ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/29

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਫਾਹਾ

ਗੋਪਾਲ ਦੇ ਪੱਟ ਉੱਤੇ ਜਦੋਂ ਇਹ ਵੱਡਾ ਫੋੜਾ ਨਿਕਲਿਆ ਤਾਂ ਉਸਦੇ ਹੋਸ਼ ਉੱਡ ਗਏ।

ਗਰਮੀਆਂ ਦਾ ਮੌਸਮ ਸੀ। ਅੰਬ ਖ਼ੂਬ ਹੋਏ ਸਨ। ਬਾਜ਼ਾਰਾਂ ਵਿੱਚ, ਗਲ਼ੀਆਂ ਵਿੱਚ, ਦੁਕਾਨਦਾਰਾਂ ਦੇ ਕੋਲ਼, ਫੇਰੀ ਵਾਲਿਆਂ ਦੇ ਕੋਲ਼, ਜਿੱਧਰ ਵੇਖੋ, ਅੰਬ ਹੀ ਅੰਬ ਨਜ਼ਰ ਆਉਂਦੇ। ਲਾਲ, ਪੀਲੇ, ਹਰੇ, ਰੰਗ ਰੰਗ ਦੇ... ਸਬਜ਼ੀ ਮੰਡੀ ਵਿੱਚ ਥੋਕ ਦੇ ਹਿਸਾਬ ਨਾਲ਼ ਹਰ ਕਿਸਮ ਦੇ ਅੰਬ ਆਉਂਦੇ ਸਨ ਅਤੇ ਨਿਹਾਇਤ ਸਸਤੇ ਭਾਅ ਵਿਕ ਰਹੇ ਸਨ। ਇਵੇਂ ਸਮਝੋ ਕਿ ਪਿਛਲੇ ਸਾਲ ਦੀ ਕਸਰ ਪੂਰੀ ਹੋ ਰਹੀ ਸੀ।

ਸਕੂਲ ਦੇ ਬਾਹਰ ਛੋਟੂ ਰਾਮ ਫਲਾਂ ਵਾਲੇ ਤੋਂ ਗੋਪਾਲ ਨੇ ਇੱਕ ਦਿਨ ਖੂਬ ਰੱਜ ਕੇ ਅੰਬ ਖਾਧੇ ਅਤੇ ਜੇਬ ਵਿੱਚੋਂ ਇੱਕ ਮਹੀਨੇ ਦੇ ਬਚਾਏ ਹੋਏ ਪੈਸੇ ਸਨ, ਸਭ ਦੇ ਸਭ ਉਨ੍ਹਾਂ ਅੰਬਾਂ ਉੱਤੇ ਖਰਚ ਕਰ ਦਿੱਤੇ, ਜਿਨ੍ਹਾਂ ਦੇ ਗੁੱਦੇ ਅਤੇ ਰਸ ਵਿੱਚ ਸ਼ਹਿਦ ਘੁਲ਼ਿਆ ਹੋਇਆ ਸੀ।

ਉਸ ਦਿਨ ਛੁੱਟੀ ਵੇਲ਼ੇ ਅੰਬ ਖਾਣ ਤੋਂ ਬਾਅਦ ਉਂਗਲੀਆਂ ਚੱਟਦੇ ਹੋਏ ਗੋਪਾਲ ਨੂੰ ਸਕੂਲ ਦੇ ਹਲਵਾਈ ਕੋਲ਼ੋਂ ਦੁੱਧ ਦੀ ਲੱਸੀ ਪੀਣ ਦਾ ਖ਼ਿਆਲ ਆਇਆ ਸੀ ਅਤੇ ਇਸ ਖ਼ਿਆਲ ਨੂੰ ਅਮਲੀ ਜਾਮਾ ਪੁਆਉਣ ਦੀ ਖ਼ਾਤਰ ਉਸਨੇ ਗੰਡਾ ਰਾਮ ਹਲਵਾਈ ਤੋਂ ਪਾਈਆ ਕੁ ਦਹੀਂ ਦੀ ਲੱਸੀ ਬਣਾਉਣ ਨੂੰ ਕਿਹਾ ਵੀ ਸੀ। ਪਰ ਹਲਵਾਈ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ, “ਬਾਬੂ ਗੋਪਾਲ, ਪਹਿਲਾ ਹਿਸਾਬ ਚੁਕਾ ਦਿਓ ਤਾਂ ਹੋਰ ਉਧਾਰ ਦੇਵਾਂਗਾ, ਵਰਨਾ ਨਹੀਂ।"

ਗੋਪਾਲ ਨੇ ਜੇਕਰ ਅੰਬ ਨਾ ਖਾਧੇ ਹੁੰਦੇ, ਜਾਂ ਜੇਕਰ ਉਸਦੀ ਜੇਬ ਵਿੱਚ ਥੋੜ੍ਹੇ ਬਹੁਤ ਪੈਸੇ ਹੁੰਦੇ, ਤਾਂ ਉਹ ਉਥੇ ਹੀ ਖੜ੍ਹੇ ਖੜ੍ਹੇ ਗੰਡਾ ਰਾਮ ਦਾ ਹਿਸਾਬ ਚੁਕਾ ਦਿੰਦਾ। ਹੋਰ ਕੁਝ ਨਹੀਂ ਤਾਂ ਨਕਦ ਪੈਸੇ ਦੇ ਕੇ ਲੱਸੀ ਦਾ ਉਹ ਗਲਾਸ ਲੈ ਲੈਂਦਾ ਜਿਸ ਵਿੱਚ ਬਰਫ਼ ਦਾ ਟੁਕੜਾ ਡੁਬਕੀਆਂ ਲਾ ਰਿਹਾ ਸੀ ਅਤੇ ਜਿਸ ਨੂੰ ਹਲਵਾਈ ਨੇ ਬੁਰਾ ਜਿਹਾ ਮੂੰਹ ਬਣਾ ਕੇ ਆਪਣੇ ਪਿੱਛੇ ਲੋਹੇ ਦੇ ਥਾਲ ਉੱਤੇ ਰੱਖ ਦਿੱਤਾ ਸੀ। ਪਰ ਗੋਪਾਲ ਕੁਝ ਵੀ ਨਾ ਕਰ ਸਕਿਆ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਚੌਥੇ ਰੋਜ਼ ਉਸ ਦੇ ਪੱਟ ਉੱਤੇ ਇਹ ਵੱਡਾ ਫੋੜਾ ਨਿਕਲ ਆਇਆ ਅਤੇ ਤਿੰਨ ਚਾਰ ਦਿਨਾਂ ਤੱਕ ਉਭਰਦਾ ਰਿਹਾ।

ਗੋਪਾਲ ਦੇ ਹੋਸ਼ ਉੱਡ ਗਏ। ਉਸਦੀ ਸਮਝ ਵਿੱਚ ਨਹੀਂ ਸੀ ਆਉਂਦਾ ਕਿ ਕੀ ਕਰੇ। ਉਹ ਫੋੜੇ ਤੋਂ ਇੰਨਾ ਪਰੇਸ਼ਾਨ ਨਹੀਂ ਸੀ ਜਿੰਨਾ ਉਸਦੇ ਦਰਦ ਨਾਲ਼... ਅਤੇ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਫੋੜਾ ਦਿਨ-ਬਦਿਨ ਲਾਲ ਹੁੰਦਾ ਜਾ ਰਿਹਾ ਸੀ ਅਤੇ ਉਸਦੇ

29 / ਮੰਟੋ ਦੇ ਅਫ਼ਸਾਨੇ