ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/33

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੋਏ ਜਵਾਬ ਦਿੱਤਾ। ਨਿਰਮਲਾ ਨੇ ਹੈਰਾਨੀ ਨਾਲ਼ ਕਿਹਾ, “ਸੱਚ?”

“ਅਜੇ ਤਾਂ ਕੁਝ ਲਾਲ ਨਹੀਂ ਹੈ, ਜੋ ਫੋੜਾ ਮੈਂ ਚਿਰੰਜੀ ਦੇ ਮੂੰਹ ਉੱਤੇ ਵੇਖਿਆ ਹੈ ਉਹ ਇਸ ਤੋਂ ਕਿਤੇ ਜ਼ਿਆਦਾ ਵੱਡਾ ਅਤੇ ਲਾਲ ਸੀ।” ਗੋਪਾਲ ਨੇ ਫੋੜੇ ਉੱਤੇ ਦੋ ਉਂਗਲੀਆਂ ਫੇਰੀਆਂ।

“ਤਾਂ ਅਜੇ ਹੋਰ ਵਧੇਗਾ?” ਨਿਰਮਲਾ ਅੱਗੇ ਸਰਕ ਆਈ।

“ਕੀ ਪਤਾ ਹੈ ... ਅਜੇ ਤਾਂ ਹੋਰ ਵਧਦਾ ਚਲਾ ਜਾ ਰਿਹਾ ਹੈ।” ਗੋਪਾਲ ਨੇ ਜੇਬ ਵਿੱਚੋਂ ਮੱਲ੍ਹਮ ਦੀ ਬੱਤੀ ਕੱਢ ਕੇ ਕਿਹਾ।

ਨਿਰਮਲਾ ਸਹਿਮ ਜਿਹੀ ਗਈ, “ਇਸ ਮੱਲ੍ਹਮ ਨਾਲ਼ ਤਾਂ ਆਰਾਮ ਆ ਜਾਵੇਗਾ ਨਾ?”

ਗੋਪਾਲ ਨੇ ਬੱਤੀ ਦੇ ਇੱਕ ਸਿਰੇ ਤੋਂ ਕਾਗ਼ਜ਼ ਦੀ ਤਹਿ ਜੁਦਾ ਕੀਤੀ ਅਤੇ ਹਾਂ ਵਿੱਚ ਸਿਰ ਹਿਲਾ ਦਿੱਤਾ, “ਇਸ ਦਾ ਫੇਹਾ ਲਾਉਣ ਨਾਲ਼ ਹੀ ਫਟ ਜਾਵੇਗਾ।”

“ਫਟ ਜਾਵੇਗਾ।” ਨਿਰਮਲਾ ਨੂੰ ਅਜਿਹਾ ਲੱਗਿਆ ਕਿ ਉਸਦੇ ਕੰਨ ਦੇ ਕੋਲ਼ ਰਬੜ ਦਾ ਫ਼ਲੂਸ ਫਟ ਗਿਆ ਹੈ। ਉਸਦਾ ਦਿਲ ਧੱਕ ਜਿਹਾ ਰਹਿ ਗਿਆ।

“ਅਤੇ ਉਸਦੇ ਅੰਦਰ ਜੋ ਕੁਝ ਹੈ ਫੁੱਟ ਵਗੇਗਾ!” ਗੋਪਾਲ ਨੇ ਮੱਲ੍ਹਮ ਨੂੰ ਉਂਗਲ ਉੱਤੇ ਚੁੱਕਦੇ ਹੋਏ ਕਿਹਾ।

ਨਿਰਮਲਾ ਦਾ ਗੁਲਾਬੀ ਰੰਗ ਹੁਣ ਬੰਬਈ ਦੀ ਮਲ੍ਹਮ ਵਾਂਗ ਪੀਲਾ ਪੈ ਗਿਆ ਸੀ, ਉਸਨੇ ਧੜਕਦੇ ਹੋਏ ਦਿਲੋਂ ਪੁੱਛਿਆ, “ਪਰ ਇਹ ਫੋੜੇ ਕਿਉਂ ਨਿਕਲਦੇ ਹਨ ਭਾਈ?"

