ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/45

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਝੇਂਪ ਜਿਹਾ ਗਿਆ। ਖਾਮੋਸ਼ੀ ਹੀ ਖਾਮੋਸ਼ੀ ਵਿੱਚ ਉਹ ਸਾਨੂੰ ਕਹਿ ਗਿਆ ਸੀ, ਤੁਹਾਨੂੰ ਜਵਾਨਾਂ ਨੂੰ ਸ਼ਰਾਬ ਪੀ ਕੇ ਇਹ ਕੀ ਹੋ ਜਾਂਦਾ ਹੈ?

ਫ਼ਖ਼ਰ ਨੇ ਦੁਬਾਰਾ ਉਸ ਨੂੰ ਕਿਹਾ: “ਅਸੀਂ ਸੈਰ ਕਰਨਾ ਚਾਹੁੰਦੇ ਹਾਂ.. ਚੱਲੋਗੇ?" ਫਿਰ ਤਾਂ ਸੱਚਮੁੱਚ ਉਸਨੂੰ ਕੁਝ ਖ਼ਿਆਲ ਆਇਆ ਅਤੇ ਆਪਣਾ ਮਤਲਬ ਹੋਰ ਜ਼ਿਆਦਾ ਸਪਸ਼ਟ ਕਰ ਦਿੱਤਾ। “ਕੋਈ ਮਾਲ-ਵਾਲ਼ ਹੈ ਤੁਹਾਡੀ ਨਜ਼ਰ ਵਿੱਚ?"

ਮਸਊਦ ਅਤੇ ਮੈਂ ਦੋਵੇਂ ਇੱਕ ਪਾਸੇ ਖਿਸਕ ਗਏ। ਮਸਊਦ ਨੇ ਘਬਰਾ ਕੇ ਮੈਨੂੰ ਕਿਹਾ। “ਇਹ ਫ਼ਖ਼ਰ ਕੈਸਾ ਆਦਮੀ ਹੈ ਇਸਨੂੰ ਕੁਝ ਸਮਝਾਓ।” ਮਸਊਦ ਨੂੰ ਮੈਂ ਕੁਝ ਕਹਿਣ ਹੀ ਵਾਲ਼ਾ ਸੀ ਕਿ ਫ਼ਖ਼ਰ ਨੇ ਆਵਾਜ਼ ਦਿੱਤੀ। “ਆਓ ਭਈ ਆਓ... ਬੈਠੋ ਤਾਂਗੇ ਵਿੱਚ।” ਅਸੀਂ ਤਿੰਨੇ ਤਾਂਗੇ ਵਿੱਚ ਬੈਠ ਗਏ। ਮੈਨੂੰ ਅਗਲੀ ਸੀਟ ਉੱਤੇ ਜਗ੍ਹਾ ਮਿਲੀ।

ਦਸੰਬਰ ਦੇ ਆਖ਼ਰੀ ਦਿਨ ਸਨ। ਵਕਤ ਰਾਤ ਦੇ ਅੱਠ ਵੱਜ ਚੁੱਕੇ ਸਨ। ਵਿਸਕੀ ਪੀਣ ਦੇ ਬਾਵਜੂਦ ਸਾਨੂੰ ਸਰਦੀ ਮਹਿਸੂਸ ਹੋ ਰਹੀ ਸੀ। ਮੈਂ ਕਿਉਂਜੋ ਅਗਲੀ ਸੀਟ ਉੱਤੇ ਸੀ ਅਤੇ ਤਿੰਨਾਂ ਵਿੱਚੋਂ ਸਭ ਤੋਂ ਕਮਜ਼ੋਰ ਸੀ; ਇਸ ਲਈ ਮੇਰੇ ਕੰਨ ਸੁੰਨ ਹੋ ਰਹੇ ਸਨ। ਜਦੋਂ ਤਾਂਗਾ ਡਫਰਿਨ ਬ੍ਰਿਜ ਤੋਂ ਹੇਠਾਂ ਉੱਤਰਿਆ ਤਾਂ ਮੈਂ ਮਫ਼ਲਰ ਕੱਢ ਕੇ ਕੰਨਾਂ ਅਤੇ ਸਿਰ ਉੱਪਰ ਲਪੇਟ ਲਿਆ ਅਤੇ ਓਵਰਕੋਟ ਦਾ ਕਾਲਰ ਵੀ ਉੱਚਾ ਕਰ ਲਿਆ। ਸਾਹ ਘੋੜੇ ਦੀਆਂ ਨਾਸਾਂ ਵਿੱਚੋਂ ਭਾਫ਼ ਬਣ ਕੇ ਬਾਹਰ ਨਿਕਲ ਰਿਹਾ ਸੀ। ਅਸੀਂ ਤਿੰਨੋਂ ਖਾਮੋਸ਼ ਸਾਂ। ਤਾਂਗੇ ਵਾਲ਼ਾ ਮੋਟੇ ਅਤੇ ਖੁਰਦਰੇ ਕੰਬਲ ਵਿੱਚ ਲਿਪਟਿਆ ਖ਼ਾਮੋਸ਼ੀ ਨਾਲ਼ ਆਪਣਾ ਤਾਂਗਾ ਚਲਾ ਰਿਹਾ ਸੀ। ਮੈਂ ਉਸ ਵੱਲ ਗ਼ੌਰ ਨਾਲ਼ ਵੇਖਿਆ। ਗੰਭੀਰਤਾ ਉਸ ਦੇ ਚਿਹਰੇ ਉੱਤੇ ਠਿਠੁਰ ਜਿਹੀ ਰਹੀ ਸੀ, ਜੋ ਮੈਨੂੰ ਬਹੁਤ ਬੁਰੀ ਲੱਗੀ। ਇਸ ਲਈ ਮੈਂ ਫ਼ਖਰ ਨੂੰ ਕਿਹਾ। “ਫ਼ਖ਼ਰ ਇਹ ਆਦਮੀ ਕਿਵੇਂ ਹੈ... ਕੋਈ ਗੱਲ ਹੀ ਨਹੀਂ ਕਰਦਾ। ਅਜਿਹਾ ਲੱਗਦਾ ਹੈ ਕਾਸਟਰ ਆਇਲ ਪੀ ਕੇ ਬੈਠਾ ਹੈ।”

