ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

“ਤਾਂ ਕੀ ਹੋਇਆ... ਬਾਕੀ ਤਾਂ ਸਭ ਮੌਜੂਦ ਹਨ। ਓਏ... ਵੇਖੋ ਤਾਂ ਉਹ ਨੀਲੀ ਸਾੜ੍ਹੀ ਵਿੱਚ ਕੌਣ ਹੈ? ਸ਼ੂ ਸ਼ੂ।” ਮੈਂ ਅੱਬਾਸ ਦਾ ਹੱਥ ਦਬਾਇਆ। ਅੱਬਾਸ ਨੇ ਗ਼ੌਰ ਨਾਲ਼ ਵੇਖਿਆ, “ਨੀਲੀ ਸਾੜ੍ਹੀ ਵਿੱਚ...” ਇਹ ਕਹਿ ਕੇ ਉਸਨੇ ਆਪਣੇ ਖ਼ਾਸ ਅੰਦਾਜ਼ ਵਿੱਚ ਮੇਰੇ ਵੱਲ ਕਹਿਰ ਭਰੀਆਂ ਨਿਗਾਹਾਂ ਨਾਲ਼ ਵੇਖ ਕੇ ਕਿਹਾ, “ਇਲਾਜ ਕਰਾਓ ਆਪਣੀਆਂ ਅੱਖਾਂ ਦਾ, ਚੁਗ਼ਦ ਕਿਤੋਂ ਦੇ, ਇਹ ਸ਼ੂ ਸ਼ੂ ਹੈ?”

“ਕਿਉਂ ਉਹ ਨਹੀਂ ਹੈ ਕੀ?” ਮੈਂ ਫਿਰ ਨੀਲੀ ਸਾੜ੍ਹੀ ਵੱਲ ਗ਼ੌਰ ਨਾਲ਼ ਵੇਖਿਆ ਅਤੇ ਅਜਿਹਾ ਕਰਦੇ ਹੋਏ ਮੇਰੀਆਂ ਨਜ਼ਰਾਂ ਅਚਾਨਕ ਉਸ ਕੁੜੀ ਦੀਆਂ ਨਿਗਾਹਾਂ ਨਾਲ਼ ਟਕਰਾਈਆਂ, ਕੁਝ ਇਸ ਤੌਰ 'ਤੇ ਕਿ ਉਸ ਨੂੰ ਇੱਕ ਧੱਕਾ ਜਿਹਾ ਲੱਗਾ। ਉਹ ਸੰਭਲੀ ਅਤੇ ਫ਼ੌਰਨ ਮੂੰਹੋਂ ਲਾਲ ਜੀਭ ਕੱਢ ਕੇ ਮੇਰਾ ਮੂੰਹ ਚਿੜਾਇਆ। ਆਪਣੀ ਸਹੇਲੀ ਦੇ ਕੰਨ ਵਿੱਚ ਕੁਝ ਕਿਹਾ, ਉਸ ਸਹੇਲੀ ਨੇ ਕਨੱਖੀਆਂ ਨਾਲ਼ ਮੇਰੇ ਵੱਲ ਵੇਖਿਆ... ਮੇਰੇ ਮੱਥੇ 'ਤੇ ਮੁੜ੍ਹਕਾ ਆ ਗਿਆ।

ਅੱਬਾਸ ਨੇ ਜੋ ਆਪਣੀ ਤਸੱਲੀ ਕਰਨ ਲਈ ਇੱਕ ਵਾਰ ਫਿਰ ਉਸ ਵੱਲ ਵੇਖ ਰਿਹਾ ਸੀ, ਬੁਲੰਦ ਆਵਾਜ਼ ਵਿੱਚ ਕਿਹਾ, “ਬ-ਖ਼ੁਦਾ ਤੁਸੀਂ ਉਸਦੀ ਤੌਹੀਨ ਕਰ ਰਹੇ ਹੋ... ਗਧੇ ਕਿਤੋਂ ਦੇ। ਔਰਤ ਦੇ ਮਾਮਲੇ ਵਿੱਚ ਨਿਰੇ ਅਹਿਮਕ ਹੋ, ਲੱਕੜ ਦੀ ਕੋਈ ਪੁਤਲੀ ਨੀਲੇ ਰੰਗ ਵਿੱਚ ਲਪੇਟ ਲਪਾਟ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਵੇ। ਤੁਸੀਂ ਉਸੇ ਦੀਆਂ ਬਲਾਆਂ ਲੈਣੀਆਂ ਸ਼ੁਰੂ ਕਰ ਦਵੋਗੇ।”

