਔਰ ਦੂਸਰੋਂ ਕੋ ਪੀਨੇ ਸੇ ਰੋਕਤਾ ਹੈ ਔਰ ਤੁਮ੍ਹੇਂ ਮਾਲੂਮ ਹੈ, ਯੇ ਹਮ ਲੋਗੋਂ ਕਾ ਮੇਰਾ ਮਤਲਬ ਹੈ ਗਵਰਨਮੈਂਟ ਕਾ ਬਹੁਤ ਬੜਾ ਏਨੀਮੀ (ਦੁਸ਼ਮਣ) ਹੈ..."

ਉਸ ਵਕਤ ਅਜਿਹਾ ਲੱਗਦਾ ਸੀ ਕਿ ਇੰਗਲਿਸਤਾਨ ਦਾ ਸਾਰਾ ਟਾਪੂ ਮਿਸੇਜ਼ ਡੀ ਕੋਸਟਾ ਦੇ ਅੰਦਰ ਸਮਾ ਗਿਆ ਹੈ। ਉਹ ਗੋਆ ਦੀ ਰਹਿਣ ਵਾਲ਼ੀ ਕਾਲ਼ੇ ਰੰਗ ਦੀ ਈਸਾਈ ਔਰਤ ਸੀ। ਪਰ ਜਦੋਂ ਉਸਨੇ ਇਹ ਗੱਲਾਂ ਕੀਤੀਆਂ ਤਾਂ ਮੇਰੇ ਤਸੱਵਰ ਨੇ ਉਸ ਉੱਤੇ ਸਫ਼ੈਦ ਚਮੜੀ ਮੜ੍ਹ ਦਿੱਤੀ। ਕੁਝ ਘੜੀਆਂ ਲਈ ਉਹ ਯੂਰਪ ਤੋਂ ਆਈ ਹੋਈ ਤਾਜ਼ਾ ਤਾਜ਼ਾ ਅੰਗਰੇਜ਼ ਔਰਤ ਵਿਖਾਈ ਦਿੱਤੀ ਜਿਸਦਾ ਹਿੰਦੁਸਤਾਨ ਅਤੇ ਉਸਦੇ ਮਹਾਤਮਾ ਜੀ ਨਾਲ਼ ਕੋਈ ਸੰਬੰਧ ਨਾ ਹੋਵੇ।

ਸਮੁੰਦਰ ਦੇ ਪਾਣੀ ਤੋਂ ਲੂਣ ਬਣਾਉਣ ਦੀ ਤਹਿਰੀਕ ਮਹਾਤਮਾ ਗਾਂਧੀ ਨੇ ਸ਼ੁਰੂ ਕੀਤੀ ਸੀ। ਚਰਖਾ ਚਲਾਉਣਾ ਅਤੇ ਖਾਦੀ ਪਾਉਣਾ ਵੀ ਉਸੇ ਨੇ ਲੋਕਾਂ ਨੂੰ ਸਿਖਾਇਆ ਸੀ। ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਊਟਪਟਾਂਗ ਗੱਲਾਂ ਉਹ ਕਰ ਚੁੱਕਿਆ ਸੀ। ਸ਼ਾਇਦ ਇਸ ਲਈ ਮਿਸੇਜ਼ ਡੀ ਕੋਸਟਾ ਨੇ ਇਹ ਸਮਝਿਆ ਸੀ ਕਿ ਬੰਬਈ ਵਿੱਚ ਸ਼ਰਾਬ ਸਿਰਫ਼ ਇਸ ਲਈ ਬੰਦ ਕੀਤੀ ਜਾ ਰਹੀ ਹੈ ਕਿ ਅੰਗਰੇਜ਼ ਲੋਕਾਂ ਨੂੰ ਤਕਲੀਫ਼ ਹੋਵੇ। ਉਹ ਕਾਂਗਰਸ ਅਤੇ ਮਹਾਤਮਾ ਗਾਂਧੀ ਨੂੰ ਇੱਕ ਹੀ ਚੀਜ਼ ਸਮਝਦੀ ਸੀ...ਯਾਨੀ ਲੰਗੋਟੀ। ਮਹਾਤਮਾ ਗਾਂਧੀ ਅਤੇ ਉਸਦੀ ਹਸਤ ਪੁਸ਼ਤ ਉੱਤੇ ਲਆਨਤਾਂ ਭੇਜ ਕੇ ਮਿਸੇਜ਼ ਡੀ ਕੋਸਟਾ ਅਸਲ ਗੱਲ ਵੱਲ ਆਈ, “ਔਰ ਹਾਂ, ਯੇ ਤੁਮ੍ਹਾਰਾ ਬੱਚਾ ਕਯੋਂ ਪੈਦਾ ਨਹੀਂ ਹੋਤਾ। ਚਲੋ ਮੈਂ ਤੁਮ੍ਹੇਂ ਕਿਸੀ ਡਾਕਟਰ ਕੇ ਪਾਸ ਲੇ ਚਲੂੰ।” ਮੈਂ ਉਸ ਵਕਤ ਗੱਲ ਟਾਲ਼ ਦਿੱਤੀ ਪਰ ਮਿਸੇਜ਼ ਡੀ ਕੋਸਟਾ ਨੇ ਘਰ ਜਾਂਦੇ ਹੋਏ ਫਿਰ ਮੈਨੂੰ ਕਿਹਾ, “ਦੇਖੋ, ਤੁਮਕੋ ਕੁਝ ਐਸਾ ਵੈਸਾ ਬਾਤ ਹੋ ਗਯਾ ਤੋ ਫਿਰ ਹਮਕੋ ਨ ਬੋਲਨਾ।”

