ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/51

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੇਜ਼ੀ ਨਾਲ਼ ਚੱਲੀ ਹੋਈ ਗੱਡੀ ਹੈ, ਜੋ ਹੁਣ ਇੱਕਦਮ ਰੁਕ ਗਈ ਹੈ। ਇਨ੍ਹਾਂ ਪਹੀਆਂ ਵਿੱਚ ਬ੍ਰੇਕ ਲੱਗ ਗਏ ਹਨ ਅਤੇ ਉਥੇ ਹੀ ਖੜ੍ਹੇ ਖੜ੍ਹੇ ਉਸ ਦਾ ਰੰਗ ਅਤੇ ਰੋਗ਼ਨ ਧੁੱਪ ਅਤੇ ਮੀਂਹ ਵਿੱਚ ਉੱਡ ਗਿਆ ਹੈ। ਇਸ ਉਮਰ ਵਿੱਚ ਭੱਦੀ ਤੋਂ ਭੱਦੀ ਕੁੜੀ ਦੇ ਜਿਸਮ ਉੱਤੇ ਜੋ ਇੱਕ ਕਿਸਮ ਦੀ ਸ਼ੋਖ਼ ਖਿੱਚ ਹੁੰਦੀ ਹੈ ਉਸ ਵਿੱਚ ਬਿਲਕੁਲ ਨਹੀਂ ਸੀ। ਕੱਪੜਿਆਂ ਦੇ ਬਾਵਜੂਦ ਉਹ ਨੰਗੀ ਵਿਖਾਈ ਦਿੰਦੀ ਸੀ। ਬਹੁਤ ਹੀ ਬੇਹੂਦਾ ਅਤੇ ਨਾਵਾਜਬ ਤਰੀਕੇ ਨਾਲ਼ ਨੰਗੀ... ਉਸ ਦੇ ਜਿਸਮ ਦਾ ਹੇਠਲਾ ਹਿੱਸਾ ਬੇਸ਼ੱਕ ਗ਼ੈਰ-ਜ਼ਨਾਨਾ ਸੀ।

ਮੈਂ ਉਸ ਨੂੰ ਕੁਝ ਕਹਿਣ ਹੀ ਵਾਲ਼ਾ ਸੀ ਕਿ ਉਸ ਦੇ ਪਿੱਛਿਓਂ ਇੱਕ ਬੁੱਢਾ ਆ ਖੜ੍ਹਾ ਹੋਇਆ। ਬਿਲਕੁਲ ਸਫ਼ੈਦ ਦਾੜ੍ਹੀ। ਸਿਰ ਕਮਜ਼ੋਰੀ ਦੇ ਕਾਰਨ ਹਿੱਲ ਰਿਹਾ ਸੀ। ਕੁੜੀ ਨੇ ਦਿਹਾਤੀ ਜ਼ਬਾਨ ਵਿੱਚ ਉਸ ਨੂੰ ਕੁਝ ਕਿਹਾ। ਜਿਸ ਦਾ ਮਤਲਬ ਮੈਂ ਸਿਰਫ਼ ਏਨਾ ਸਮਝਿਆ ਕਿ ਉਹ ਬੁੱਢਾ ਉਸ ਦਾ ਨਾਨਾ ਹੈ। ਅਸੀਂ ਤਿੰਨੋਂ ਸਹੀ ਮਾਅਨਿਆਂ ਵਿੱਚ ਉੱਠ ਭੱਜੇ। ਹੇਠਾਂ ਬਾਜ਼ਾਰ ਵਿੱਚ ਪੁੱਜੇ ਤਾਂ ਸਾਡੀ ਉਦਾਸੀ ਕੁਝ ਦੂਰ ਹੋਈ। ਬੁੱਢੇ ਅਤੇ ਕੁੜੀ ਨੂੰ ਵੇਖ ਕੇ ਸਾਡੇ ਸੁਹਜਾਤਮਿਕ ਸ਼ੌਕ ਨੂੰ ਬਹੁਤ ਹੀ ਤੇਜ਼ ਸਦਮਾ ਪੁੱਜਾ ਸੀ। ਦੇਰ ਤੱਕ ਅਸੀਂ ਚੁੱਪ-ਚਾਪ ਰਹੇ।