ਇਹ ਸ਼ਬਦ ਇੰਨੀ ਉੱਚੀ ਆਵਾਜ਼ ਵਿੱਚ ਬੋਲੇ ਗਏ ਸਨ ਕਿ ਉਸ ਨੀਲੀ ਸਾੜ੍ਹੀ ਵਾਲ਼ੀ ਨੇ ਸੁਣ ਲਈ। ਜਦੋਂ ਉਹ ਸਾਡੇ ਕੋਲੋਂ ਲੰਘਣ ਲੱਗੀ ਤਾਂ ਖ਼ੁਦਬਖੁਦ ਠਿਠਕ ਗਈ। ਇੱਕ ਪਲ ਲਈ ਉਸਦੇ ਕਦਮ ਰੁਕੇ। ਭਾਵ ਸਾਡੇ ਵਿੱਚੋਂ ਕਿਸੇ ਨੇ ਉਹਨੂੰ ਮੁਖ਼ਾਤਿਬ ਕੀਤਾ ਹੈ। ਫਿਰ ਫ਼ੌਰਨ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਇਸ ਅਹਿਸਾਸ ਦੀ ਪੈਦਾ ਕੀਤੀ ਹੋਈ ਸ਼ਰਮਿੰਦਗੀ ਦੂਰ ਕਰਨ ਲਈ ਉਸਨੇ ਉਂਝ ਹੀ ਪਿੱਛੇ ਮੁੜ ਕੇ ਵੇਖਿਆ ਅਤੇ ਕਿਹਾ, “ਅਰੇ... ਅਮੀਨਾ ਤੂੰ ਕਿੱਥੇ ਉੱਡ ਗਈ?”

ਮੈਨੂੰ ਮੌਕਾ ਮਿਲ਼ਿਆ। ਮੈਂ ਝੱਟ ਅੱਬਾਸ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਅਤੇ ਉਸਨੂੰ ਚੰਗੀ ਤਰ੍ਹਾਂ ਦਬਾ ਕੇ ਉਸ ਨੂੰ ਕਿਹਾ, “ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹਾਸਿਲ ਹੋਈ। ਪਰ ਮੇਰਾ ਨਾਮ ਮੁਹੰਮਦ ਅਮੀਨ ਹੈ... ਮੈਨੂੰ ਨੀਲਕੰਠ ਵੀ ਕਹਿੰਦੇ ਹਨ।”

ਜਲ ਹੀ ਤਾਂ ਗਈ, ਪਰ ਅਸੀਂ ਹੋਠਾਂ ਵਿਚ ਮੁਸਕਰਾਉਂਦੇ ਅੱਗੇ ਵਧ ਗਏ। ਕੁਝ ਹੀ ਕਦਮ ਚੱਲੇ ਹੋਵਾਂਗੇ ਕਿ ਅੱਬਾਸ ਨੇ ਬੇਚੈਨੀ ਭਰੇ ਲਹਿਜੇ ਵਿੱਚ ਕਿਹਾ, “ਸ਼ੂ ਸ਼ੂ ਅਜੇ ਤੱਕ ਨਹੀਂ ਆਈ।”

“ਤਾਂ ਮੈਂ ਕੀ ਕਰਾਂ,.. ਮੇਰੇ ਸਿਰ 'ਤੇ ਨਮਦਾ ਬੰਨ੍ਹ ਦਿਓ ਤਾਂ ਮੈਂ ਹੁਣੇ ਸਰਕਾਰ ਲਈ ਉਸਨੂੰ ਤਲਾਸ਼ ਕਰਕੇ ਲੈ ਆਉਂਦਾ ਹਾਂ। ਆਖ਼ਰ ਇਹ ਕੀ ਹਿਮਾਕਤ ਹੈ ਭਈ, ਤੁਸੀਂ ਤਮਾਸ਼ਾ ਵੀ ਦੇਖਣ ਦਵੋਗੇ ਜਾਂ ਕਿ ਨਹੀਂ? ਅਤੇ ਫਿਰ ਜਨਾਬ ਇਹ ਤਾਂ ਦੱਸੋ, ਜੇਕਰ ਉਹ ਇੱਥੇ ਮੌਜੂਦ ਵੀ ਹੋਵੇ ਤਾਂ ਤੁਸੀਂ ਉਸ ਨਾਲ਼ ਮੁਲਾਕਾਤ ਕਿਵੇਂ ਕਰ ਸਕਦੇ ਹੋ... ਤੁਸੀਂ ਕੋਈ ਅਮਰੀਕੀ ਨਾਵਲ ਨਹੀਂ ਪੜ੍ਹ ਰਹੇ, ਕੋਈ ਸੁਪਨਾ ਤਾਂ ਨਹੀਂ ਵੇਖ ਰਹੇ!"

70 / ਮੰਟੋ ਦੇ ਅਫ਼ਸਾਨੇ