ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/54

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੇ ਮੈਲ਼ੇ ਅਤੇ ਮੁੜ੍ਹਕੇ ਨਾਲ਼ ਭਿੱਜੇ ਮੱਥੇ ਦਾ ਮੰਜ਼ਰ ਪੇਸ਼ ਕਰਦੇ ਸਨ।

ਠੇਕੇ ਦੇ ਇੱਕ ਪਹਾੜੀ ਨੌਕਰ ਦੇ ਆਉਣ ਤੇ ਹਲੀਮ ਸਾਹਿਬ ਨੇ ਇੱਕ ਅਧੀਆ ਲਿਆਉਣ ਨੂੰ ਕਿਹਾ। ਉਸ ਨੂੰ ਕੁਝ ਹੋਰ ਹਦਾਇਤਾਂ ਦੇਣ ਬਾਅਦ ਉਹ ਮੈਨੂੰ ਮੁਖ਼ਾਤਿਬ ਹੋਏ:

“ਮੈਂ ਅਤੇ ਰਤਨ ਚੰਦ ਆਮ ਤੌਰ 'ਤੇ ਇੱਥੇ ਹੀ ਆਇਆ ਕਰਦੇ ਹਾਂ। ਸਾਡੀਆਂ ਬਹੁਤੀਆਂ ਸ਼ਾਮਾਂ ਇਸੇ ਛੱਤ ਦੇ ਹੇਠਾਂ ਬੀਤਦੀਆਂ ਹਨ।” ਫਿਰ ਮੁਸਕਰਾ ਕੇ ਕਿਹਾ, “ਕੀ ਇਹ ਜਗ੍ਹਾ ਤੈਨੂੰ ਪਸੰਦ ਹੈ।”

ਮੈਂ ਕਮਰੇ ਨੂੰ ਇੱਕ ਨਜ਼ਰ ਵੇਖਿਆ ਅਤੇ ਜਵਾਬ ਦਿੱਤਾ, “ਖ਼ਾਸੀ ਦਿਲਚਸਪ ਹੈ।"

“ਰਤਨ ਚੰਦ ਇਸ ਜਗ੍ਹਾ ਨੂੰ ‘ਚੀਨੀਆਂ ਦੇ ਗ਼ਾਰ’ ਨਾਮ ਨਾਲ਼ ਪੁਕਾਰਦਾ ਹੈ।” ਫਿਰ ਹਲੀਮ ਸਾਹਿਬ ਨੇ ਮੈਨੂੰ ਪੁੱਛਿਆ, “ਤੁਸੀਂ ਵੀ ਪੀਓਗੇ ਨਾ”

ਮੈਨੂੰ ਕੋਈ ਇਨਕਾਰ ਨਹੀਂ ਸੀ ਪਰ ਮੈਨੂੰ ਜੇਲ੍ਹ ਵਿੱਚੋਂ ਰਿਹਾ ਹੋਏ ਅਜੇ ਇੱਕ ਮਹੀਨਾ ਹੋਇਆ ਸੀ ਅਤੇ ਉਥੋਂ ਦੀ ਤਕਲੀਫ਼ਦੇਹ ਜ਼ਿੰਦਗੀ ਨੇ ਮੈਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ। ਇਸ ਲਈ ਸ਼ਰਾਬ ਮੇਰੇ ਲਈ ਹਾਨੀਕਾਰਕ ਸੀ।

“ਤੁਸੀਂ ਜਾਣਦੇ ਹੋ ਕਿ ਵੱਡੇ ਘਰ ਨੇ ਮੇਰੇ ਮਿਹਦੇ ਦੇ ਤਮਾਮ ਪੁਰਜੇ ਹਿਲਾ ਦਿੱਤੇ ਹਨ। ਮੇਰਾ ਖ਼ਿਆਲ ਹੈ ਕਿ ਅਜੇ ਕੁਝ ਦਿਨ ਮੈਨੂੰ ਪਰਹੇਜ਼ ਕਰਨਾ ਚਾਹੀਦਾ ਹੈ।”