“ਗਰਮ ਚੀਜ਼ਾਂ ਖਾਣ ਨਾਲ਼!” ਗੋਪਾਲ ਨੇ ਇੱਕ ਮਾਹਰ ਵੈਦ ਵਰਗੇ ਅੰਦਾਜ਼ ਵਿੱਚ ਜਵਾਬ ਦਿੱਤਾ।

ਨਿਰਮਲਾ ਨੂੰ ਉਹ ਦੋ ਆਂਡੇ ਯਾਦ ਆ ਗਏ, ਜੋ ਉਸਨੇ ਦੋ ਮਹੀਨਾ ਪਹਿਲਾਂ ਖਾਧੇ ਸਨ। ਉਹ ਕੁਝ ਸੋਚਣ ਲੱਗੀ।

ਗੋਪਾਲ ਅਤੇ ਨਿਰਮਲਾ ਦੇ ਦਰਮਿਆਨ ਕੁਝ ਹੋਰ ਗੱਲਾਂ ਹੋਈਆਂ। ਇਸ ਤੋਂ ਬਾਅਦ ਉਹ ਅਸਲੀ ਕੰਮ ਵੱਲ ਰੁਚਿਤ ਹੋਏ। ਨਿਰਮਲਾ ਨੇ ਲੱਠੇ ਦਾ ਇੱਕ ਗੋਲ਼ ਫੇਹਾ ਕੱਟਿਆ, ਬੜੀ ਨਫ਼ਾਸਤ ਨਾਲ਼। ਇਹ ਰੁਪਏ ਦੇ ਬਰਾਬਰ ਸੀ ਅਤੇ ਉਸਦੀ ਗੋਲਾਈ ਵਿੱਚ ਮਜਾਲ ਹੈ ਜ਼ਰਾ ਜਿੰਨਾ ਨੁਕਸ ਵੀ ਹੋਵੇ, ਉਸੀ ਤਰ੍ਹਾਂ ਗੋਲ਼ ਸੀ ਜਿਸ ਤਰ੍ਹਾਂ ਨਿਰਮਲਾ ਦੀ ਮਾਂ ਦੇ ਹੱਥ ਦੀ ਬਣੀ ਹੋਈ ਰੋਟੀ ਗੋਲ਼ ਹੁੰਦੀ ਸੀ।

ਗੋਪਾਲ ਨੇ ਉਸ ਫੇਹੇ ਉੱਤੇ ਥੋੜ੍ਹੀ ਜਿਹੀ ਮੱਲ੍ਹਮ ਲਾ ਦਿੱਤੀ ਅਤੇ ਉਸਨੂੰ ਚੰਗੀ ਤਰ੍ਹਾਂ ਫੈਲਾਉਣ ਦੇ ਬਾਅਦ ਫੋੜੇ ਵੱਲ ਗ਼ੌਰ ਨਾਲ਼ ਵੇਖਿਆ। ਨਿਰਮਲਾ ਗੋਪਾਲ ਦੇ ਉੱਪਰ ਝੁਕੀ ਹੋਈ ਸੀ ਅਤੇ ਗੋਪਾਲ ਦੀ ਹਰ ਹਰਕਤ ਨੂੰ ਬੜੀ ਦਿਲਚਸਪੀ ਨਾਲ਼ ਵੇਖ ਰਹੀ ਸੀ। ਗੋਪਾਲ ਨੇ ਜਦੋਂ ਫਾਹਾ ਆਪਣੇ ਫੋੜੇ ਦੇ ਉੱਤੇ ਰੱਖ ਦਿੱਤਾ ਤਾਂ ਉਹ ਕੰਬ ਗਈ ਜਿਵੇਂ ਉਸਦੇ ਬਦਨ ਉੱਤੇ ਕਿਸੇ ਨੇ ਬਰਫ ਦਾ ਟੁਕੜਾ ਰੱਖ ਦਿੱਤਾ ਹੋਵੇ।

“ਹੁਣ ਆਰਾਮ ਆ ਜਾਵੇਗਾ ਨਾ?” ਨਿਰਮਲਾ ਨੇ ਅਰਧ-ਸਵਾਲੀਆ ਅੰਦਾਜ਼

33 / ਮੰਟੋ ਦੇ ਅਫ਼ਸਾਨੇ