ਆਪਣਾ ਕੰਮ ਕਰੋ। ਮੈਂ ਉਨ੍ਹਾਂ ਤੋਂ ਖ਼ੁਦ ਦਰਿਆਫ਼ਤ ਕਰ ਲਵਾਂਗਾ।"
ਇਹ ਜਵਾਬ ਸੁਣ ਕੇ ਅਸੀਂ ਬੇਚਾਰਗੀ ਦੀ ਹਾਲਤ ਵਿੱਚ ਆਪਣੇ ਕੰਮ 'ਤੇ ਗਏ, ਪਰ ਸਾਡੀਆਂ ਸਭ ਦੀਆਂ ਨਜ਼ਰਾਂ ਰਾਮ ਦੇਈ ਅਤੇ ਉਨ੍ਹਾਂ ਦੋ ਨੌਜਵਾਨਾਂ 'ਤੇ ਜੰਮੀਆਂ ਹੋਈਆਂ ਸੀ, ਜੋ ਹੁਣ ਪੁਲ਼ ਪਾਰ ਕਰਕੇ ਪੰਡਤ ਦੀ ਚਾਰਪਾਈ ਦੇ ਕਰੀਬ ਪਹੁੰਚ ਰਹੇ ਸਨ। ਮੁੰਡੇ ਅੱਗੇ ਸਨ ਅਤੇ ਰਾਮ ਦੇਈ ਥੱਕੀ ਹੋਈ ਘੋੜੀ ਵਾਂਗ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਹੀ ਸੀ। ਜਦੋਂ ਉਹ ਸਭ ਪੰਡਤ ਦੇ ਅੱਗਿਓਂ ਲੰਘਣ ਲੱਗੇ ਤਾਂ ਉਹ ਮੰਜੇ ਤੋਂ ਉੱਠਿਆ... ਦੋ-ਤਿੰਨ ਮਿੰਟ ਤੱਕ ਉਨ੍ਹਾਂ ਨਾਲ਼ ਕੁਝ ਗੱਲਾਂ ਕਰਨ ਦੇ ਬਾਅਦ ਉਹ ਵੀ ਉਨ੍ਹਾਂ ਦੇ ਨਾਲ਼ ਹੋ ਲਿਆ।
ਜਦੋਂ ਪੰਡਤ, ਰਾਮ ਦੇਈ ਅਤੇ ਉਹ ਨੌਜਵਾਨ ਸਾਡੇ ਕੋਲੋਂ ਲੰਘੇ ਤਾਂ ਅਸੀਂ ਵੇਖਿਆ ਕਿ ਨੌਜਵਾਨਾਂ ਦੇ ਚਿਹਰਿਆਂ 'ਤੇ ਇੱਕ ਲੁੱਚਾਪਣ ਝਲਕ ਰਿਹਾ ਹੈ ਅਤੇ ਪੰਡਤ ਬੜੇ ਅਦਬ ਨਾਲ਼ ਉਨ੍ਹਾਂ ਦੇ ਨਾਲ਼ ਚੱਲ ਰਿਹਾ ਹੈ। ਰਾਮ ਦੇਈ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ।... ਮੋਟਰ ਦੇ ਕੋਲ ਪਹੁੰਚ ਕੇ ਪੰਡਤ ਨੇ ਅੱਗੇ ਵਧ ਕੇ ਉਸਦਾ ਦਰਵਾਜ਼ਾ ਖੋਲ੍ਹਿਆ। ਪਹਿਲਾਂ ਪਤਲੂਨ ਵਾਲਾ, ਫਿਰ ਰਾਮ ਦੇਈ ਅਤੇ ਇਸ ਤੋਂ ਬਾਅਦ ਦੂਜਾ ਨੌਜਵਾਨ ਮੋਟਰ ਵਿੱਚ ਵੜ ਗਏ। ਸਾਡੇ ਵੇਖਦੇ-ਵੇਖਦੇ ਮੋਟਰ ਚੱਲੀ ਅਤੇ ਨਜ਼ਰਾਂ ਤੋਂ ਓਝਲ ਹੋ ਗਈ ਅਤੇ ਅਸੀਂ ਅੱਖਾਂ ਝਪਕਦੇ ਰਹਿ ਗਏ।