ਹਲੀਮ ਸਾਹਿਬ ਨੇ ਮਜ਼ਾਕ ਦੇ ਲਹਿਜੇ ਵਿੱਚ ਕਿਹਾ, “ਆਹ” ਸਾਡੇ ਮਾਲਕਾਂ ਦੀਆਂ ਮਹਿਮਾਨ-ਨਵਾਜ਼ੀਆਂ! ਮੈਂ ਭੁੱਲ ਹੀ ਗਿਆ ਸੀ ਕਿ ਤੁਸੀਂ ਕੈਦੀ ਪਰਿੰਦੇ ਹੋ। ਅਸੀਂ ਇੱਕ-ਦੂਜੇ ਨੂੰ ਇੱਕ ਅਰਸੇ ਦੇ ਬਾਅਦ ਮਿਲ਼ ਰਹੇ ਹਾਂ। ਇਹ ਕਿਹੋ ਜਿਹਾ ਅਫ਼ਸੋਸਨਾਕ ਮਾਮਲਾ ਹੈ ਕਿ ਤੁਸੀਂ ਨਹੀਂ ਪੀਓਗੇ।”

ਰੱਬ ਜਾਣਦਾ ਹੈ ਕਿ ਮੈਂ ਇੱਕਦਮ ਉਦਾਸ ਕਿਉਂ ਹੋ ਗਿਆ। ਹਲ਼ਕ ਵਿੱਚ ਮੇਰੀ ਅਵਾਜ਼ ਘੁੱਟੀ ਗਈ। ਮੈਂ ਸਿਰਫ ਏਨਾ ਕਹਿ ਸਕਿਆ, “ਹਲੀਮ ਸਾਹਿਬ ਮੇਰਾ ਦਿਲ ਬੁੱਢਾ ਹੋ ਗਿਆ ਹੈ।”

ਉਹ ਮੇਰੇ ਅੰਦਰੂਨੀ ਜਜ਼ਬਾਤ ਨੂੰ ਸਮਝ ਗਏ ਅਤੇ ਹਮਦਰਦੀ ਭਰੇ ਲਹਿਜੇ ਵਿੱਚ ਕਹਿਣ ਲੱਗੇ, “ਪਰ ਕੀ ਹੋ ਸਕਦਾ ਹੈ ਮਜਬੂਰੀ ਹੈ”

"ਮਜਬੂਰੀ ਹੈ, ਵਾਕਈ ਮਜਬੂਰੀ ਹੈ,” ਮੈਂ ਇੱਕ ਠੰਡੀ ਆਹ ਭਰੀ। “ਕਾਸ਼ ਇਸ ਹਨੇਰੇ ਵਿੱਚ ਰੋਸ਼ਨੀ ਦੀ ਨਿੱਕੀ ਜਿਹੀ ਕਿਰਨ ਵੀ ਨਜ਼ਰ ਆ ਸਕਦੀ"

ਅਸੀਂ ਇਹ ਗੱਲਾਂ ਕਰ ਰਹੇ ਸਾਂ ਕਿ ਨੌਕਰ ਸ਼ਰਾਬ, ਸੋਢੇ ਦੀਆਂ ਦੋ ਬੋਤਲਾਂ ਗਲਾਸ ਅਤੇ ਮੱਛੀ ਲੈ ਕੇ ਆ ਗਿਆ ਅਤੇ ਸਭ ਕੁਝ ਫੱਟੇ ਤੇ ਰੱਖ ਕੇ ਹਲੀਮ ਸਾਹਿਬ ਨੂੰ ਕਹਿਣ ਲੱਗਿਆ, “ਕੀ ਸੋਢੇ ਦੀ ਬੋਤਲ ਖੋਲ੍ਹ ਦੇਵਾਂ।”

ਹਲੀਮ ਸਾਹਿਬ ਨੇ ਹਾਂ ਵਿੱਚ ਸਿਰ ਹਿਲਾਇਆ। ਇਸਲਈ ਨੌਕਰ ਸੋਢੇ ਦੀ ਇੱਕ ਬੋਤਲ ਆਪਣੇ ਅੰਗੂਠੇ ਨਾਲ਼ ਖੋਲ੍ਹ ਕੇ ਬਾਹਰ ਚਲਿਆ ਗਿਆ। ਮੈਂ ਸਿਗਰਟ ਸੁਲਘਾਈ ਅਤੇ ਕਮਰੇ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਸਾਥੋਂ ਕੁਝ ਹੀ ਫ਼ਾਸਲੇ ਉੱਤੇ ਇੱਕ ਟੁੱਟੀ ਹੋਈ ਮੇਜ਼ ਦੇ ਇਰਦ-ਗਿਰਦ ਚਾਰ ਆਦਮੀ ਜੋ ਸ਼ਕਲ-ਸੂਰਤ ਅਤੇ ਖ਼ਾਕੀ ਲਿਬਾਸ ਤੋਂ ਤਾਂਗੇ

54 / ਮੰਟੋ ਦੇ ਅਫ਼ਸਾਨੇ