ਸਾਡੀਆਂ ਚੌੜੀਆਂ ਛਾਤੀਆਂ ਵਿੱਚ ਖੌਫ਼ ਪੈਦਾ ਕਰਨਾ ਚਾਹੁੰਦੇ ਹਨ ਅਤੇ ਅਸੀਂ ਖੌਫ਼ਜ਼ਦਾ ਹੋ ਜਾਂਦੇ ਹਾਂ। ਇਹ ਕਿਸ ਦਾ ਕਸੂਰ ਹੈ ਉਹ ਲੋਕ ਜਿਨ੍ਹਾਂ ਦਾ ਖੂਨ ਸਰਮਾਏ ਅਤੇ ਹਵਸ ਨੇ ਖੁਸ਼ਕ ਕਰ ਦਿੱਤਾ ਹੁੰਦਾ ਹੈ। ਉਹ ਲੋਕ ਜੋ ਉਧਾਰ ਲਏ ਹੱਥਾਂ ਨਾਲ਼ ਕੰਮ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਡਰਾ ਲੈਂਦੇ ਹਨ ਜਿਨ੍ਹਾਂ ਦੀ ਜਵਾਨੀਆਂ ਵਿੱਚ ਬਗ਼ਾਵਤ ਦੇ ਸ਼ੋਲ੍ਹੇ ਹੁੰਦੇ ਹਨ... ਇਹ ਕਿਸ ਦਾ ਕਸੂਰ ਹੈ।”
ਮੈਂ ਜਵਾਬ ਦਿੱਤਾ, “ਕਸੂਰਵਾਰ ਹਰ ਹਾਲਤ ਵਿੱਚ ਓਹ ਲੋਕ ਹਨ ਜੋ ਸਾਡੀਆਂ ਗਰਦਨਾਂ 'ਤੇ ਜ਼ੁਲਮ ਦੀ ਤਲਵਾਰ ਲਈ ਖੜ੍ਹੇ ਰਹਿੰਦੇ ਹਨ। ਹਿੰਦੁਸਤਾਨ ਦੇ 35 ਕਰੋੜ ਬਾਸ਼ਿੰਦੇ ਆਪਣੀ ਖੋਹੀ ਹੋਈ ਅਜ਼ਾਦੀ ਪ੍ਰਾਪਤ ਕਰ ਲੈਂਦੇ ਜੇਕਰ ਜ਼ੁਲਮ ਦੇ ਕਰੜੇ ਹੱਥ ਨੇ ਉਨ੍ਹਾਂ ਦੀਆਂ ਗਰਦਨਾਂ ਨੂੰ ਨਾ ਦਬਾਇਆ ਹੁੰਦਾ। ਉਹ ਡਰਾਉਂਦੇ ਹਨ ਅਤੇ ਅਸੀਂ ਇਸ ਲਈ ਡਰ ਜਾਂਦੇ ਹਾਂ ਕਿ ਸਾਡੇ ਜਿਸਮ ਦਾ ਹਰ ਅੰਗ ਉਨ੍ਹਾਂ ਦੇ ਜ਼ੁਲਮ ਨਾਲ਼ ਲਕਵਾ-ਗ੍ਰਸਤ ਹੋ ਚੁੱਕਾ ਹੈ। ਅਸੀਂ ਉਨ੍ਹਾਂ ਤੋਂ ਡਰੇ ਹੋਏ ਹਾਂ। ਇਸਲਈ ਕਿ ਅੱਤਿਆਚਾਰ ਨੇ ਸਾਨੂੰ ਬੱਚਿਆਂ ਵਾਂਗ ਕਮਜ਼ੋਰ ਬਣਾ ਦਿੱਤਾ ਹੈ। ਤੁਹਾਡਾ ਨਜ਼ਰੀਆ ਮੰਨਣਯੋਗ ਨਹੀਂ ਹੋ ਸਕਦਾ।”
ਇਸ 'ਤੇ ਗੁੱਲ ਜ਼ਮਾਨ ਦੀਆਂ ਮੁੱਛਾਂ ਫੜਕੀਆਂ ਅਤੇ ਉਸਨੇ ਨੇ ਆਪਣੀ ਉਭਰੀ ਹੋਈ ਛਾਤੀ ਵੱਲ ਵੇਖਦੇ ਹੋਏ ਕਿਹਾ: “ਹੋ ਸਕਦਾ ਹੈ ਕਿ ਮੇਰਾ ਨਜ਼ਰੀਆ ਮੰਨਣਯੋਗ ਨਾ ਹੋਵੇ ਪਰ ਸਾਨੂੰ ਸੋਚਣਾ ਚਾਹੀਦਾ ਹੈ... ਇਸਤਬਦਾਦ, ਜੋਰ, ਜ਼ੁਲਮ ਇਹ ਇੱਕ ਬਹਾਨੇ ਦੇ ਤਿੰਨ ਨਾਮ ਹਨ ਜਿਸਨੂੰ ਕਮਜ਼ੋਰ ਲੋਕ ਆਪਣੀ ਇਰਤਿਆਸ਼ (ਕਾਂਬਾ ਲੱਗ ਜਾਣ ਦਾ ਰੋਗ) ਦੇ ਨਾਲ਼ ਜੋੜਦੇ ਹਨ। ਕਿੰਨੀ ਹਾਸੋਹੀਣੀ ਗ਼ਲਤੀ ਹੈ...। ਆਪਣੀਆਂ ਕਮਜ਼ੋਰੀਆਂ ਨੂੰ ਦੂਸਰਿਆਂ ਦੇ ਸਿਤਮ ਵਜੋਂ ਪੇਸ਼ ਕਰਨਾ ਕਿਥੋਂ ਦੀ ਦਾਨਿਸ਼ਮੰਦੀ ਹੈ... ਔਰਤਾਂ ਵਾਂਗ ਹੰਝੂ ਵਹਾਉਂਦਾ ਹੋਇਆ ਆਉਂਦਾ ਹੈ ਅਤੇ ਫਰਿਆਦ ਕਰਦਾ ਹੈ। ਫਲਾਂ ਸ਼ਖਸ ਨੇ ਮੇਰੇ ਘਰ ’ਤੇ ਕਬਜ਼ਾ ਜਮਾ ਲਿਆ ਹੈ। ਉਸ ਫ਼ਰਿਆਦੀ ਦੇ ਹੱਥ ਸਲਾਮਤ ਹਨ। ਉਸ ਦੀਆਂ ਉਂਗਲਾਂ ਵਿੱਚ ਗਿਰਫ਼ਤ ਜ਼ਿੰਦਾ ਹੈ। ਉਸ ਵਿੱਚ ਮੁਕਾਬਲੇ ਦੀ ਤਾਕਤ ਮੌਜੂਦ ਹੈ, ਉਹ ਚੰਗਾ ਭਲਾ ਸਾਹ ਲੈ ਰਿਹਾ ਹੈ। ਮੈਂ ਪੁੱਛਦਾ ਹਾਂ ਕਿ ਕੀ ਇਹ ਆਦਮੀ ਜ਼ਮੀਨ ਦੇ ਸੀਨੇ ਉੱਤੇ ਬਦਨੁਮਾ ਧੱਬਾ ਨਹੀਂ.. ਖੌਫ਼... ਖ਼ੌਫ਼... " ਰੱਬ ਜਾਣੇ ਇਹ ਬੇਮਾਅਨੀ ਜਿਹੀ ਚੀਜ਼ ਲੋਕਾਂ ਦੀਆਂ ਰਗਾਂ ਵਿੱਚ ਕਿਉਂ ਸਰਾਇਤ ਕਰ ਗਈ ਹੈ... ਕੀ ਕਿਹਾ ਸੀ ਤੁਸੀਂ... ਹਿੰਦੁਸਤਾਨ ਵਿੱਚ 35 ਕਰੋੜ ਬਾਸ਼ਿੰਦੇ ਆਬਾਦ ਹਨ। ਕੀ ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਟਿੱਡੀ ਦਲ ਉੱਤੇ ਕਿੰਨੇ ਲੋਕ ਹੁਕੂਮਤ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਉਂਗਲਾਂ 'ਤੇ ਗਿਣ ਸਕਦੇ ਹੋ... ਹਾਕਮ ਹਰਗਿਜ਼ ਮਲਊਨ-ਓ-ਮਤਊਨ ਨਹੀਂ ਹੋ ਸਕਦੇ। ਸਾਡਾ ਵਤਨ ਖ਼ੌਫ਼ ਵਿੱਚ ਲਿਪਟਿਆ ਹੋਇਆ ਹੈ। ਇਸ ਧੁੰਦ ਨੂੰ ਦੂਰ ਕਰ ਦਿਓ, ਫਿਰ ਤੁਹਾਨੂੰ ਹਰ ਚੀਜ਼ ਰੌਸ਼ਨ ਨਜ਼ਰ ਆਵੇਗੀ।
ਇਹ ਕਹਿ ਕੇ ਗੁਲ ਜ਼ਮਾਨ ਨੇ ਉੱਠ ਕੇ ਮੇਰੇ ਸਾਹਮਣੇ ਪਈ ਹੋਈ ਸਿਗਰਟ ਦੀ ਡੱਬੀ ਚੁੱਕੀ ਅਤੇ ਉਸ ਵਿੱਚੋਂ ਇੱਕ ਸਿਗਰਟ ਕੱਢ ਕੇ ਉਸ ਨੂੰ ਸੁਲਘਾਇਆ। ਤੀਲੀ ਦੇ ਕੰਬਦੇ ਹੋਏ ਸ਼ੋਅਲੇ ਦੀ ਸੁਰਖ਼ ਰੌਸ਼ਨੀ ਵਿੱਚ ਉਸ ਦਾ ਤਮਤਮਾਇਆ ਹੋਇਆ ਚਿਹਰਾ ਹਰ ਕਿਸਮ ਦੇ ਖ਼ੌਫ਼ ਤੇ ਦਹਿਲ ਤੋਂ ਨਿਰਲੇਪ ਜਾਪਦਾ ਸੀ।
60 / ਮੰਟੋ ਦੇ ਅਫ਼ਸਾਨੇ