“ਸ਼ੈਤਾਨ, ਮਰਦੂਦ!” ਕਾਲੂ ਨੇ ਬੜੀ ਬੇਚੈਨੀ ਨਾਲ਼ ਇਹ ਦੋ ਲਫ਼ਜ਼ ਕਹੇ।
ਇੰਨੇ ਵਿੱਚ ਪੰਡਤ ਆ ਗਿਆ ਅਤੇ ਸਾਨੂੰ ਬੇਚੈਨ ਵੇਖ ਕੇ ਇੱਕ ਮਸਨੂਈ ਆਵਾਜ਼ ਵਿੱਚ ਕਹਿਣ ਲੱਗਾ, “ਮੈਂ ਉਨ੍ਹਾਂ ਤੋਂ ਦਰਿਆਫ਼ਤ ਕੀਤੀ ਹੈ, ਕੋਈ ਗੱਲ ਨਹੀਂ। ਉਹ ਕੁੜੀ ਨੂੰ ਜ਼ਰਾ ਮੋਟਰ ਦੀ ਸੈਰ ਕਰਾਉਣਾ ਚਾਹੁੰਦੇ ਸਨ। ਇੰਸਪੈਕਟਰ ਸਾਹਿਬ ਦੇ ਮਹਿਮਾਨ ਹਨ ਅਤੇ ਡਾਕ ਬੰਗਲੇ ਵਿੱਚ ਠਹਿਰੇ ਹੋਏ ਹਨ। ਥੋੜ੍ਹੀ ਦੂਰ ਲੈ ਜਾ ਕੇ ਉਸਨੂੰ ਛੱਡ ਦੇਣਗੇ... ਅਮੀਰ ਆਦਮੀ ਨੇ। ਉਨ੍ਹਾਂ ਦੇ ਸ਼ੁਗ਼ਲ ਤਾਂ ਇਸ ਕਿਸਮ ਦੇ ਹੀ ਹੁੰਦੇ ਹਨ।”
ਇਹ ਕਹਿ ਕੇ ਪੰਡਤ ਚਲਾ ਗਿਆ।
ਅਸੀਂ ਦੇਰ ਤੱਕ, ਖ਼ੁਦਾ ਜਾਣੇ, ਕਿਹੜੀਆਂ ਗਹਿਰਾਈਆਂ ਵਿੱਚ ਗਰਕ ਰਹੇ ਕਿ ਅਚਾਨਕ ਫ਼ਜ਼ਲ ਦੀ ਆਵਾਜ਼ ਨੇ ਸਾਨੂੰ ਚੌਂਕਾ ਦਿੱਤਾ। ਦੋ ਵਾਰ ਜ਼ੋਰ ਨਾਲ਼ ਥੁੱਕ ਕੇ ਉਸਨੇ ਆਪਣੇ ਹੱਥਾਂ ਨੂੰ ਗਿੱਲਾ ਕੀਤਾ ਅਤੇ ਬੇਲਚੇ ਨੂੰ ਬਜਰੀ ਦੇ ਢੇਰ ਵਿੱਚ ਗੱਡਦੇ ਹੋਏ ਕਿਹਾ, “ਜੇਕਰ ਅਮੀਰ ਬੰਦਿਆਂ ਦੇ ਇਹੀ ਸ਼ੁਗ਼ਲ ਹਨ ਤਾਂ ਅਸਾਂ ਗ਼ਰੀਬਾਂ ਦੀਆਂ ਬਹੂ-ਬੇਟੀਆਂ ਦਾ ਅੱਲ੍ਹਾ ਸੰਗੀ ਹੈ!”
28 / ਮੰਟੋ ਦੇ ਅਫ਼ਸਾਨੇ