ਫ਼ਖ਼ਰ ਟਹਿਲਦਾ ਰਿਹਾ। ਮਸਊਦ ਇੱਕ ਕੋਨੇ ਵਿੱਚ ਪੇਸ਼ਾਬ ਕਰਨ ਲਈ ਬੈਠ ਗਿਆ। ਮੈਂ ਓਵਰਕੋਟ ਦੀਆਂ ਜੇਬਾਂ ਵਿੱਚ ਹੱਥ ਪਾਈ ਉੱਪਰ ਅਸਮਾਨ ਵੱਲ ਵੇਖਦਾ ਰਿਹਾ। ਜਿੱਥੇ ਨਾ-ਮੁਕੰਮਲ ਚੰਨ ਬਿਲਕੁਲ ਉਸ ਜ਼ਰਦ ਵੇਸਵਾ ਲੌਂਡੀ ਵਾਂਗ ਜਿਸ ਦੇ ਜਿਸਮ ਦਾ ਹੇਠਲਾ ਹਿੱਸਾ ਬਿਨਾਂ ਸ਼ੱਕ ਗ਼ੈਰ-ਜ਼ਨਾਨਾ ਸੀ, ਬੱਦਲ ਦੇ ਇੱਕ ਬਹੁਤ ਵੱਡੇ ਟੁਕੜੇ ਦਾ ਦੁਪੱਟਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ... ... ਉਸ ਨਾਲ਼ ਕੁਝ ਦੂਰ ਛੋਟਾ ਸਫ਼ੈਦ ਟੁਕੜਾ ਉਸ ਦੇ ਨਾਨੇ ਦੇ ਕਮਜ਼ੋਰ ਸਿਰ ਦੀ ਤਰ੍ਹਾਂ ਕੰਬ ਰਿਹਾ ਸੀ... ...!

ਮੇਰੇ ਬਦਨ ਵਿੱਚ ਕੰਬਣੀ ਛਿੜ ਗਈ। ਅਸੀਂ ਸ਼ਾਇਦ ਦਸ ਬਾਰਾਂ ਮਿੰਟ ਤੱਕ ਬਾਜ਼ਾਰ ਵਿੱਚ ਖੜ੍ਹੇ ਰਹੇ। ਉਸ ਦੇ ਬਾਅਦ ਤਾਂਗੇ ਵਾਲ਼ਾ ਹੇਠਾਂ ਉੱਤਰਿਆ। ਫ਼ਖ਼ਰ ਦੇ ਕੋਲ਼ ਜਾ ਕੇ ਉਸ ਨੇ ਕਿਹਾ। “ਤੁਸੀਂ ਅੱਠ ਵਜੇ ਤਾਂਗਾ ਲਿਆ ਸੀ... ਹੁਣ ਗਿਆਰਾਂ ਵੱਜ ਚੁੱਕੇ ਹਨ। ਤਿੰਨ ਘੰਟਿਆਂ ਦੇ ਪੈਸੇ ਦੇ ਦਿਓ।” ਫ਼ਖ਼ਰ ਨੇ ਕੁਝ ਕਹੇ ਬਿਨਾਂ ਦੋ ਰੁਪਏ ਉਸ ਨੂੰ ਦੇ ਦਿੱਤੇ। ਰੁਪਏ ਲੈ ਕੇ ਉਹ ਮੁਸਕਰਾਇਆ “ਬਾਬੂ ਜੀ ਤੁਹਾਨੂੰ ਕੁਝ ਪਛਾਣ ਨਹੀਂ... ਅਜਿਹੀ ਕਰਾਰੀ ਲੌਂਡੀ ਤਾਂ ਸ਼ਹਿਰ ਭਰ ਵਿੱਚ ਨਹੀਂ ਮਿਲੇਗੀ ਤੁਹਾਨੂੰ... ਖ਼ੈਰ ਤੁਹਾਡੀ ਮਰਜ਼ੀ... ਤਾਂਗੇ ਵਿੱਚ ਬੈਠੋ, ਮੈਂ ਹੁਣੇ ਆਇਆ।

ਉਸ ਨੂੰ ਉੱਪਰ ਜਾਣ ਦੀ ਜ਼ਹਿਮਤ ਨਹੀਂ ਉਠਾਉਣੀ ਪਈ, ਕਿਉਂਕਿ ਸਫ਼ੈਦ ਵਾਲ਼ਾਂ ਵਾਲ਼ਾ ਬੁੱਢਾ ਉਸ ਦੇ ਪਿੱਛੇ ਪਿੱਛੇ ਚਲਾ ਆਇਆ ਸੀ ਅਤੇ ਮੋਰੀ ਦੇ ਕੋਲ਼ ਖੜ੍ਹਾ ਆਪਣਾ ਕਮਜ਼ੋਰ ਸਿਰ ਹਿਲਾ ਰਿਹਾ ਸੀ। ਉਸ ਨੂੰ ਦੋ ਰੁਪਏ ਦੇ ਕੇ ਜਦੋਂ ਟਾਂਗੇ ਵਾਲ਼ੇ ਨੇ ਵਾਗ਼ਾਂ ਫੜੀਆਂ ਤਾਂ ਉਸ ਦੀ ਗੰਭੀਰਤਾ ਗ਼ਾਇਬ ਸੀ। “ਚੱਲ ਪੁੱਤਰ!” ਕਹਿ ਕੇ ਉਸ ਨੇ ਆਪਣੀ ਭੱਦੀ ਪਰ ਖੁਸ਼ੀ ਭਰੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।

“ਸਾਵਨ ਦੇ ਨਜ਼ਾਰੇ ਹਨ... ਲਾਲਾ।”

51 / ਮੰਟੋ ਦੇ ਅਫ਼ਸਾਨੇ