ਇਸ ਤੋਂ ਦੂਜੇ ਦਿਨ ਦੀ ਘਟਨਾ ਹੈ। ਸਾਹਿਬ ਬੈਠੇ ਕੁਝ ਲਿਖ ਰਹੇ ਸਨ, ਮੈਨੂੰ ਖਿਆਲ ਆਇਆ, ਕਈ ਦਿਨਾਂ ਤੋਂ ਮੈਂ ਮਿਸੇਜ਼ ਕਾਜ਼ਮੀ ਨੂੰ ਟੈਲੀਫੋਨ ਨਹੀਂ ਕੀਤਾ। ਉਸ ਨੂੰ ਵੀ ਬੱਚੇ ਦੇ ਜਨਮ ਦਾ ਬਹੁਤ ਖ਼ਿਆਲ ਹੈ। ਇਸ ਵਕਤ ਫੁਰਸਤ ਹੈ ਅਤੇ ਨਜ਼ੀਰ ਸਾਹਿਬ ਦਾ ਦਫ਼ਤਰ ਜੋ ਉਨ੍ਹਾਂ ਦੇ ਘਰ ਦੇ ਨਾਲ਼ ਹੀ ਲੱਗਦਾ ਸੀ, ਬਿਲਕੁਲ ਖਾਲੀ ਹੋਵੇਗਾ ਕਿਉਂਕਿ ਛੇ ਵਜ ਚੁੱਕੇ ਸਨ। ਉਠ ਕੇ ਟੈਲੀਫੋਨ ਕਰ ਦੇਣਾ ਚਾਹੀਦਾ ਹੈ। ਇਵੇਂ ਪੌੜੀਆਂ ਉੱਤਰਨ ਅਤੇ ਚੜ੍ਹਨ ਨਾਲ਼ ਡਾਕਟਰ ਸਾਹਿਬ ਅਤੇ ਤਜਰਬਾਕਾਰ ਔਰਤਾਂ ਦੇ ਮਸ਼ਵਰੇ ਉੱਤੇ ਅਮਲ ਵੀ ਹੋ ਜਾਵੇਗਾ, ਜੋ ਇਹ ਸੀ ਕਿ ਚੱਲਣ ਫਿਰਨ ਨਾਲ਼ ਬੱਚਾ ਸੌਖ ਨਾਲ਼ ਪੈਦਾ ਹੁੰਦਾ ਹੈ। ਸੋ ਮੈਂ ਆਪਣੇ ਪੈਦਾ ਹੋਣ ਵਾਲ਼ੇ ਬੱਚੇ ਸਮੇਤ ਉੱਠੀ ਅਤੇ ਆਹਿਸਤਾ ਆਹਿਸਤਾ ਪੌੜੀਆਂ ਚੜ੍ਹਨ ਲੱਗੀ। ਜਦੋਂ ਪਹਿਲੀ ਮੰਜ਼ਿਲ ਉੱਤੇ ਪਹੁੰਚੀ ਤਾਂ ਮੈਨੂੰ ਨਰਸ ਡੀ ਕੋਸਟਾ ਦਾ ਬੋਰਡ ਨਜ਼ਰ

267 / ਮੰਟੇ ਦੇ ਅਫ਼ਸਾਨੇ