ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/52

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ਼ਰਾਬੀ

“ਜਵਾਹਰਲਾਲ ਨਹਿਰੂ ਦੇ ਨਾਮ"

(“ਯਾਦ ਰੱਖੋ ਜਦੋਂ ਤੱਕ ਲੋਕ ਭੈਭੀਤ ਹਨ, ਦਲਦਲ ਵਿੱਚ ਬਰਚ ਦੇ ਦਰਖ਼ਤਾਂ ਦੀ ਤਰ੍ਹਾਂ ਗਲ਼ਦੇ ਸੜਦੇ ਰਹਿਣਗੇ। ਸਾਨੂੰ ਹਿੰਮਤ ਵਾਲ਼ੇ ਹੋਣਾ ਚਾਹੀਦਾ ਹੈ।”

-ਗੋਰਕੀ)

“ਕੰਮ ਖ਼ਤਮ ਹੋ ਚੁੱਕਿਆ ਹੈ। ਆਉ ਚੱਲੀਏ। ਪਰ ਬਈ ਮੀਂਹ ਪੈ ਰਿਹਾ ਹੈ। ਤਾਂਗਾ ਮੰਗਵਾ ਲੈਂਦੇ ਹਾਂ।”

ਰਾਤ ਦੇ ਅੱਠ ਵਜ ਚੁੱਕੇ ਸਨ। ਹਲੀਮ ਸਾਹਿਬ ਨੇ ਆਪਣੇ ਦਫ਼ਤਰ ਦੇ ਨੌਕਰ ਰਾਹੀਂ ਤਾਂਗਾ ਮੰਗਵਾਇਆ ਅਤੇ ਅਸੀਂ ਉਸ ਵਿੱਚ ਸਵਾਰ ਹੋ ਗਏ। ਪਿਸ਼ਾਵਰ ਦੇ ਬਾਜ਼ਾਰ ਮੇਰੇ ਲਈ ਬਿਲਕੁਲ ਨਵੇਂ ਸਨ। ਜੇਕਰ ਹਲੀਮ ਸਾਹਿਬ ਇੱਥੇ ਮੌਜੂਦ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਵੀ ਇੱਥੇ ਆਉਣ ਦਾ ਇਤਫ਼ਾਕ ਨਾ ਹੁੰਦਾ। ਮੈਂ ਪਿਸ਼ਾਵਰ ਵਿੱਚ ਪਹਿਲੀ ਵਾਰ ਆਇਆ ਸਾਂ। ਇਸ ਲਈ ਕੁਦਰਤੀ ਤੌਰ 'ਤੇ ਮੇਰੀਆਂ ਨਿਗਾਹਾਂ ਸੜਕ ਦੇ ਹਰ ਜ਼ਾਵੀਏ ਵੱਲ ਉਠ ਰਹੀਆਂ ਸਨ। ਮਕਾਨਾਂ ਦੀ ਬਣਾਵਟ ਅਤੇ ਦੁਕਾਨਾਂ ਦੀ ਸ਼ਕਲ-ਸੂਰਤ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਸੀ। ਫਿਰ ਵੀ ਫ਼ਿਜ਼ਾ ਕਿਸੇ ਹੱਦ ਤੱਕ ਓਪਰੀ ਓਪਰੀ ਸੀ।

ਸਾਡਾ ਤਾਂਗਾ ਭਿੰਨ ਭਿੰਨ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਇੱਕ ਖ਼ਾਮੋਸ਼ ਅਤੇ ਅਰਧ ਹਨੇਰੇ ਬਾਜ਼ਾਰ ਦੇ ਮੋੜ ਉੱਤੇ ਪਹੁੰਚ ਕੇ ਖੜ੍ਹਾ ਹੋ ਗਿਆ। ਮੈਂ ਪਿਛਲੀ ਸੀਟ ਉੱਤੇ ਬੈਠਾ ਸੀ, ਅਤੇ ਹਲੀਮ ਸਾਹਿਬ ਤਾਂਗੇ ਦਾ ਸੰਤੁਲਨ ਕਾਇਮ ਰੱਖਣ ਦੇ ਲਈ ਕੋਚਵਾਨ ਦੇ ਨਾਲ਼ ਬੈਠੇ ਸਨ। ਜਦੋਂ ਤਾਂਗਾ ਇੱਕ ਹਲਕੇ ਜਿਹੇ ਝਟਕੇ ਨਾਲ਼ ਰੁਕਿਆ ਤਾਂ ਮੈਂ ਮੁੜ ਕੇ ਹਲੀਮ ਸਾਹਿਬ ਵੱਲ ਵੇਖਿਆ। ਉਹ ਤਾਂਗੇ ਵਾਲੇ ਨੂੰ ਕਿਰਾਇਆ ਦੇ ਰਹੇ ਸਨ। ਮੈਂ ਤਾਂਗੇ ਤੋਂ ਉੱਤਰਨ ਲਈ ਆਪਣੀ ਟੋਪੀ ਉਠਾਉਂਦੇ ਹੋਏ ਉਨ੍ਹਾਂ ਨੂੰ ਪੁੱਛਿਆ,

“ਤੁਸੀਂ ਇਸੇ ਬਾਜ਼ਾਰ ਵਿੱਚ ਆਪਣੇ ਠਹਿਰਨ ਦਾ ਬੰਦੋਬਸਤ ਕੀਤਾ ਹੈ"

ਹਲੀਮ ਸਾਹਿਬ ਤਾਂਗੇ ਵਾਲ਼ੇ ਵੱਲ ਦੇਖ ਕੇ ਮੁਸਕਰਾਏ, “ਆਪ ਅੱਜ ਹੀ ਇੱਥੇ ਤਸ਼ਰੀਫ਼ ਲਿਆਏ ਹੋ”, ਫਿਰ ਮੈਨੂੰ ਮੁਖ਼ਾਤਿਬ ਹੋ ਕੇ ਕਿਹਾ, “ਚਲੋ ਬਈ ਚੱਲੀਏ।”

ਅਸੀਂ ਦੋਨੋਂ ਤਾਂਗੇ ਤੋਂ ਉੱਤਰ ਗਏ ਅਤੇ ਪੈਦਲ ਚੱਲਣਾ ਸ਼ੁਰੂ ਕੀਤਾ। ਮੀਂਹ ਤੇਜ਼ ਨਹੀਂ ਸੀ। ਨਿੱਕੀਆਂ ਨਿੱਕੀਆਂ ਕਣੀਆਂ ਸੜਕ ਦੇ ਪਤਲੇ ਚਿੱਕੜ 'ਤੇ ਡਿੱਗ ਕੇ ਇੱਕ ਹਲਕੀ ਜਿਹੀ ਗੁਣਗਣਾਹਟ ਪੈਦਾ ਕਰ ਰਹੀਆਂ ਸਨ। ਉਸ ਪਤਲੇ ਚਿੱਕੜ ਵਿੱਚ ਜੋ ਸੜਕ

52 / ਮੰਟੋ ਦੇ ਅਫ਼ਸਾਨੇ