ਤਾਂਗੇ ਵਾਲ਼ਾ ਮੇਰੇ ਇਸ ਰਿਮਾਰਕ ਉੱਤੇ ਵੀ ਖਾਮੋਸ਼ ਰਿਹਾ। ਫ਼ਖ਼ਰ ਨੇ ਕਿਹਾ, “ਜ਼ਿਆਦਾ ਗੱਲਾਂ ਕਰਨ ਵਾਲ਼ੇ ਆਦਮੀ ਠੀਕ ਨਹੀਂ ਹੁੰਦੇ। ਸਾਡਾ ਮਤਲਬ ਸਮਝ ਗਿਆ ਹੈ। ਲੈ ਚੱਲੇਗਾ। ਜਿੱਥੇ ਚੰਗੀ ਚੀਜ਼ ਹੋਈ।”

ਮਸਊਦ ਸਿਗਰਟ ਸੁਲਘਾ ਰਿਹਾ ਸੀ। ਇੱਕਦਮ ਬੋਲਿਆ। “ਸੱਚਮੁੱਚ ਔਰਤ ਕਿੰਨੀ ਚੰਗੀ ਚੀਜ਼ ਹੈ... ਔਰਤ ‘ਔਰਤ’ ਘੱਟ ਹੈ ‘ਚੀਜ਼' ਜ਼ਿਆਦਾ ਹੈ।” ਮੈਂ ਉਸ ਨੂੰ ਜ਼ਰਾ ਖੂਬਸੂਰਤ ਬਣਾ ਕੇ ਕਿਹਾ।

“ਮਸਊਦ ਚੀਜ਼ ਨਹੀਂ... ‘ਚੀਜ਼ੀ’ ਸੀ।”

ਸ਼ਾਇਰ ਆਦਮੀ ਸੀ, ਭੜਕ ਉੱਠਿਆ। “ਸੱਚਮੁੱਚ ਕੀ ਗੱਲ ਕੀਤੀ ਹੈ। ਚੀਜ਼ ਨਹੀਂ ‘ਚੀਜ਼ੀ ... ਸੋ ਮੀਆਂ ਤਾਂਗੇ ਵਾਲ਼ੇ ਚੀਜ਼ ਅਤੇ ‘ਚੀਜ਼ੀ ਵਿੱਚ ਜੋ ਫ਼ਰਕ ਹੈ, ਇਸ ਦਾ ਧਿਆਨ ਰੱਖਣਾ।" ਤਾਂਗੇ ਵਾਲ਼ਾ ਖ਼ਾਮੋਸ਼ ਰਿਹਾ।

ਹੁਣ ਮੈਂ ਉਸ ਵੱਲ ਜ਼ਿਆਦਾ ਗ਼ੌਰ ਨਾਲ਼ ਵੇਖਿਆ। ਮਜ਼ਬੂਤ ਜਿਸਮ ਦਾ ਆਦਮੀ ਸੀ। ਉਮਰ ਪੈਂਤੀ ਸਾਲ ਦੇ ਕਰੀਬ ਹੋਵੇਗੀ। ਪਤਲੀਆਂ ਪਤਲੀਆਂ ਮੁੱਛਾਂ ਸਨ ਜਿਨ੍ਹਾਂ ਦੇ ਵਾਲ਼ ਹੇਠਾਂ ਨੂੰ ਝੁਕੇ ਹੋਏ ਸਨ। ਸਰਦੀ ਦੇ ਕਾਰਨ ਕਿਉਂਜੋ ਉਸ ਨੇ ਕੰਬਲ ਦਾ ਝੁੰਬ ਜਿਹਾ ਬਣਾ

45 / ਮੰਟੋ ਦੇ ਅਫ਼ਸਾਨੇ